ਗਰਬ ਗੰਜਨੀ

ਭਗਤ ਸਿੰਘ ਦੀ ਸੋਚ

ਕਨਵਰ ਅਜੀਤ ਸਿੰਘ

ਚਾਲੀ ਮੁਕਤਿਆਂ ਦਾ ਸ਼ਹੀਦੀ ਦਿਹਾੜਾ ਤਾਂ ਵੈਸੇ ਹਰ ਸਾਲ ਸੰਗਤਾਂ ਮਨਾਉਦੀਆਂ ਹਨ ਪਰ 2005 ਵਿਚ ਇਹ ਸ਼ਹੀਦੀ ਸਮਾਗਮ ਵਿਲੱਖਣ ਤੌਰ ’ਤੇ ਮਨਾਇਆ ਗਿਆ। ਪਹਿਲੀ ਗੱਲ ਤਾਂ ਇਹ ਕਿ ਜਿਸ ਦਿਨ ਇਹ ਸਾਕਾ 400 ਸਾਲ ਪਹਿਲਾਂ ਹੋਇਆ ਉਸੇ ਦਿਨ ਭਾਵ, 4, 5 ਮਈ ਨੂੰ ਮਨਾਇਆ ਗਿਆ। ਜਦਕਿ ਰਵਾਇਤ ਅਨੁਸਾਰ ਮਾਘੀ ਨੂੰ ਮਨਾਇਆ ਜਾਂਦਾ ਹੈ।

ਦੂਸਰੀ ਗੱਲ ਇਹ ਕਿ ਘਟਨਾ ਦੀ ਚੌਥੀ ਸ਼ਤਾਬਦੀ ਹੋਣ ਕਾਰਨ ਸਰਕਾਰੀ ਤੌਰ ’ਤੇ ਪੂਰੀ ਤਨ ਦੇਹੀ ਨਾਲ ਸ਼ਮੂਲੀਅਤ ਦੇਖੀ ਗਈ। ਚੌਥੀ ਸ਼ਤਾਬਦੀ ਦੇ ਸਬੰਧ ਵਿਚ ਮੁਕਤਸਰ ਸਾਹਿਬ ‘‘ਮੁਕਤਾ ਮੀਨਾਰ’’ ਰੂਪ ਉਚਾ ਖੰਡਾ ਬਣਾਇਆ ਗਿਆ ਜਿਸ ਦੇ ਆਲੇ-ਦੁਆਲੇ ਬਣਾਏ ਚਾਲੀ ਚੱਕਰ ਮੁਕਤਿਆਂ ਦੀ ਪ੍ਰਤੀਨਿਧਤਾ ਦਰਸਾਉਦੇ ਸਨ। ਸਰਕਾਰੀ ਤੌਰ ’ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਕਵੀ ਦਰਬਾਰ ਕਰਵਾਇਆ ਗਿਆ, ਸੈਮੀਨਾਰ, ਗੋਸ਼ਟੀਆਂ ਅਤੇ ਨਾਟਕ ਕਰਵਾਏ ਗਏ। ਇੰਨੀ ਵੱਡੀ ਪੱਧਰ ਦੇ ਸਮਾਗਮ ਵਿਚ ਅਖੌਤੀ ਪੰਥਕ ਲੀਡਰ ਅਤੇ ਨੀਲੀਆਂ ਪੱਗਾਂ ਦੀ ਅਣਹੋਂਦ ਅੱਖਾਂ ਨੂੰ ਰੜਕਦੀ ਰਹੀ।

ਸਰਕਾਰ ਨੇ ਤਾਂ ਪੈਸਾ ਹੀ ਦੇਣਾ ਸੀ, ਸੋ ਪੂਰਾ ਦਿਲ ਖੋਲ੍ਹ ਕੇ ਖਰਚ ਕੀਤਾ ਗਿਆ। ਜਨਤਾ ਨੂੰ ਕੀ ਸੰਦੇਸ਼ ਦੇਣਾ ਹੈ ਇਹ ਪ੍ਰਬੰਧਕਾਂ ’ਤੇ ਨਿਰਭਰ ਕਰਦਾ ਹੈ, ਇਸ ਲਈ ਪ੍ਰਬੰਧਕਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਸਰਕਾਰੀ ਖਰਚੇ ’ਤੇ ਚਾਲੀ ਮੁਕਤਿਆਂ, ਮਾਈ ਭਾਗੋ ਜਾਂ ਦਸ਼ਮੇਸ਼ ਪਿਤਾ ਦੀ ਵਿਚਾਰਧਾਰਾ ਨੂੰ ਦਰ ਕਿਨਾਰ ਕਰ ਕੇ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੱਤੀ।

ਸੈਮੀਨਾਰ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਦਿੱਲੀ ਤੋਂ ਉਹੀ ਵਕਤੇ ਬੁਲਾਏ ਗਏ ਜੋ ਪ੍ਰਬੰਧਕਾਂ ਦੀ ਸੋਚ ਦੇ ਹਾਮੀ ਸਨ। ਕੁਝ ਕੁ ਦਾੜ੍ਹੀਆਂ ਕੱਟੀਆਂ ਹੋਈਆਂ ਵਾਲੇ, ਕੁਝ ਖੁੱਲ੍ਹੀਆਂ ਦਾੜ੍ਹੀਆਂ ਵਾਲੇ, ਜਿਨ੍ਹਾਂ ਨੂੰ ਅੱਜ ਤੋਂ ਕਾਫ਼ੀ ਦੇਰ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਪਰਾਲੇ ਸਦਕਾ ਉਨ੍ਹਾਂ ਦੀਆਂ ਲਿਖਤਾਂ ਕਾਰਨ (ਗੁਰਬਾਣੀ ਅੱਜ ਦੇ ਯੁੱਗ ਲਈ ਰੈਲੇਵੈਂਟ ਨਹੀਂ) ਅਕਾਲ ਤਖ਼ਤ ਤੇ ਤਲਬ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਪਣੇ ਹਰ ਇਕ ਨੁਕਤੇ ’ਤੇ ਮੁਆਫ਼ੀ ਮੰਗਣੀ ਪਈ।

ਸੈਮੀਨਾਰ ਹਾਲ ਵਿਚ ਤਕਰੀਬਨ ਦੋ ਸੌ ਸਕੂਲੀ ਵਿਦਿਆਰਥੀ ਹਾਜ਼ਰ ਸਨ ਜੋ ਸਭ ਮੋਨੇ ਸਨ। ਸਟੇਜ ਸੰਚਾਲਕ ਸ੍ਰੀ ਓਮ ਪ੍ਰਕਾਸ਼ ਗਾਸੋ ਜੀ ਬੜੀ ਮਿੱਠੀ ਜ਼ੁਬਾਨ ਵਿਚ ਵਾਰ-ਵਾਰ ਰਾਜੇ ਬੇਟੇ ਨਾਲ ਬੱਚਿਆਂ ਨੂੰ ਸੰਬੋਧਨ ਕਰਦੇ ਸੀ ਸਾਰੇ ਸਮੇਂ ਵਿਚ ਇਕ ਵਾਰ ਭੀ ਖਾਲਸਾਈ ਆਦਰਸ਼ ਨਾਲ ਬੱਚਿਆਂ ਦੀ ਸਾਂਝ ਪੁਆਉਣ ਦੀ ਖੇਚਲ ਨਹੀਂ ਕਰ ਸੱਕੇ। ਬਾਕੀ ਵਕਤੇ ਭੀ ਆਪਣੀ ਲੱਛੇਦਾਰ ਤਲਿਸਮੀ ਭਾਸ਼ਾ ਵਿਚ ਬੱਚਿਆਂ ਦੀ ਮਾਨਸਿਕਤਾ ਅਨੁਸਾਰ ਕੋਈ ਗੱਲ ਨਹੀਂ ਕਰ ਸਕੇ ਜਿਸ ਨਾਲ ਬੱਚਿਆਂ ਦੇ ਮਨਾਂ ਵਿਚ ਖਾਲਸਾਈ ਸਪਿਰਟ ਪੈਦਾ ਹੋ ਸਕਦੀ।

ਬਦਕਿਸਮਤੀ ਨਾਲ, ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਕੁਲਬੀਰ ਸਿੰਘ ਸਿੱਧੂ ਆਈ. ਏ. ਐਸ. ਨੇ ਪ੍ਰਬੰਧਕਾਂ ਤੋਂ ਬਾਹਰ ਜਾ ਕੇ ਆਪਣੇ ਤੌਰ ’ਤੇ, ਮਾਈ ਭਾਗੋ ਬਿ੍ਰਗੇਡ ਦੀ ਸੰਸਥਾ ਨੂੰ ਭੀ ਇਤਿਹਾਸਕ ਚਿੱਤਰਾਂ ਦੀ ਨੁਮਾਇਸ਼ ਲਗਾਉਣ ਅਤੇ ਇਤਿਹਾਸਕ ਫਿਲਮ ਦਿਖਾਉਣ ਲਈ ਨਿਮੰਤਰਤ ਕੀਤਾ ਹੋਇਆ ਸੀ। ਸੰਸਥਾ ਦੀ ਮੁਖੀ ਡਾ. ਕੁਲਵੰਤ ਕੌਰ ਨੇ ਜਦ ਆਪਣੇ ਭਾਸ਼ਣ ਵਿਚ ਇਹ ਉਲਾਂਭਾ ਦਿੱਤਾ ਕਿ ਚਾਲੀ ਮੁਕਤਿਆਂ ਨਾਲ ਸਬੰਧਤ ਮਾਈ ਭਾਗੋ ਦੀ ਯਾਦ ਦੇ ਸਮਾਗਮ ਵਿਚ ਕੋਈ ਇਸਤਰੀ ਵਕਤਾ ਕਿਉ ਨਹੀਂ ਬੁਲਾਈ ਗਈ ਤਾਂ ਪ੍ਰਬੰਧਕ ਤ੍ਰਭਕ ਗਏ ਅਤੇ ਮੁਖ ਮਹਿਮਾਨ ਨੂੰ ਕਹਿਣਾ ਪਿਆ ਕਿ ਇਹ ਸਭ ਕੁਝ ਪ੍ਰਬੰਧਕਾਂ ਨੇ ਮੇਰੀ ਸਲਾਹ ਲਏ ਬਗੈਰ ਆਪਣੇ ਤੌਰ ’ਤੇ ਕੀਤਾ ਹੈ।

ਸ਼ਾਮ ਨੂੰ ਚਾਲੀ ਮੁਕਤਿਆਂ ਦੀ ਯਾਦ ਵਿਚ ਪਹਿਲਾਂ ਨਾਟਕ ਖੇਡਿਆ ਜਾਣਾ ਸੀ ਫਿਰ ਮਾਈ ਭਾਗੋ ਬਿ੍ਰਗੇਡ ਵਲੋਂ ਫ਼ਿਲਮ ਦਿਖਾਈ ਜਾਣੀ ਸੀ। ਦਰਸ਼ਕਾਂ ਦੇ ਸਾਰੇ ਸ਼ੱਕ ਦੂਰ ਕਰਨ ਲਈ ਮੁੱਖ ਪ੍ਰਬੰਧਕ ਨੇ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪ ਹੀ ਸੱਚ ਬੋਲ ਦਿੱਤਾ ਕਿ ਮੈਂ ਅਤੇ ਮੇਰੇ ਸਾਥੀ ਪ੍ਰੀਤ ਲੜੀ (ਕਾਮਰੇਡੀ ਸੋਚ ਦਾ ਪਹਿਰੇਦਾਰ) ਦੇ ਉਪਾਸ਼ਕ ਹਨ। ਨਾਲ ਹੀ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਥੋੜ੍ਹੇ ਸਮੇਂ ਵਿਚ ਬਹੁਤ ਕੁਝ ਕਹਿ ਗਏ।

ਇਸ ਤੋਂ ਪਿਛੋਂ ਨਾਟਕ ਦੀ ਵਾਰੀ ਆਈ। ਤਕਰੀਬਨ ਅੱਸੀ ਸਾਲ ਦੇ ਸਫੈਦ ਦਾੜ੍ਹੀ, ਸਫੈਦ ਪੱਗੜੀ ਵਾਲੇ ਬਜ਼ੁਰਗ ਨੇ ਨਾਟਕ ਤੋਂ ਪਹਿਲਾਂ ਭੂਮਿਕਾ ਵਿਚ ਗੱਲ ਤਾਂ ਦਸ਼ਮੇਸ਼ ਪਿਤਾ ਤੋਂ ਸ਼ੁਰੂ ਕੀਤੀ ਪਰ ਆਪਣੀ ਉਮਰ ਅਤੇ ਲਿਆਕਤ ਦਾ ਫਾਇਦਾ ਉਠਾ ਕੇ ਗੱਲ ਭਗਤ ਸਿੰਘ ਦੀ ਸੋਚ ’ਤੇ ਲਿਆ ਖੜ੍ਹੀ ਕੀਤੀ।

ਪਹਿਲਾ ਨਾਟਕ ਇਕ, ਦੋ, ਤਿੰਨ, ਚਾਰ ਦੇ ਨਾਉ ਦਾ ਖੇਡਿਆ ਗਿਆ। ਨਾਟਕ ਦੇ ਨਾਲ ਨਾਲ ਭਾਈ ਮੰਨਾ ਸਿੰਘ ਜੀ ਕੁਮੈਂਟਰੀ ਕਰਦੇ ਗਏ ਅਤੇ ਦਰਸ਼ਕਾਂ ਨੂੰ ਮੁਕਤਸਰ ਸਾਹਿਬ ਤੋਂ ਚੁੱਕ ਕੇ ਲੈਨਿਨਗਾਰਦ ਸੁਕੇਅਰ ਪਹੁੰਚਾ ਦਿੱਤਾ। ਨਾਟਕ ਵਿਚ ਪੇਸ਼ਕਾਰ ਨੇ ਵਾਰ-ਵਾਰ ਮੁਕਾ ਚੁੱਕ ਕੇ ਕਿਹਾ ਇਕ ਦਾ ਅਰਥ ਹੈ ਸਮਾਜਿਕ ਅਨਿਆਇ ਵਿਰੁੱਧ ਜਾਗਰਤੀ, ਦੋ ਦੇ ਅਰਥ ਹਨ ਏਕਤਾ, ਤਿੰਨ ਦਾ ਅਰਥ ਹੈ ਉਦਮ ਅਤੇ ਚਾਰ ਦਾ ਮਤਲਬ ਹੈ ਬਗ਼ਾਵਤ। ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ ਸੀ ਅਤੇ ਇਹੀ ਭਗਤ ਸਿੰਘ ਦੀ ਸੋਚ ਸੀ ਅਤੇ ਅੱਜ ਅਸੀਂ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਹੈ।

ਭਾਈ ਮੰਨਾ ਸਿੰਘ ਦੀ ਉਮਰ ਅਨੁਸਾਰ, ਉਨ੍ਹਾਂ ਦੇ ਉੱਦਮ, ਉਨ੍ਹਾਂ ਦੀ ਆਪਣੀ ਵਿਚਾਰਧਾਰਾ ਲਈ ਪ੍ਰਤੀਬੱਧਤਾ, ਨਿਡਰਤਾ ਭਰੀ ਸੋਚ ਲਈ ਮੈਂ ਉਨ੍ਹਾਂ ਦੇ ਗੋਡੀਂ ਹੱਥ ਲਾ ਕੇ ਸਤਿਕਾਰ ਕੀਤਾ, ਨਾਲ ਹੀ ਮਨ ਵਿਚ ਰਸ਼ਕ ਭੀ ਆਇਆ ਕਿ ਕਾਸ਼! ਸਾਡੇ ਅਖੌਤੀ ਪੰਥਕ ਲੀਡਰਾਂ ਅੰਦਰ, ਇਸ ਤੋਂ ਪੈਸਾ ਭਰ ਭੀ ਪੰਥ ਲਈ ਦਰਦ ਹੁੰਦਾ ਤਾਂ ਅੱਜ ਪੰਥ ਦੀ ਇਹ ਹਾਲਤ ਨਾ ਹੁੰਦੀ।

ਪ੍ਰੋਗਰਾਮ ਅਨੁਸਾਰ, ਨਾਟਕ ਇਕ ਹੀ ਖੇਡਣਾ ਸੀ ਪਰ ਇਸ ਫਿਕਰ ਨਾਲ ਕਿ ਪਿਛੋਂ ਮਾਈ ਭਾਗੋ ਬਿ੍ਰਗੇਡ ਦੀ ਟੀਮ ਕੋਈ ਸਿੱਖੀ ਸੋਚ, ਦਰਸ਼ਕਾਂ ਦੇ ਮਨ ਵਿਚ ਨਾ ਬਿਠਾ ਦੇਵੇ, ਮੱਲੋ ਮਲੀ ਇਕ ਹੋਰ ਨਾਟਕ ‘‘ਪੰਜ ਕਲਿਆਣੀ’’ ਖੇਡਿਆ ਗਿਆ, ਜਿਸ ਦਾ ਮੁਕਤਿਆਂ ਦੀ ਯਾਦ ਨਾਲ ਕੋਈ ਦੂਰ ਦਾ ਭੀ ਰਿਸ਼ਤਾ ਨਹੀਂ ਸੀ। ਜਦੋਂ ਦੇਖਿਆ ਕਿ ਪਰਾਈਮ ਟਾਈਮ ਨਿਕਲ ਗਿਆ ਅਤੇ ਦਰਸ਼ਕਾਂ ਵਿਚ ਉੱਠਣ ਲਈ ਹਿਲਜੁਲ ਹੋਣ ਲੱਗ ਪਈ ਸਟੇਜ ਮਾਈ ਭਾਗੋ ਬਿ੍ਰਗੇਡ ਨੂੰ ਸੌਂਪ ਦਿੱਤੀ ਗਈ।

ਜਦ ਤੱਕ ਸਾਡਾ ਪ੍ਰੋਜੈਕਟਰ ਅਤੇ ਸਕਰੀਨ ਸੈਟ ਹੋ ਰਹੀ ਸੀ, ਮਾਈਕ ਮੈਨੂੰ ਮਿਲ ਗਿਆ। ਦਾਸ ਨੇ ਦਰਸ਼ਕਾਂ ਨੂੰ ਦੱਸਿਆ ਕਿ ਭਗਤ ਸਿੰਘ ਦੀ ਆਪਣੀ ਸੋਚ ਤਾਂ ਕੋਈ ਹੈ ਹੀ ਨਹੀਂ ਸੀ। ਉਹ ਤਾਂ ਕਾਰਲ ਮਾਰਕਸ ਦੀ ਸੋਚ ਦਾ ਮਾਲਕ ਸੀ, ਜਿਸ ਤੋਂ ਅੱਗੇ ਲੈਨਿਨਵਾਦੀ ਅਤੇ ਮਾਓਵਾਦੀ ਵਿਚਾਰਧਾਰਾ ਚਲੀਆਂ। ਲੈਨਿਨਵਾਦੀ ਵਿਚਾਰਧਾਰਾ ਤਕਰੀਬਨ ਅੱਸੀ ਸਾਲ ਪਿਛੋਂ ਆਪਣੀ ਮੌਤ ਆਪ ਹੀ ਮਰ ਗਈ। ਤਾਸ਼ ਦੇ ਪੱਤਿਆਂ ਵਾਂਗ ਸੋਵੀਅਤ ਯੂਨੀਅਨ ਦੀਆਂ ਸਟੇਟਾਂ ਬਿਖਰ ਗਈਆਂ, ਸਭ ਨੂੰ ਧਾਰਮਕ ਆਜ਼ਾਦੀ ਮਿਲ ਗਈ, ਮਸਜਿਦਾਂ ਵਿਚੋਂ ਆਜਾਨ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਅਤੇ ਗਿਰਜ ਘਰਾਂ ਵਿਚ ਘੰਟੇ ਵੱਜਣ ਲੱਗ ਪਏ। ਲੈਨਿਨਗਰਾਦ ਦਾ ਨਾਉ ਬਦਲ ਕੇ, ਪੁਰਾਣਾ ਅਸਲੀ ‘ਸੇਂਟ ਪੀਟਰਸ ਬਰਗ’ ਹੋ ਗਿਆ ਹੈ ਅਤੇ ਲੈਨਿਨ ਦਾ ਬੁੱਤ ਉਤਾਰ ਦਿੱਤਾ ਗਿਆ ਹੈ।

ਦਸ਼ਮੇਸ਼ ਪਿਤਾ ਕਹਿ ਰਹੇ ਹਨ :

ਬਿਨ ਏਕ ਭਗਤਿ ਭਗਵਾਨ, ਸਭ ਧਰਮ ਫੋਕਟ ਜਾਨ ਸਭ ਕਰਮ ਨਿਹਫਲ ਮਾਨ॥ (ਦਸਮ ਗ੍ਰੰਥ)

ਅਤੇ ਮਾਰਕਸਇਜ਼ਮ ਕਹਿੰਦਾ ਹੈ ਕਿ ਧਰਮ ਇਕ ਅਫ਼ੀਮ ਹੈ। ਫਿਰ ਭਗਤ ਸਿੰਘ ਦੀ ਸੋਚ ਦਸ਼ਮੇਸ਼ ਜੀ ਦੀ ਸੋਚ ਨਾਲ ਕਿਵੇਂ ਇਕ ਹੋਈ? ਇਸ ਪਿਛੋਂ ਮੈਂ ਦਰਸ਼ਕਾਂ ਨੂੰ ਪੁੱਛਿਆ ਕਿ ਆਪਾਂ ਸਾਰੇ ਮੁਕਤਸਰ ਦੇ ਇਤਿਹਾਸਕ ਅਸਥਾਨ ’ਤੇ ਮੁਕਤਿਆਂ ਦਾ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ, ਇਡੇ ਵੱਡੇ ਸਮਾਗਮ ਵਿਚ ਕਿਸੇ ਨੇ ‘ਮੁਕਤੇ’ ਦੀ ਪ੍ਰੀਭਾਸ਼ਾ ਜਾਂ ਗੁਰਮਤਿ ਅਨੁਸਾਰ ਮੁਕਤ ਕਿਸ ਨੂੰ ਕਹਿੰਦੇ ਹਨ ਦੱਸਣ ਦੀ ਖੇਚਲ ਕੀਤੀ? ਗੁਰਬਾਣੀ ਦੱਸ ਰਹੀ ਹੈ :

ਉਸਤਤਿ ਨਿੰਦਾ ਨਾਹਿ ਜਿਹਿ ਕੰਚਨ ਲੋਹ ਸਮਾਨਿ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥੧੪॥

ਹਰਖ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥੨੫॥

ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ॥

ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ॥੧੯॥ (ਅੰਗ ੧੪੨੬-੨੭)

ਅਤੇ ਜੇ ਏਹੀ ਗੱਲ ਨਹੀਂ ਦੱਸੀ ਗਈ ਤਾਂ ਫਿਰ ਇੰਨਾ ਪੈਸਾ ਖਰਚ ਕੇ ਇਡਾ ਵੱਡਾ ਸਮਾਗਮ ਰਚਨ ਦਾ ਕੀ ਫਾਇਦਾ ਹੈ?

ਕਲਗੀਧਰ ਪਿਤਾ ਕਹਿ ਰਹੇ ਹਨ ‘‘ਬਿਨਾਂ ਕੇਸ ਚਿਅਸਤ ਜੁਮਲਾ ਨਿਸ਼ਾਂ’’ ਭਗਤ ਸਿੰਘ ਲਈ ਕੇਸ ਵਾਧੂ ਚੀਜ਼ ਹਨ। ਭਗਤ ਸਿੰਘ ਦੀ ਮਾਨਸਿਕਤਾ ਦੀ ਅਸਲੀ ਫੋਟੋ ਸਿ. ਕਪੂਰ ਸਿੰਘ ਜੀ ਨੇ ‘‘ਸਾਚੀ ਸਾਖੀ’’ ਵਿਚ ਅਤੇ ਭਾਈ ਰਣਧੀਰ ਸਿੰਘ ਜੀ ਨੇ ‘‘ਜੇਲ੍ਹ ਚਿੱਠੀਆਂ’’ ਵਿਚ ਪਾਠਕਾਂ ਲਈ ਉਘਾੜ ਕੇ ਰੱਖ ਦਿੱਤੀ।

ਪੰਜਾਬ ਵਿਚ ਬੜੇ ਕੱਦਾਵਰ ਦੇਸ਼ ਭਗਤ ਹੋਏ ਹਨ ਜਿਨ੍ਹਾਂ ਦੀ ਤੁਲਨਾ ਵਿਚ ਭਗਤ ਸਿੰਘ ਪਾਸਕੂ ਭੀ ਨਹੀਂ ਸੀ। ਪਰ ਦੇਸ਼ ਦਿਆਂ ਲੀਡਰਾਂ ਨੇ ਕੁਟਿਲ ਨੀਤੀ ਨਾਲ ਪੰਜਾਬ ਵਿਚੋਂ ਕੇਵਲ ਦੋ ਬੰਦਿਆਂ ਨੂੰ ਹੀ ਮਾਨਤਾ ਦਿੱਤੀ। ਇਕ ਲਾਲਾ ਲਾਜਪਤ ਰਾਇ ਜੋ ਕਿ ਆਰੀਆ ਸਮਾਜੀ ਸੀ, ਦੂਸਰੇ ਭਗਤ ਸਿੰਘ ਨੂੰ, ਜਿਸ ਨੇ ਸਿੱਖੀ ਸਰੂਪ ਤਿਆਗ ਦਿੱਤਾ ਸੀ ਅਤੇ ਨਾਸਤਕ ਸੀ। ਸ੍ਰ. ਭਗਤ ਸਿੰਘ ਨੂੰ ਮਾਨਤਾ ਇਸ ਲਈ ਦਿੱਤੀ ਗਈ ਕਿ ਸਿੱਖ ਭੀ ਖੁਸ਼ ਹੋ ਜਾਣ ਅਤੇ ਕਮਿਊਨਿਸਟ ਭੀ ਖੁਸ਼ ਰਹਿਣ। ਇਸ ਤਰ੍ਹਾਂ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਅਤੇ ਲਾਲਾ ਲਾਜਪਤ ਰਾਇ ਨਾਲ ਪੰਜਾਬ ਦੇ ਆਰੀਆ ਸਮਾਜੀ ਖੁਸ਼ ਕਰ ਲਏ। ਸਿ੍ਰ. ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਲਾਲਾ ਲਾਜਪਤ ਰਾਇ ਦੀ ਅਸਲੀਅਤ ਖੋਲ੍ਹ ਦਿੱਤੀ ਹੈ ਕਿ ਲਾਲਾ ਜੀ ਹਸਪਤਾਲ ਵਿਚ ਦਿਲ ਫੇਲ੍ਹ ਹੋਣ ਨਾਲ ਮਰੇ ਸਨ ਅਤੇ ਇਸ ਦਾ ਕਾਰਨ ਵੀ ਉਨ੍ਹਾਂ ਬਿਆਨ ਕੀਤਾ ਹੈ ਅਤੇ ਭਗਤ ਸਿੰਘ ਦੀ ਮਾਨਸਿਕਤਾ ਭਾਈ ਰਣਧੀਰ ਸਿੰਘ ਨੇ ‘‘ਜੇਲ੍ਹ ਚਿੱਠੀਆਂ’’ ਵਿਚ ਦਰਸਾ ਦਿੱਤੀ। ਭਗਤ ਸਿੰਘ ਦੀ ਮਸ਼ਹੂਰੀ ਦੇਸ਼ ਭਗਤੀ ਵਾਲੀ ਘੱਟ ਹੈ ਪਰ ਨਾਸਤਕ ਟੋਲੇ ਨੇ ਉਸ ਨੂੰ ਸਿਖਰ ’ਤੇ ਪਹੁੰਚਾਇਆ ਹੈ। ਜਨਰਲ ਵੈਦਿਆਂ ਤੋਂ ਸਾਕਾ ਨੀਲਾ ਤਾਰਾ ਦਾ ਹਿਸਾਬ ਚੁਕਾਉਣ ਵਾਲੇ ਭਾਈ ਸੁੱਖਾ ਅਤੇ ਜਿੰਦਾ ਭਗਤ ਸਿੰਘ ਤੋਂ ਅੱਗੇ ਹਨ, ਜਿਨ੍ਹਾਂ ਨੇ ਸਹੀ ਚੋਣ ਕੀਤੀ। ਜਦਕਿ ਭਗਤ ਸਿੰਘ ਨੇ ਇਕ ਨਿਰਦੋਸ਼ ਪੁਲਿਸ ਆਫ਼ੀਸਰ ਮਿ. ਸਾਂਡਰਸ ਅਤੇ ਉਸ ਦੇ ਅੰਮਿ੍ਰਤਧਾਰੀ ਸਿੰਖ ਅਰਦਲੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਨਾਸਤਕ ਟੋਲਾ ਜੋ ਮਰਜ਼ੀ ਕਹੇ ਪਰ ਹਕੀਕਤ ਇਹੀ ਹੈ। ਵਿਚਾਰੇ ਕੀ ਕਰਨ! ਲੈ ਦੇ ਕੇ ਇਨ੍ਹਾਂ  ਕੋਲ ਕੇਵਲ ਭਗਤ ਸਿੰਘ ਹੀ ਹੈ ਜਦਕਿ ਖਾਲਸਾ ਪੰਥ ਕੋਲ ਅਨੇਕਾਂ ਇਸ ਤੋਂ ਵੱਧ ਜੁਝਾਰੂ ਸਿੱਖ ਪਏ ਹਨ।

ਜੇ ਕਾਮਰੇਡ ਇਕ, ਦੋ, ਤਿੰਨ, ਚਾਰ ਕਹਿਣ ਤਾਂ ਮਾਨਵਵਾਦੀ ਹਨ ਪਰ ਜੇ ਕੋਈ ਗੁਰੂ ਦਾ ਸਿੰਘ ਕਹੇ ਤਾਂ ਕਾਮਰੇਡੀ ਡਿਕਸ਼ਨਰੀ ਉਸ ਨੂੰ, ਅਤਿਵਾਦੀ, ਵੱਖਵਾਦੀ, ਕੱਟੜਵਾਦੀ ਅਤੇ ਦੇਸ਼ ਧਰੋਹੀ ਗਰਦਾਨਦੀ ਹੈ। ਜੇ ਲਾਲ ਝੰਡੇ ਦੇ ਪੁਜਾਰੀ ਨਾਲ ਸਮਾਜਿਕ ਅਨਿਆਇ ਹੋਵੇ ਤਾਂ ਅਨਿਆਏ ਹੈ, ਵੀਹ ਹਜ਼ਾਰ ਸਿੱਖ ਨੌ ਜੁਆਨੀ ਲਾਵਾਰਿਸ ਕਹਿ ਕੇ ਮਿੱਟੀ ਵਿਚ ਮਿਲਾ ਦਿੱਤੀ ਜਾਵੇ ਤਾਂ ਕੋਈ ਖਾਸ ਗੱਲ ਨਹੀਂ। ਖਰੀਆਂ-ਖਰੀਆਂ ਸੁਣ ਕੇ ਦਰਸ਼ਕਾਂ ਵਿਚੋਂ ਇਕ ਦੋ ਆਵਾਜ਼ਾਂ ਉਚੀਆਂ ਹੋਈਆਂ ਫਿਰ ਮੈਨੂੰ ਕਹਿਣਾ ਪਿਆ ਕਿ ਦਰਸ਼ਕਾਂ ਵਿਚੋਂ ਕੋਈ ਹੈ ਜਿਸ ਨੇ ਗੁਰੂ ਦਾ ਲੰਗਰ ਨਾ ਖਾਧਾ ਹੋਵੇ? ਇਸ ਲਈ ਨਮਕ ਹਰਾਮ ਨਾ ਬਣੋ ਅਤੇ ਸੱਚ ਸੁਣਨ ਦੀ ਸਮਰੱਥਾ ਰੱਖੋ। 

ਇਹ ਕੂੜ ਪ੍ਰਚਾਰ ਕਾਮਰੇਡ ਲਗਾਤਾਰ ਪਿਛਲੇ ਸੱਤਰ-ਅੱਸੀ ਸਾਲ ਤੋਂ ਲਗਾਤਾਰ ਕਰਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।

ਦੇਸੀ ਭਾਸ਼ਾ ਵਿਚ ਇਸ ਨੂੰ ਕਹਿੰਦੇ ਹਨ;

‘‘ਬਰਾਤ ਕਿਸੇ ਦੀ ਅਤੇ ਘੋੜੀਆਂ ਕਿਸੇ ਹਰੋਂ ਦੇ ਨਾਉ ਦੀਆਂ’’ ਇਹ ਕਾਮਰੇਡੀ ਕਮਾਲ ਹੈ।

ਕਨਵਰ ਅਜੀਤ ਸਿੰਘ