ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਜਯ ਗੁਰ ਨਾਨਕ, ਜਯ ਗੁਰ ਨਾਨਕ ਜਯ
ਜਯ ਦੁਖ ਹਰਨੈਂ, ਜਯ ਸੁਖ ਕਰਨੈਂ
ਬੰਧਨ ਹਰਨੈਂ, ਜਯ ਤੈਨੂੰ !
ਹਰੇ ਕਰੇਨੈਂ, ਸੁੱਕੇ ਕਾਠਾਂ,
ਸਖਣੇ ਭਰਨੈਂ, ਜਯ ਤੈਨੂੰ ! ਜਯ ਗੁਰ…. l
ਜਗਤ ਜਲੰਦੇ ਨੂੰ ਤੂੰ ਰਖਿਆ,
ਰੱਖੀ ਰੁੜਦੀ ਜਾਂਦੀ ਤੂੰ,
ਘਰ ਘਰ ਦਰ ਦਰ ਫਿਰ ਫਿਰ ਰਖਿਆ,
ਅਪਣੇ ਕੀਤੇ ਪਾਂਦੀ ਨੂੰ । ਜਯ ਗੁਰ…. I
ਦੁਸ਼ਟ ਉਬਾਰੇ, ਕੁਸ਼ਟੀ ਤਾਰੇ,
ਰਾਖਸ਼ ਬੀ ਨਿਸਤਾਰੇ ਤੂੰ,
ਗਰਤ ਘੋਰ ਅੰਧ ਤੋਂ ਕੱਢੇ
ਪਾਪੀ ਭਾਰੇ ਭਾਰੇ ਤੂੰ ! ਜਯ ਗੁਰ…. I
ਜਯਤਿ ਜਯਤਿ ਗੁਰ ਨਾਨਕ ਤੈਨੂੰ,
ਸਤ ਫਕੀਰ ਉਧਾਰੇ ਤੂੰ,
ਤੈਨੂੰ ! ਜਯ ਹੋ ਜਯ ਹੋ ਜਯ ਤੈਨੂੰ ! ਟੇਕ I
ਅਟਕੇ ਖਲੇ ਰਸਤਿਆਂ ਉੱਤੇ,
ਮਜ਼ਲ ਪੁਚਾਏ ਸਾਰੇ ਤੂੰ ! ਜਯ ਗੁਰ….. I
ਨਦੀ ਚੜ੍ਹੀ ਚੜ੍ਹ ਤਾਰੂ ਹੋਈ,
ਤੱਕਾਂ, ਕੂਕ ਪੁਕਾਰਾਂ – ‘ਤੂੰ’
ਸ਼ੂਕੇ ਨਦੀ, ਕੂਕ ਨੂੰ ਡੋਬੇ,
ਤਾਂ ਬੀ ਵਾਜਾਂ ਮਾਰਾਂ–‘ਤੂੰ’ ਜਯ ਗੁਰ…. I
ਮੇਰੀ ਕੂਕ ਸੁਣੀਂ ਗੁਰ ਨਾਨਕ !
ਸਹਸ ਸ਼੍ਰਵਣ ਦਾ ਧਾਰੀ ਤੂੰ,
‘ਨਾਥ ਅਨਾਥਾਂ ਬਾਣ ਧੁਰਾਂ ਦੀ’,
ਇਹ ਅਨਾਥ ਬੀ ਤਾਰੀ ਤੂੰ ! ਜਯ ਗੁਰ….. I
ਆਪੇ ਤ੍ਰਠਣ ਵਾਲਿਆ ਸਾਂਈਆਂ !
ਆਕੇ ਅੱਜ ਅਚਾਨਕ ਤੂੰ,
ਚਰਨ ਸ਼ਰਨ ਵਿਚ ਲੈ ਲੈ ਮੈਨੂੰ
ਸ਼ਰਨ ਪਾਲ ਗੁਰ ਨਾਨਕ ਤੂੰ ! ਜਯ ਗੁਰ…. I