ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਪਾਠਕ ਹੈਰਾਨ ਹੋਣਗੇ ਕਿ ਗੁਰ ਨਾਨਕ ਦੇਵ ਜੀ ਦਾ ਜ਼ਿਕਰ ਸ਼ਾਇਰਾਂ ਵਿਚ ! ਪਰ ਸ੍ਰੀ ਗੁਰ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨਾਲ ‘ਸ਼ਾਇਰ’ ਪਦ ਬੀ ਲਿਖਿਆ ਹੈ । ਯਥਾ ‘ਨਾਨਕ ਸ਼ਾਇਰ ਏਵ ਕਹਤ ਹੈ ।’ ਫਕੀਰ ਸੁਰਤ ਤੇ ਕਵੀ ਦੀ ਸੁਰਤ ਬਾਜ਼ੇ ਵਲੇ ਇਕ ਦਰਵਾਜ਼ ਤੇ ਜਾ ਦਸਤਕ ( ਠੁਹਕਰ ) ਦੇਂਦ਼ੀਆਂ ਹਨ । ਕਵੀ ਦੀ ਉਡਾਰੀ ਕਦੇ ਕਦਾਈਂ ਤੇ ਬੇਵਸੀ ਹੁੰਦੀ ਹੈ, ਫਕੀਰ ਦੀ ਉਡਾਰੀ ਗਿੱਝੀ ਹੋਈ ਤੇ ਅਕਸਰ ਲਗਾਤਾਰੀ ਦੇ ਕ੍ਰਿਸਮਿਆਂ ਵਾਲੀ ਹੁੰਦੀ ਹੈ, ਪਰ ‘ਅਰਸ਼ੀ ਗੁਰੂ’ ਦੀ ਉਡਾਰੀ ਲਗਾਤਾਰ ਹੈ । ਗੁਰ ਨਾਨਕ ਨੇ ਨਿਜ ਨੂੰ ‘ਸ਼ਾਇਰ’ ਇਸੇ ਤਰ੍ਹਾਂ ਕਿਹਾ ਹੈ ਜਿਕੂੰ ਢਾਢੀ’ ਕਿਹਾ ਹੈ । ਕਵਿਤਾ ਅਰ ਸੰਗੀਤ ਦੁਹਾਂ ਸੂਖਮ ਰਸਾਂ ਵਿਚ ਗੁਰ ਨਾਨਕ ਦੀ ਗੰਮਤਾ ਇਨਸਾਨੀ ਨੁਕਤੇ ਤੋਂ ਕਮਾਲ ਰੱਖਦੀ ਸੀ । ਉਹਨਾਂ ਦੀ ਸਾਰੀ ਬਾਣੀ ਰਾਗ ਵਿਚ ਹੈ, ਮਰਦਾਨੇ ਦਾ ਨਾਲ ਰਹਿਣਾ, ਛੇ ਤਾਰਾ ਰਬਾਬ ਆਪਣੀ ਮਨ-ਮੰਨੀ ਕਾਢ ਦਾ ਇਕ ਨਵੀਂ ਤਰਜ਼ ਦਾ ਬਨਾਉਣਾ ਉਹਨਾਂ ਦੇ ਇਸ ਕਮਾਲ ਦੀ ਸਾਖ ਹੈ । ਉਨ੍ਹਾਂ ਨੂੰ ਖਾਸ ਪਿਆਰ ਆਸਾ ਰਾਗਣੀ ਨਾਲ ਸੀ, ਜਿਸ ਵਿਚ ਓਹਨਾਂ ਦੀ ਬਾਣੀ ਸਭ ਤੋਂ ਵਧੀਕ ਹੈ ਤੇ ਕਾਰਣ ਇਹ ਹੈ ਕਿ ਉਹ ਅੰਮ੍ਰਿਤ ਵੇਲੇ ਦੇ ਰਸੀਏ ਸੇ ਤੇ ਆਸਾ ਅੰਮ੍ਰਿਤ ਵੇਲੇ ਦਾ ਰਾਗ ਰਚਿਆ* I ਸੋ ਆਪਣੀ ਸੁਰਤ ਨੂੰ ਹਰ ਵੇਲੇ ਅਨੰਤ ਵਿਚ ਰੱਖਣ ਵਿਚ ਜਦੋਂ ਓਹਨਾਂ ਦੇ ਅੰਦਰ ਸੰਗੀਤਕ ਲਹਿਰਾਉ ਪੈਦਾ ਹੁੰਦੇ ਸਨ ਤੇ ਓਹ ਉਸ ਰਸ ਵਿਚ ਕੀਰਤਨ ਕਰਦੇ ਸਨ ਤਦੋਂ ਉਸ ਬੇਅੰਤ ਦੇ ਦਰਵਾਜ਼ੇ ਨਿਜ ਨੂੰ ‘ਢਾਢੀ’ ਪ੍ਰਤੀਤ ਕਰਕੇ ਭਗਤੀ ਦੇ ਰਸ ਵਿਚ ਬਹੁਤੇ ਝੂੰਮਦੇ ਸਨ । ਇਸੀ ਤਰ੍ਹਾਂ ਜਦੋਂ ਓਹਨਾਂ ਦੇ ਅੰਦਰ ਉਸ ਬੇਅੰਤ ਲਈ ‘ਅਕਹਿ’ ਪਰ ਕਹਿਣ ਤੋਂ ਨਾ ਰੁਕਣ ਵਾਲੇ’ ਵਲਵਲੇ ਪੈਦਾ ਹੁੰਦੇ ਸਨ, ਤਦੋਂ ਓਹ ਰਚਨਾ ਰਚਿਆ ਕਰਦੇ ਸਨ, ਅਰ ਉਸ ਰਸ ਵੇਲੇ ਨਿਜ ਨੂੰ ਗ੍ਰੀਬ ਸਾਇਰ, ਬੇਅੰਤ ਦੀ ਸਿਫਤ ਸਲਾਹ ਰਚਨ ਵਾਲਾ ਪ੍ਰਤੀਤ ਕਰਕੇ ਭਗਤੀ ਨਿੰਮ੍ਰਤਾ ਤੇ ਉੱਚੇ ਵਲਵਲੇ ਵਾਲੇ ਰੰਗ ਦਾ ਸੁਖ ਮਾਣਦੇ ਸਨ✝ ।
ਕਵਿਤਾ ਉਹ ਸ਼ੈ ਹੈ ਜਿਸ ਵਿਚ ਇਨਸਾਨ ਅਪਣੇ ਅਕਹਿ ਵਲਵਲ ਇਸ ਤਰ੍ਹਾਂ ਕਹਿਂਦਾ ਹੈ ਕਿ ਉਹਨਾਂ ਦਾ ਟੀਕਾ ਨਹੀਂ, ਪਰ ਉਹਨਾਂ ਦੀ ਅਨੁਭਵਤਾ ਪੜ੍ਹਨ ਸੁਣਨ ਵਾਲੇ ਦੇ ਅੰਦਰ ਉਸੇ ਤਰ੍ਹਾਂ ਅਕਹਿ ਤੇ ਰਸਦਾਰ ਵਲਵਲੇ ਪੈਦਾ ਕਰ ਦਿੰਦੀ ਹੈ, ਜਿਸ ਤਰ੍ਹਾਂ ਕਿ ਕਵੀ ਦੇ ਅੰਦਰ ਕਵਿਤਾ ਵੇਲੇ ਪੈਦਾ ਹੋਏ ਸਨ । ਕਵਿਤਾ ਅਨੰਤ ਦੇ ਦਰਵਾਜ਼ੇ ਸੁਰਤ ਦਾ ਸਜਦਾ ਕਰਨ ਵੇਲੇ ਜੋ ਦਿਮਾਗ਼ ਵਿਚ ਥਰਾਟ ਪੈਦਾ ਹੁੰਦੀ ਹੈ ਉਸ ਦਾ ਨਾਮ ਹੈ । ਸੋ ਕਵੀ ਫਕੀਰ ਹੈ, ਕਵੀ ਪੈਗ਼ੰਬਰ ਹੈ, ਅਰ ਪੈਗ਼ੰਬਰ ਕਵੀ ਹੈ ।
ਸੰਸਾਰ ਦੇ ਕਵੀਆਂ ਨੇ ਕਦੇ ਸੁੰਦਰੀ ਦੇ ਵਿਯੋਗ ਵਿਚ, ਕਦੇ ਪ੍ਰੀਤਮ ਦੇ ਬਿਹਰ ਵਿਚ, ਕਦੇ ਸੁੰਦਰਤਾ ਦੇ ਝਲਕੇ ਵਿਚ ਕਦੇ ਕੁਦਰਤ ਤੋਂ ਉਦੀਪਨ ਹੋਏ ਵਲਵਲੇ ਵਿਚ, ਕਦੇ ਅਪੂਰਣ ਹਸਰਤਾਂ ਵਿਚ, ਕਦੇ ਭਗਤੀ ਦੇ ਤਰੰਗ ਵਿਚ, ਕਦੇ ਅਨਿਸਥਿਤਰਾ ਦੇ ਵੈਰਾਗ ਵਿਚ ਕਦੇ ਅਮਰ ਜੀਵਨ ਦੀ ਅਭਿਲਾਖਾ ਵਿਚ, ਕਦੇ ਵਿਸਮਾਦ ਵਿਚ, ਸੂਖਮ ਤੋਂ ਸੂਖਮ ਦਿਲੀ ਭਾਵਾਂ ਨੂੰ ਗੁੰਦਿਆ ਹੈ । ਪਰ ਸਾਰੇ ਸੰਸਾਰ ਦੀ ਕਵਿਤਾ ਵਿਚ, ਕਾਲੀ ਦਾਸ ਦੀ ਸ਼ੁਕੁੰਲਤਾ ਦੇ ਬੇਨਜ਼ੀਰ ਭਾਵਾਂ ਵਿਚ, ਸ਼ੈਕ – ਸਪੀਅਰ ਦੇ ਇਨਸਾਨੀ ਦਿਲ ਦੀਆਂ ਤਸਵੀਰਾਂ ਵਿਚ, ਗੁੱਟੇ ਦੀਆਂ ਡੂੰਘਾਈਆਂ ਵਿਚ, ਹਾਫਜ਼ ਦਿਆਂ ਸਰੂਰਾਂ ਵਿਚ, ਖਿਆਮ ਦੀਆਂ ਨਿਰਾਸਤਾਈਆਂ ਵਿਚ, ਮਿਲਟਨ ਦੇ ਸੁਰਗ ਤੇ ਡਾਂਟੇ ਦੇ ਨਰਕ ਵਿਚ, ਜ਼ੇਬੁੱਨਿਸਾ ਦੀਆਂ ਕੋਇਲ-ਕੂਕਾਂ ਵਿਚ ਜਿਥੇ ਜਾਓ ਕਵਿਤਾ ਦੇ ਹੇਠਾਂ ਇਕ “ਝੀਣੀ ਬਾਣ” ਦੀ ਲਗਾਤਾਰ ਜਾਰੀ ਰਹਿਣ ਵਾਲੀ ਸੁਰ, ‘ਕਿਸੇ ਅਪੂਰਣਤਾ, ਕਿਸੇ ਨਾ ਭਰੇ ਜਾਣ ਵਾਲੇ ਸੱਖਣਾਪਨ’, ਕਿਸੇ ‘ਨਿਰਾਸਤਾ ਦੀ ਝੁਨਕਾਰ’ ਨੂੰ ਅਲਾਪੀ ਜਾਂਦੀ ਹੈ । ਬਲਕੇ ਇਹੋ ਵਲਵਲਿਆਂ ਵਿਚ ਇਕ ਅਪੂਰਣਤਾ ਦੀ ਚਾਸ਼ਨੀ ਇਕ ਖੁਸ਼ਰੰਗੀ ਹਸਰਤ ਦੀ ਰੰਗਤ, ਕਵਿਤਾ ਦੀ ਸੁੰਦਰਤਾ ਦਾ ਇਕ ਹਿੱਸਾ ਬਣ ਜਾਂਦੀ ਹੈ ।
ਸ੍ਰੀ ਗੁਰੂ ਨਾਨਕ ਸ਼ਾਇਰ ਨੇ ਆਪਣੀ ਕਵਿਤਾ ਵਿਚ ਇਸ ਝੀਣੀ ਬਾਣ ਦੇ ਰੰਗ ਹੋਰ ਉੱਚੇ ਕਵੀਆਂ ਵਾਂਙ ਦਰਸਾਏ ਹਨ । ਓਹਨਾਂ ਨੇ ਬਿਰਹ, ਵਿਯੋਗ, ਵੈਰਾਗ, ਨਿਰਾਸਤਾ, ਆਸਾ, ਅਰਸ਼ੀ ਸੁੰਦਰਤਾ ਦੇ ਮਗਰ ਹਸਰਤ ਭਰੀ ਅਕਾਂਖਯਾ, ਅਮਰਤਾ ਤੇ ਸਦੈਵੀ ਜੀਵਨ ਮਗਰ ਆਸ਼ਾ ਦੇ ਬਾਰੀਕ ਤੋਂ ਬਰੀਕ ਵਲਵਲਿਆਂ ਵਾਲੀਆਂ ਕਵਿਤਾਵਾਂ ਰਚੀਆਂ ਹਨ । ਹਾਂ ਜੀ, ਸਯਾਲ ਬੀਤੇ ਹੁਨਾਲ ਚੜ੍ਹਦੇ ਕੇਵਲ ਮੌਸਮ ਤਬਦੀਲੀ ਤੋਂ ਦਿਲ ਡੁਲ ਜਾਣ ਵਾਲੇ ਬ੍ਰੀਕ ਵਲਵਲੇ ਤੱਕ ਨੂੰ ਬੀ ਅੰਦਰੋਂ ਦੇਖ ਲਿਆ ਤੇ ਵਰਣਨ ਕਰ ਦਿੱਤਾ ਹੈ।
“ਆਗੈ ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ ਮਨੁ ਡੋਲੈ ॥’ [ ਤੁਖਾ: ਛੰਤ: ਮ: ੧ ]
ਆਪ ਨੇ ਭੈ ਤੇ ਭਾਵ ਤੇ ਨਕਸ਼ੇ ਖਿੱਚੇ ਹਨ, ਨਿਰਮਲ ਭੈ ਦੇ ਹਾਲ ਦੱਸੇ ਹਨ, ਪਰ ਓਹਨਾਂ ਦੀ ਕਵਿਤਾ ਦੇ ਹੇਠ ਲਗਾਤਾਰ ਨਿੱਕੀ ਨਿੱਕੀ ਮਿੱਠੀ ਮਿੱਠੀ ਜਾਰੀ ਸੁਰ ‘ਯਕੀਨੀ ਆਸ’ ਦੀ ਹੈ । ਸੁੰਦਰਤਾ ਦੇ ਗੀਤ ਜੋ ਅਪੂਰਣਤਾ ਦੀ ਝਰਨਾਟ ਛੇੜਕੇ ਕਲੇਜੇ ਵਿਚ ਇਕ ਸੱਖਣਾਪਨ ਛੱਡ ਜਾਂਦੇ ਹਨ, ਗੁਰੂ ਨਾਨਕ ਦੇਵ ਦੀ ਦੈਵੀ ਕਵਿਤਾ ਇਕ ਸੱਖਣਾਪਣ ਨਹੀਂ ਛੱਡ ਜਾਂਦੀ । ਕਵਿਤਾ ਦਾ ਇਹ ਕਮਾਲ ਸਾਨੂੰ ਸਾਰੇ ਸੰਸਾਰ ਦੇ ਕਵੀਆਂ ਵਿਚੋਂ ਇਕ ਗੁਰ ਨਾਨਕ ਦੇਵ ਜੀ ਦੀ ਰਚਨਾ ਵਿਚ ਨਜ਼ਰ ਆਇਆ ਹੈ । ਕਵਿਤਾ ਦੀ ਇਹ ਛਟੀ ਰਾਤ ਦੀ ਭੁੱਖ ਇਸ ਕਾਮਲ ਕਵੀਆਂ ਦੇ ਸਿਰਤਾਜ ਨੇ ਪੂਰੀ ਕੀਤੀ ਹੈ । ਇਥੇ ਹੁਣ ਵਿਸਥਾਰ ਦਾ ਸਮਾਂ ਨਹੀਂ, ਪਰ ਸਾਨੂੰ ਦਿੱਸਦਾ ਹੈ ਕਿ ਗੁਰੂ ਨਾਨਕ ਦੇ ਦਿਲ ਦਾ ਲਗਾਤਾਰ ਲਗਾਉ, ਜੋ ਅਨੰਤ ਵਿਚ ਯਕੀਨੀ ਦਰਜੇ ਦਾ ਹਰ ਪਲ ਰਹਿਂਦਾ ਸੀ, ਜਿਸ ਲਗਾਉ ਨੇ ਬੇਅੰਤ ਸੁੰਦਰਤਾ ਦੇ ਉਸ ਚਸ਼ਮੇ ਨਾਲ ਲਗਾਤਾਰ ਬੁਲ੍ਹ ਲਗਾ ਛੱਡੇ ਸਨ, ਉਸ ਲਗਾਉ ਨੇ–ਹਾਂ, ਅਨੰਤ ਦੇ ਅਟੁੱਟ ਲਗਾਉ ਨੇ–ਉਹਨਾਂ ਦੀ ਕਵਿਤਾ ਵਿਚ ਉਸ ਅਨੰਤ ਵਿਚੋਂ ਸੁਰਤ ਵਿਚ ਹਰ ਛਿਨ ਪੀਤੇ ਜਾ ਰਹੇ ਅੰਮ੍ਰਿਤ ਦੀਆਂ ਬੂੰਦਾਂ ਪਾ ਦਿੱਤੀਆਂ, ਜਿਸ ਨਾਲ ਕਵਿਤਾ ਦੀ ਅਤ੍ਰਿਪਤ ਅਕਾਂਖਯਾ ਤ੍ਰਿਪਤੀ ਦੀ ਝਲਕ ਮਾਰ ਉਠੀ । ਹਰੇਕ ਕਵੀ ਦੇ ਅੰਦਰਲੇ ਵਲਵਲੇ ਉਸ ਅਨੰਤ ਨਾਲ ਜਾਂ ਅਨੰਤ ਤੋਂ ਬਣੇ ਸੁੰਦਰਤਾ ਦਰਸਾਉਣ ਵਾਲੇ ਕੁਦਰਤ ਦੇ ਰੰਗਾਂ ਨਾਲ ਠੁਹਕਰ ਖਾਕੇ ਸਦੈਵੀ ਬੁੱਲ੍ਹ ਲਾਕੇ ਉਸ ਸੂਖਮ ਰਸ ਨੂੰ ਨਹੀਂ ਪੀ ਸਕਦੇ । ਕਵੀ ਬੁੱਲ੍ਹ ਨੇੜੇ ਲੈ ਜਾਂਦੇ ਹਨ, ਰਸ ਚੱਖਦੇ ਹਨ, ਪਰ ਚੰਚਲ ਭੰਬੀਰੀ ਵਾਂਗੂ, ਜੋ ਫੁੱਲਾਂ ਦੇ ਉਦਾਲੇ ਘੁੰਮਦੀ ਹੈ ਤੇ ਬੈਠ ਨਹੀਂ ਸਕਦੀ, ਵਿੱਥ ਤੇ ਰਹਿਂਦੇ ਹਨ । ਇਹ ਵਿੱਥ ਉਨ੍ਹਾਂ ਦੀ ਰਚਨਾਂ ਵਿਚ ਹਸਰਤ ਦੀ ਅਕਾਂਖਯਾ ਦੀ ਕਿਸੇ ਅਪੂਰਣਤਾ ਦੀ, ਕਿਸੇ ਸੱਖਣੇ ਪਨ ਦੀ ਚਾਸ਼ਨੀ ਦੇ ਦਿੰਦੀ ਹੈ । ਗੁਰ ਨਾਨਕ ਦੇ ਵਲਵਲੇ ਬੀ ਉਠਦੇ ਹਨ, ਵਿੱਚ ਰਹਿਕ ਲਗਨ ਤੇ ਮੇਲ ਤੜਫਨੀ ਦੇ ਸੁਆਦ ਚਖਦੇ ਹਨ, ਪਰ ਸਦਾ ਹਸਰਤ ਭਰੀ ਵਿੱਥ ਤੇ ਨਹੀਂ ਰਹਿ ਜਾਂਦੇ, ਸਦੈਵੀ ਲਗਨ ਨਾਲ ਆਪਣੇ ਅੰਮ੍ਰਿਤ ਚਸ਼ਮੇ ਨਾਲ ਲਗੇ ਰਹਿਂਦੇ ਹਨ । ਜੇ ਵਿਛੁੜਦੇ ਹਨ ਤਾਂ ਐਤਨਾਂ ਜਿਤਨਾਂ ਮਾਂ ਦੀ ਗੋਦ ਵਿਚ ਪਿਆ ਬਾਲ ਦੁੱਧ ਚੁੰਘਣਾ ਛੱਡੇ ਤਾਂ ਮਾਂ ਦੇ ਮੂੰਹ ਵਲ ਤੱਕਦਾ ਤੇ ਮੁਸਕ੍ਰਾਂਦਾ ਹੈ, ਪਰ ਦੁੱਧ ਪੀਂਦਾ ਯਾ ਨਾ ਪੀਂਦਾ ਗੋਦੀਓੰ ਬਾਹਰ ਨਹੀਂ ਹੁੰਦਾ l ਇੰਨਾਂ ਵਿਯੋਗ ਹੀ ਉਹਨਾਂ ਲਈ ਭਾਰੀ ਵਿਯੋਗ ਹੈ, ਉਸ ਅਨੰਤ ਦੀ ਗੋਦ ਦੇ ਮੰਡਲ ਦੇ ਅੰਦਰ ਅਦਰ ਰਹਿਕੇ ਗੁਰ ਨਾਨਕ ਦੇ ਸਾਰੇ ਬਿਰਹ, ਵਿਯੋਗ, ਭੈ, ਨਿਰਾਸਾ, ਆਸਾ, ਅਕਾਂਖਯਾ, ਹਸਰਤੀ ਵਲਵਲੇ ਪੈਦਾ ਹੁੰਦੇ ਹਨ, ਉਹਨਾਂ ਵਿਚ ਕਵਿਤਾ ਦੇ ਸੂਖਮ ਤੋਂ ਸੂਖਮ ਹਾਵ ਭਾਵ, ਰੰਗ ਸਾਏ ਤੇ ਚਾਸ਼ਨੀਆਂ ਹਨ, ਉਹ ਸਦਾ ‘ਅਨੰਤ’ ਦੀ ਗੋਦ ਵਿਚ ਵਸਦੇ ਹਨ, ਉਹਨਾਂ ਵਿਚ ਨਿਰੰਤਰ ਆਸ, ਇਕ ਲਗਾਤਾਰ ਪੂਰਣਤਾ; ਇਕ ਸੁਆਦਲੀ ਮਿੱਠੀ ਪੱਕੀ ਆਸ ਦੀ ਝਰਨਾਟ, ਇਕ ਪਿਆਰੀ ਸੁਰ, ਇਕ ਪਿਆਰ ਭਰੀ ਗੂੰਜ ਹੈ, ਜੋ ਕਿਸੇ ਸੰਸਾਰ ਦੇ ਕਵੀ ਦੀ ਕਵਿਤਾ ਵਿਚ ਨਹੀਂ ਹੈ । ਇਸ ਕਰਕੇ ਅਸੀਂ ਗੁਰ ਨਾਨਕ ਵਿਚ ਸ਼ਾਇਰੀ, ਹਾਂ ਜੀ, ਉੱਚੀ ਸੁੱਚੀ ਅਸਲੀ ਰੱਬੀ ਸ਼ਾਇਰੀ ਦਾ ਇਕ ਨਵਾਂ ਕਮਾਲ ਦੇਖਦੇ ਹਾਂ, ਏਸੇ ਕਰਕੇ ਗੁਰ ਨਾਨਕ ਦੀ ਸ਼ਾਇਰੀ ਨੂੰ ਲੋਕ ਕਵਿਤਾ ਨਹੀਂ ਕਹਿਂਦੇ ‘ਧੁਰ ਕੀ ਬਾਣੀ’ ਕਹਿਂਦੇ ਹਨ, ਅਰ “ਨਾਨਕ ਸ਼ਾਇਰ” ਨੂੰ ਗੁਰ ਨਾਨਕ ਦੇਵ, ਸਭ ਤੋਂ ਵੱਡਾ ਪੈਗ਼ੰਬਰ, ਹਾਂ ਜੀ ਸਭ ਤੋਂ ਵੱਡਾ ਗੁਰੂ ਅਵਤਾਰ, ਜਾਣਨਹਾਰ ਤੇ ਸੁਤੇ ਗਿਆਨੀ* ਆਖਦੇ ਹਨ ਤੇ ਧੁਰ ਕੀ ਬਾਣੀ ਸਾਖੀ ਭਰਦੀ ਹੈ :-
“ਸਭ ਤੇ ਵੱਡਾ ਸਤਿਗੁਰੁ ਨਾਨਕੁ
ਜਿਨਿ ਕਲ ਰਾਖੀ ਮੇਰੀ ॥”
ਪੁਨਾ:- ਗੁਰ ਨਾਨਕ ਦੇਵ ਗੋਵਿੰਦ ਰੂਪ ॥
–ਇਤਿ–