ਗਰਬ ਗੰਜਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਬਰਗਸਨ

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

ਪੱਛਮ ਦੇ ਫਿਲਾਸਫਰਾਂ ਵਿਚੋਂ ਅੱਜ ਕਲ ਬਰਗਸਨ ਨਾਂਮ ਦਾ ਫਿਲਾਸਫਰ ਫ੍ਰਾਂਸ ਵਿਚ ਹੈ, ਜਿਸ ਦੇ ਖਿਆਲ ਦਾ ਪਰਵਾਜ਼ ਬਹੁਤ ਉੱਪਰ ਵੱਲ ਉਡਿਆ ਹੈ । ਜਿਨ੍ਹਾਂ ਦੀਆਂ ਅੱਖਾਂ ਨਯਾਯਕ ਜ਼ੰਜੀਰ ਦੀ ਜਕੜ ਦੇ ਹੁੰਦਿਆਂ ਵੀ ਯੋਗ ਨਿਦ੍ਰਾ ਵਲ ਪਲਕਾ ਗਈਆਂ ਹਨ । ਹਾਂ ਜੀ ਫਿਲਸਫ ਦੀ ਤਵਾਰੀਖ ਵਿਚ ਇਹ ਪਹਿਲੀ ਵੇਰ ਹੈ ਕਿ ਇਕ ਵੀਚਾਰਵਾਨ ਪੁਰਸ਼ ਨੇ ਮੰਤਕ ਤੇ ਵੀਚਾਰ ਦੀ ਓਟ ਨੂੰ ਕਮਜ਼ੋਰ ਸਮਝਿਆ ਹੈ । ਬਰਗਸਨ ਦਾ ਖਿਆਲ ਬੁੱਧੀ ਦਵਾਰਾ ਪੁਰਸ਼ ਅਸਲੀਅਤ ਨੂੰ (ਰੱਬ ਨੂੰ) ਨਹੀਂ ਦੇਖ ਸਕਦਾ । ਕਾਂਟ ਨੇ ਏਸ ਕਰਕੇ ਰੱਬ ਨੂੰ ਬੁਧਿ ਦਾ ਵਿਸ਼ਾ ਨਹੀਂ ਮੰਨਿਆਂ, ਉਹ ਆਪਣੇ  ਏਸ ਮੰਤਕ ਦੀ ਸਰਿਸ਼ਤ ਵਿਚ ਤਕਰੀਬਨ ਏਸ ਟਿਕਾਣੇ ਤੇ ਪਹੁੰਚ ਗਏ ਸਨ ਕਿ ਰੱਬ ਫਿਲਫਸੇ ਦੀ ਖੋਜ ਤੋਂ ਉਪਰ ਹੈ ।

ਬਰਗਸਨ ਦਾ ਖਿਆਲ ਹੈ ਕਿ ਸਾਡੇ ਅੰਦਰ ਖੋਜ ਦਾ ਦੂਹਰਾ ਸਾਮਾਨ ਹੈ, ਇਕ ਬੁਧਿ (Intellect) ਦਵਾਰਾ, ਦੂਜੇ ( Intuition) ਦੁਆਰਾ। ਇਨ੍ਹਾਂ ਦੁਹਾਂ ਦੀ ਮਿਲਵਰਤਣ ਬਗ਼ੈਰ ਅਸਲੀਅਤ ਪੱਲੇ ਪੈ ਨਹੀਂ ਸਕਦੀ, ਕਿਉਂਕਿ ਅਸਲੀਅਤ ਦੇ ਵੀ ਦੋ ਪਹਿਲੂ ਹਨ ਇਕ ਪਦਾਰਥ (Matter, ਮਾਦਾ ) ਦੂਸਰਾ ਜ਼ਿੰਦਗੀ (Life ) l

ਸਾਇੰਸ ਦੇ ਸਾਰੇ ਸਿੱਧਾਂਤ ਬੁੱਧੀ ਦੀ ਖ਼ੋਜ ਦਾ ਨਤੀਜਾ ਹਨ, ਬੁਧਿ ਜੋ ਹਰ ਇਕ ਪਦਾਰਥ ਤੇ ਮੰਤਕ ਦੀ ਰੌਸ਼ਨੀ ਪਾ ਪਾ ਕੇ ਤੇ ਵਿਚਾਰ (Reason) ਦੀ ਕਸਵੱਟੀ ਤੇ ਰਗੜ ਰਗੜਕੇ ਸਿੱਧਾਂਤ ਕੱਢਦੀ ਹੈ,  ਉਸ ਦੇ ਸਿੱਧਾਂਤ ਕੇਵਲ ਪਦਾਰਥੀ ਸਿੱਧਾਂਤ’ ਹਨ । ਬੁਧਿ ਦੇ ਨਸ਼ਤਰ ਹੇਠ ਕੇਵਲ ਮਾਸ ਤੇ ਹੱਡੀਆਂ ਦੀ ਵਿਦਯਾਂ ਉਪਜਦੀ ਹੈ, ਜ਼ਿੰਦਗੀ ਦੀ ਨਹੀਂ । ਜ਼ਿੰਦਗੀ ਦੀ ਚਾਲ ਦੀ ਰਮਜ਼ ਏਸ ਦੀ ਚਾਲ ਤੋਂ ਉਚੇਰੀ ਹੈ I ਬੁਧਿ ਅਨਾੜੀ ਹੈ ਤੇ ਜ਼ਿੰਦਗੀ ਦੀ ਨਾੜ ਉਪਰ ਏਸ ਦੀ ਉਂਗਲ ਆ ਨਹੀਂ ਸਕਦੀ । ਜ਼ਿੰਦਗੀ ਦਾ ਪਰਵਾਜ਼ ਇਕ ਸ਼ੈ ਹੀ ਦੂਜੀ ਹੈ । ਬੁੱਧੀ ਲਈ ਇਹ ਗ਼ੈਰ ਚੀਜ਼ ਹੈ, ਕਿਉਂਕਿ ਬੁੱਧੀ ਬਣੀ ਪਦਾਰਥ (Matter) ਦੀ ਹੈ ਤੇ ਇਸ ਦਾ ਵਿਸ਼ਾ ਮੈਟਰ (ਪ੍ਰਕ੍ਰਿਤੀ) ਹੈ, ਜੋ ਚੀਜ਼  ਏਸ ਦੀ ਗ੍ਰਿਫਤ (ਪਕੜ) ਵਿਚ ਆ ਜਾਏ ਉਹ ਮੈਟਰ (ਪ੍ਰਕ੍ਰਿਤੀ) ਹੈ । ਕਿਉਂਕਿ ਉਸ ਨੂੰ ਸਾਬਤ ਚੀਜ਼ ਦਾ ਗਿਆਨ ਨਹੀਂ ਹੋ ਸਕਦਾ, ਸੋ ਏਸ ਨੇ ਵੱਢ ਵੱਢਕੇ ਕੱਟ ਕੱਟ ਕੇ ਇਕ ਇਕ ਕਾਟ ਦੀ ਮੁਤਾਲਿਆ ਕਰਨੀ ਹੈ । ਏਸ ਦੀ ਕਾਟਵੀ ਛੁਰੀ ਹੇਠ ਜ਼ਿੰਦਗੀ ਦੀ ਰੌ ਰੁਕ ਜਾਂਦੀ ਹੈ । ਜ਼ਿੰਦਗੀ ਹੈ ਹੀ ਰੌਰੂਪ, ਇਸ ਦਾ ਰੁਕਣਾ ਹੀ ਏਸ ਦਾ ਖ਼ਾਤਮਾ ਹੈ, ਪਰ ਅਸਲ ਵਿਚ ਇਹ ਅਮੁੱਕ ਹੈ ਇਹ ਰੁਕਦੀ ਨਹੀ l ਅਕਲ ਦੇ ਭਾਣੇ ਰੁਕਦੀ ਹੈ ਪਰ ਇਹ ਜਾ ਛੁਪਦੀ ਹੈ ਉਸ ਹਨੇਰੇ ਵਿਚ ਜੋ ਅਕਲ ਦੇ ਚਰਾਗ਼ ਦੇ ਐਨ ਹੇਠ ਹੈ । ਜ਼ਿੰਦਗੀ ਦਾ ਰੌ ਇਕ ਤਬਦੀਲੀ ਦਾ ਪਰਵਾਜ਼ ਹੈ, ਇਕ ਹੜ੍ਹ ਦਾ ਵਧਾ ਹੈ, ਇਕ ਚਾਲ ਅਗੰਮੀ ਹੈ ਜੋ ਠੱਲ੍ਹੀ ਨਹੀਂ ਜਾ ਸਕਦੀ, ਜੋ ਚਲ ਰਹੀ ਹੈ ਕਿਸੇ ਅਪੂਰਣਤਾ ਤੋਂ ਕਿਸੇ ਪੂਰਣਤਾ ਵਲ ਕਿਸੇ ਅਬਣਤ ਤੋਂ ਕਿਸੇ ਬਣਤ ਵਲ, ਕਿਸ ਕੇਂਦ੍ਰ ਤੋਂ ਰਚਨਹਾਰੀ ਫੈਲਾਉ ਵਲ, ਏਸ ਦੀ ਸਮਝ ਬੁਧਿ ਨੂੰ ਨਹੀਂ ਪੈ ਸਕਦੀ । ਏਸ ਦੀ ਬੂਝ ਕਿਸੇ ਰਮਜ਼ਾਂ ਸਮਝਣ ਵਲ ਬੇਹੋਸ਼ ਹੋਸ਼ ਨੂੰ ਇਸ਼ਾਰੇ ਮਾਤ੍ਰ ਹਾਸਲ ਹੋ ਸਕਦੀ ਹੈ । ਏਸ ਹੋਸ਼ ਦਾ ਨਾਮ ਬਰਗਸਨ ਨੇ ( Intuition ) ਦਿੱਤਾ ਹੈ I ਪਰ ਇਹ  ਕੁਛ ਕੁਛ ਓਹੋ ਹੋਸ਼ ਹੈ ਜਿਸ ਨੂੰ ਸਾਡੀ ਧਾਰਮਕ ਸਿਖ ਲਿਟ੍ਰੇਚਰ ਵਿਚ ‘ਸੁਧਿ’ ਕਰਕੇ ਕਿਹਾ ਹੈ । ਬਰਗਸਨ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੈ ਕਿ ਜੇ ਇਸ ਦਿੱਸਦੇ ਦੀ ਅਸਲੀਅਤ ਦੇ ਦਰਸ਼ਨ ਕਰਨੇ ਹਨ ਤਾਂ ‘ਸੁਧਿ’ ਦੀ ਬੇਹੋਸ਼ ਹੋਸ਼ ਆਪਣੇ ਵਿਚ ਪੈਦਾ ਕਰਨੀ ਚਾਹੀਦੀ ਹੈ,  ਉਸ ਦਾ ਖਿਆਲ ਹੈ ਕਿ ਫਿਲਸਫੇ ਦੀ ਸਾਰੀ ਖੋਜ ਬੁਧਿ ਨਾਲ ਨਹੀਂ, ਬਲਕਿ ‘ਸੁਧ’ ਨਾਲ ਹੋਣੀ ਚਾਹੀਦੀ ਹੈ। 

ਇਹ ‘ਸੁਧਿ’ ਕਿਸ ਤਰ੍ਹਾਂ ਅੰਦਰ ਪੈਦਾ ਹੋਵੇ, ਇਸ ਗਲ ਦਾ  ਬਰਗਸਨ ਨੂੰ ਪਤਾ ਨਹੀਂ ਲੱਗਾ । ਉਸ ਨੇ ਇਸ਼ਾਰੇ ਮਾਤ੍ਰ ਕਿਹਾ ਹੈ ਕਿ ‘ਸੁਧਿ’ ( Intuition ) ਦਾ ਗਯਾਨ ‘ਦੀਸਣਹਾਰ ਦੀ ਵਿਦਯਾ’ ਦੇ ਸਾਧਨ ਤੋਂ ਪ੍ਰਾਪਤ ਹੋ ਸਕਦਾ ਹੈ* I ਏਥੋਂ ਸਾਫ ਜ਼ਾਹਰ ਇਹ ਹੈ ਕਿ ਬਰਗਸਨ ਦੀ ‘ਸੁਧਿ ਬੁਧਿ ਦੀ ਹੀ ਇਕ ਸਾਥਣ ਚੀਜ਼ ਹੈ, ਪਰ ਜ਼ਰਾ ਉਚੇਰੀ l ਬਰਗਸਨ ਨੂੰ ਆਤਮ-ਵਿਸ਼ੈਣੀ ਬੁਧਿ ਦਾ ਇਕ ਝਲਕਾ ਮਾਤ੍ਰ ਪਿਆ ਹੈ, ਪਰ ਉਹ ਉਸ ਨੂੰ ਵਿਸਥਾਂਰ ਨਾਲ ਬਿਆਨ ਨਹੀਂ ਕਰ ਸਕਿਆ । ਏਸ ਗੱਲ ਵਿਚ ਬੀ ਕਮਾਲ ਗੁਰੂ ਨਾਨਕ ਦੇਵ ਜੀ ਦਾ ਹੈ, ਜਿਨ੍ਹਾਂ ਨੇ ਬਰਗਸਨ ਤੋਂ ਚਾਰ ਪੰਜ ਸਦੀਆਂ ਪਹਿਲੇ ਏਸ ਗੱਲ ਦਾ ਪਤਾ ਦਿੱਤਾ ਹੈ, ਯਥਾ–‘ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥                                                                                      

[ ਵਾਰ ਸਾਰੰਗ ਮ: ੧ ]                                                               ਸਿਰਫ਼ ਪਤਾ ਹੀ ਨਹੀਂ, ਏਸ ਦੀ ਜੁਗਤ ਬੀ ਆਪ ਨੇ ਦੱਸੀ ਹੈ:-

ਮੰਨੈ ਸੁਰਤਿ ਹੋਵੈ ਮਨਿ ਬੁਧਿ ॥

ਮੰਨੈ ਸਗਲ ਭਵਣ ਦੀ ਸੁਧਿ ॥            [ ਜਪੁ ਸਾਹਿਬ

ਏਸ ਸੁਧਿ ਲਈ ਰਸਤਾ ਮੰਨਣ ਦਾ,  ਈਮਾਨ ਦਾ ਸਿਦਕ ਦਾ ਹੈ l ਕਾਹਦੇ ਮੰਨਣ ਦਾ ? ‘ਨਾਮ’ ਸਿਮਰਨ ਦਾ I ‘ਐਸਾ ਨਾਮੁ ਨਿਰੰਜਨੁ ਹੋਇ ॥ ਜੇਕੋ ਮੰਨਿ ਜਾਣੈ ਮਨਿ ਕੋਇ ।’ ਫੇਰ ਆਪ ਨੇ ਏਸ ਦਾ ਟਿਕਾਣਾ ਦੱਸਿਆ ਹੈ ਕਿ ਇਹ ਕਿਥੋਂ ਦੀ ਚੀਜ਼ ਹੈ I ਯਥਾ :-

 ‘ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ’* I

 ਅਗਰ ਅਸਲੀਅਤ ਨੂੰ ਦੇਖਣ ਲਈ ਇਹ ਗੱਲ ਜਰੂਰੀ ਹੈ । ( if then anywhere there is possible for us a view of reality in its purity it will be in the inward view that we may obtain of this Privlleged object.✝) ਗੁਰੂ ਸਾਹਿਬ ਇਸ ਗੱਲ ਦਾ ਫੈਸਲਾ ਬਗ਼ੈਰ ਕਿਸੇ ਫਿਲਾਸਫੀ ਦੀ ਮਸਲੇਬਾਜ਼ੀ ਦੇ ਪਹਿਲਾਂ ਕਰ ਗਏ ਹਨ, ਉਨਾਂ ਨੇ ਆਖਿਆ  ਹੈ:-

“ਅੰਤਰਿ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥”                  [ ਸਿਰੀ: ਮ:੧ ]

ਤੇ ਅੰਤਰ ਦਰਸ਼ਨੀ ਹੋਣ ਲਈ ਗੁਰੂ ਨੇ, ਅਰਥਾਤ ਗੁਰੂ ਨਾਨਕ ਨੇ, ਸੌਖਾ ਰਸਤਾ ਇਉਂ ਦੱਸਿਆ ਹੈ:-

‘ਅਹਿਨਿਸਿ ਅੰਤਰਿ ਰਹੈ ਲਿਵਲਾਇ ॥

ਜਿਸ ਵੇਲੇ ਵਾਹਿਗੁਰੂ ਜੀ ਦਾ ਧਿਆਨ ਤੇ ਉਨ੍ਹਾਂ ਦਾ ਨਾਮ ਸਿਮਰਨ ਮਨ ਨੂੰ ਦੇਸ਼ ਦੀ ਕੈਦ ਤੋਂ ਉਪਰ ਚੁੱਕਦਾ ਹੈ ਤਾਂ ਇਹ ਲਿਵ ਵਿਚ ਪਲਟਣ ਲਗਦਾ ਹੈ, ਲਿਵ ਇਕ ਸੰਗਮ ਹੈ, ਜਿਸ ਵਿਚ ਨਾਮ ਤੇ ਨਾਮੀ ਮਿਲ ਜਾਂਦੇ ਹਨ । ਇਸ ਤ੍ਰਿਬੇਣੀ ਦਾ ਇਸ਼ਨਾਨ ਅੱਠ ਪਹਿਰ ਦੀ ‘ਸੁਧ’( Intuition) ਦੀ ਪ੍ਰਾਪਤੀ ਹੈ, ਜਿਸ ਦੇ ਕਿਸੇ ਕਿਸੇ ਫਿਲਾਸਫਰ ਨੂੰ ਝਾਕੇ ਤਾਂ ਪਏ, ਪਰ ਪੂਰੀ ਤਰ੍ਹਾਂ ਨਸੀਬ ਨਹੀਂ ਹੋਈ ਤੇ ਇਸ ਦੇ ਮਿਲਦਿਆਂ ਕੀ ਹੁੰਦਾ ਹੈ :- 

 ਆਪੁ ਪਛਾਣਿ ਰਹੈ ਲਿਵ ਲਾਗਾ ॥ 

ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥                 

[ ਬਸੰਤ ਮ:੧ ]

ਅਰਥਾਤ ਵਾਹਿਗੁਰੂ ਵਿਚ ਲਿਵ ਲਗਦਿਆਂ ਆਪਾ ਪਛਾਣ ਹੋ ਜਾਂਦਾ ਹੈ, ਜਨਮ ਜਿੱਤਿਆ ਜਾਂਦਾ ਹੈ ਤੇ ਦੁਖ ਦੂਰ ਹੋ ਜਾਂਦੇ ਹਨ। ਭਾਵ ਪਰਮਪਦ ਪਾ ਲਈਦਾ ਹੈ।