ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਹੁਣ ਅਸੀਂ ਬੰਦਿਆਂ ਦੇ ਉਸ ਆਗੂ ਵੱਲ ਆਏ ਹਾਂ ਜਿਨ੍ਹਾਂ ਦੇ ਮਗਰ ਟੁਰਨ ਵਾਲੇ ਹਿੰਦੂਆਂ ਤੋਂ ਗਿਣਤੀ ਵਿਚ ਅਗਲੇ ਦਰਜੇ ਵਿਚ ਹਨ । ਮੁਹੰਮਦ ਜੀ ਦੀ ਬਾਬਾਤ ਯਰੂਪ ਵਿਚ ਤੇ ਹਿੰਦੁਸਤਾਨ ਵਿਚ ਆਮ ਕਰਕੇ ਬੇ-ਸਤਿਕਾਰੀ ਫੈਲੀ ਰਹੀ ਹੈ । ਇਨ੍ਹਾਂ ਦੇ ਨਾਮ ਤੇ ਏਹਨਾਂ ਤੋਂ ਮਗਰੋਂ ਆਏ ਪਾਤਸ਼ਾਹਾਂ ਨੇ ਹਿੰਦ ਵਿਚ ਬੜੇ ਅਤਯਾਚਾਰ ਕਮਾਏ ਹਨ, ਅਰ ਉਹਨਾਂ ਅਤਯਾਚਾਰਾਂ ਕਰਕੇ ਏਹਨਾਂ ਦਾ ਨਾਮ ਸਤਿਕਾਰ ਤੋਂ ਪਰੇ ਹੁੰਦਾ ਗਿਆ ਹੈ, ਪਰੰਤੂ ਜਦ ਇਨ੍ਹਾਂ ਦਾ ਜੀਵਨ ਤੇ ਇਨ੍ਹਾਂ ਦਾ ਕੁਰਾਨ ਪੜ੍ਹਿਆ ਜਾਵੇ ਤਾਂ ਜਾਪਦਾ ਹੈ ਕਿ ਅਰਬ ਦੇ ਜੰਗਲੀ ਹੋ ਗਏ ਲੋਕਾਂ ਦੇ ਇਖ਼ਲਾਕ ਦੇ ਸੁਧਾਰ ਤੇ ਰੂਹਾਨੀ ਰੂਹ ਫੂਕਣ ਵਿਚ ਆਪ ਨੇ ਚੰਗੀ ਸੇਵਾ ਕੀਤੀ ਹੈ। ਈਸਾਈ ਲੋਕ ਤਾਂ ਏਹਨਾਂ ਦੇ ਮਤ ਨੂੰ ਆਪਣੇ ਮਤ ਦੀ ਅਪਿਭ੍ਰੰਸ਼ ਦਸ਼ਾ ਦਾ ਦੀਨ ਦੱਸਦੇ ਹਨ । ਪਰੰਤੂ ਇਹ ਸੱਚ ਹੈ ਕਿ ਮਿਲਵੇਂ ਮਾਮਲੇ ਬਹੁਤੇਰੇ ਹਨ । ਇਬਰਾਨੀ ਪੈਗ਼ੰਬਰ ਦੋਹਾਂ ਵਿਚ ਸਾਂਝੇ ਹਨ, ਇਥੋਂ ਤਾਈਂ ਕਿ ਮੁਸਲਮਾਨ ਈਸਾ ਜੀ ਨੂੰ ਬੀ ਪੈਗ਼ੈਬਰ ਮੰਨਦੇ ਹਨ । ਖ਼ੁਦਾ ਤੇ ਸ਼ੈਤਾਨ ਦੇ ਮਸਲੇ ਬੀ ਦੋਹਾਂ ਦੇ ਮਿਲਦੇ ਹਨ, ਕਰਮਾਂ ਦੀ ਗੋਂਦ ਬੀ ਮਿਲਦੀ ਹੈ, ਪਰੰਤੂ ਆਪਸ ਵਿਚ ਬੇ-ਇਤਫ਼ਾਕੀ ਤੇ ਨਾਰਾਜ਼ਗੀ ਚੋਖੀ ਹੈ ਅਰ ਸ਼ੁਰੂ ਤੋਂ ਹੈ I
ਖ਼ੈਰ ! ਸਾਨੂੰ ਏਹਨਾਂ ਗੱਲਾਂ ਦੇ ਵੇਰਵੇ ਦੀ ਇਥੇ ਲੋੜ ਨਹੀਂ ਹੈ, ਕਾਫੀ ਹੈ ਇਹ ਜਾਨਣਾ ਕਿ ੧੩ ਕ੍ਰੋੜ ਤੋਂ ਵਧੀਕ ਬੰਦੇ ‘ਮੁਹੰਮਦ’ ਇਸ ਲਫਜ਼ ਦਾ ਸਤਿਕਾਰ ਕਰਦੇ ਹਨ । ਤੇਰਾ ਚੌਦਾਂ ਸਦੀਆਂ ਦੇ ਗੁਜ਼ਰ ਜਾਣੇ ਪਰ ਬੀ ਉਸ ਦਾ ਕਬਜ਼ਾ ਲੋਕਾਂ ਦੇ ਦਿਲਾਂ ਤੇ ਹੈ । ਜਦੋਂ ਅਸੀਂ ਮੁਹੰਮਦ ਸਾਹਿਬ ਦੇ ਜੀਵਨ ਨੂੰ ਖੋਜਦੇ ਹਾਂ ਤਾਂ ਅਸੀਂ ਓਹਨਾਂ ਦੇ ਸਾਰੇ ਗੁਣਾਂ ਅਵਗੁਣਾਂ ਨੂੰ ਛੱਡਕੇ ਉਹਨਾਂ ਨੂੰ ਵਿਲੱਖਣ ਕਰਕੇ ਦੱਸਣ ਵਾਲਾ ਜੇ ਕੋਈ ਵਿਸ਼ੇਸ਼ ਗੁਣ ਧਾਰਮਕ ਪਾਸੇ ਦਾ ਭਾਲਦੇ ਹਾਂ ਤਾਂ ਉਹ ਸਾਨੂੰ ਲੱਭਦਾ ਹੈ : –
“ਅੱਲਾ ਤੇ ਯਕੀਨ’’ I
ਇਹ ਗੁਣ ਹੈ, ਜਿਸ ਦਾ ਇਕ ਕਮਾਲ ਅਸੀਂ ਓਹਨਾਂ ਵਿਚ ਦੇਖਦੇ ਹਾਂ I ਓਹਨਾਂ ਦਾ ਰੱਬ ਤੇ ਯਕੀਨ ਹੈ, ਨਿਰੀ ਦਿਮਾਗ਼ੀ ਛਾਣ ਬੀਣ ਤੋਂ ਪੈਦਾ ਹੋਈ ਇਕ ਅੱਕ੍ਰੈ ਹੋਂਦ ਦਾ ਖਯਾਲ ਮਾਤ੍ਰ ਨਹੀਂ ਪਰ ਯਕੀਨੀ ਯਕੀਨ I
ਏਹਨਾਂ ਦੇ ਯਕੀਨ ਦਾ ਪਾਰਾ ਉੱਚਾ ਸੀ, ਇਨ੍ਹਾਂ ਨੂੰ ਰੱਬ ਦੇ ਹੋਣ ਵਿਚ ਸ਼ੱਕ ਸ਼ੁਬ੍ਹੇ ਤੋਂ ਬਿਨਾਂ ਅਸਲੀਅਤ ਦਾ ਯਕੀਨ ਸੀ । ਉਹ ਓਹਨਾਂ ਦਾ ਅੱਲਾ ਉਨ੍ਹਾਂ ਨੂੰ ਸੁਨੇਹੇ ਘੱਲਦਾ ਹੈ, ਜਿਕੂੰ ਮਨੁੱਖ ਦਾ ਸੁਨੇਹਾ ਮਨੁੱਖ ਨੂੰ ਆਉਂਦਾ ਹੈ I ਓਹ ਉਸੇ ਯਕੀਨ ਨਾਲ ਉਸ ਸੁਨੇਹੇ ਨੂੰ ਲੈਂਦੇ ਹਨ । ਪਹਾੜ ਤੇ ਇਕੱਠੇ ਬੈਠੇ ਓਹਨਾਂ ਨੂੰ ਫਰਿਸ਼ਤੇ ਦੀ ਰਾਹੀਂ ਯਕੀਨਨ ਅੱਲਾ ਬੋਲਦਾ ਤੇ ਹੁਕਮ ਸੁਣਾਈ ਦੇਂਦਾ ਹੈ। ਕੇਸ਼ਬ ਚੰਦਰ ਸੈਨ ਜੀ ਵੀ ਆਖਿਆ ਕਰਦੇ ਸਨ ਕਿ ਸਾਨੂੰ ਪਰਮੇਸ਼ੁਰ ਜੀ ਦਾ ਸ਼ਬਦ ਸੁਣਾਈ ਦੇਂਦਾ ਰਹਿਂਦਾ ਹੈ*, ਪਰ ਮੁਹੰਮਦ ਜੀ ਨੂੰ ਅੱਲਾ ਦਾ ਬੋਲਣਾ ਐਉਂ ਸੀ ਜਿਸ ਤਰ੍ਹਾਂ ਮਨੁੱਖ ਨਾਲ ਮਨੁੱਖ ਮਨੁੱਖ ਦੀ ਰਾਹੀਂ ਬੋਲਦਾ ਹੈ । ਫੇਰ ਇਹ ਹੈ ਕਿ ਅੱਲਾ ਨੂੰ ਓਹ ਜਨਮ ਤੋਂ ਰਹਿਤ ਮੰਨਦੇ ਹਨ, ਉਸ ਵਜੂਦ ਨੂੰ ਆਪਣੇ ਸਰੀਰ ਧਾਰੀ ਵਜੂਦ ਵਾਂਗੂੰ ਯਕੀਨੀ ਸਮਝਦੇ ਹਨ ।
ਹੁਣ ਜਦ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਆਓ, ਤਦ ਤੁਹਾਨੂੰ ਸਾਫ ਦਿੱਸੇਗਾ ਕਿ ਗੁਰ ਨਾਨਕ ਦੇਵ ਜੀ ਰੱਬ ਦੇ ਮੁਤਲਾਸ਼ੀ ਦਾ ਜਗਯਾਸੂ ਮਾਤ੍ਰ ਨਹੀਂ ਹਨ, ਗੁਰ ਨਾਨਕ ਦੇਵ ਜੀ ਨੂੰ ਰੱਬ ਇਕ ਜੀਉਂਦੀ ਜਾਗਦੀ ‘ਅਸਲੀਅਤ’ ਹੈ ਇਕ ਰੂਹਾਨੀ ਲਹਿਰੇ ਦੇਣ ਵਾਲਾ ‘ਯਥਾਰਥ’ ਹੈ, ਅਰ ਇਸਨੂੰ ਓਹ ਸਾਡੀ ਬੋਲੀ ਵਿਚ ਪ੍ਰਗਟ ਨਹੀਂ ਕਰ ਸਕਦੇ, ਕਿਉਂਕਿ ਉਹ ਬੋਲੀ ਦਾ ਵਿਸ਼ਾ ਨਹੀਂ ਹੈ । ‘ਸੱਤ’ ਦੇ ਕਦੇ ‘ਸੱਚ’ ਕਹਿ ਕਹਿਕੇ ਦੱਸਦੇ ਹਨ, ਇਸ ‘ਸੱਚ’ ਪਰ ਓਹਨਾਂ ਨੂੰ ਭਰੋਸਾ ਹੈ ਤਿ ਜੋ ਦੁਹਾਈ ਆਂ ਦੇ ਦੇ ਕੇ ਨਿਕਲਦਾ ਹੈ :-
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ [ ਜਪੁਜੀ
ਇਸ ਸੱਚ ਨੂੰ ਫੇਰ ‘ਕਰਤਾਰ’ ਆਖਦੇ ਹਨ । ਕਈ ਫਿਲਾਸਫਰ ਉਸ ਦੀ ਕਰਤਾਰਤਾ ਤੋ ਸਿਰ ਫੇਰਦੇ ਹਨ, ਪਰ ਗੁਰੂ ਜੀ ਉਸਨੂੰ ਸੱਤਾ ਮਾਤ੍ਰ ਨਹੀਂ ਦੱਸਦੇ ਸਗੋਂ ਵਜੂਦ ਵਾਲਾ ਤੇ ਪੁਰਖੱਤ੍ਵ ਵਾਲਾ ਪੁਰਖ ਕਹਿਂਦੇ ਹਨ ਸਨਮੁਖ ਖੜੋਕੇ ਆਖਦੇ ਹਨ – ਤੂੰ ‘ਸੱਚ’ ਹੈ ਤੇ ਤੂੰ ਜੋ ਕੀਤਾ ਸਭ ਸੱਚਾ ਹੈ l
ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
ਸਚੇ ਤੇਰੇ ਲੋਅ ਸਚੇ ਆਕਾਰ ॥
ਸਚੇ ਤੇਰੇ ਕਰਣੇ ਸਬਰ ਬੀਚਾਰ ॥
ਸਚਾ ਤੇਰਾ ਅਮਰੁ ਸਚਾ ਦੀਬਾਣੁ ॥
ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
ਸਚਾ ਤੇਰਾ ਕਰਮੁ ਸਚਾ ਨੀਸਾਣੁ ॥
ਸਚੇ ਤੁਧੁ ਆਖਹਿ ਲਖ ਕਰੋੜਿ ॥
ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
ਸਚੀ ਤੇਰੀ ਸਿਫਤਿ ਸਚੀ ਸਾਲਾਹ ॥
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
ਨਾਨਕ ਸਚੁ ਧਿਆਇਨਿ ਸਚੁ ॥
ਜੋ ਮਰਿ ਜੰਮੇ ਸੁ ਕਚੁ ਨਿਕਚੁ ॥ ੧ ॥
[ ਵਾਰ ਆਸਾ ਮ: ੧ ]
ਦੇਖੋ ਕੈਸਾ ਅਹਿੱਲ ਯਕੀਨ ਹੈ । ਤੂੰ ਸੱਚ, ਤੇਰਾ ਕੀਤਾ ਸੱਚ, ਪਰ ਤੂੰ ਅਵਤਾਰ ਦੇਹ-ਧਾਰੀ ਨਹੀਂ, ਤੂੰ ਮਰਨ ਜੰਮਣ ਤੋਂ ਰਹਿਤ, ਕੱਚ ਤੋਂ ਪਰੇ ਹੈਂ । ਗੁਰੂ ਨਾਨਕ ਦਾ ਇਹ ਰੱਬ ਭੈ ਤੋਂ ਪਰੇ ਹੈ —
‘ਨਾਨਕ ਨਿਰਭਉ ਨਿਰੰਕਾਰੁ ‘ਸਚ’ ਏਕੁ ॥
ਇਹ ਸੱਚ ਅਕ੍ਰੈ ਸ਼ਕਤੀ ਹੀ ਨਹੀਂ ਇਹ ਜੀਉਂਦੀ ਸੱਤਯਾ, ਜੀਉਂਦਾ ਵਜੂਦ, ਪਰ ਅਕਾਲ ( ਕਾਲ ਰਹਿਤ ) ਮੂਰਤਿ ਹੈ, ਮੂਰਤਿ I ਹਾਂ ਜੀ ‘ਅਣਹੋਂਦ’ ਨਹੀਂ, ਵਹਿਮ ਤੇ ਖਿਆਲ ਨਹੀਂ, ਗੈਰ ਵਜੂਦ ਨਹੀਂ, ਮੂਰਤਿ ਹੈ, ਅਰਥਾਤ ਇਕ ਵਜੂਦ ਹੈ, ਦੇਸ਼ ਰਹਿਤ, ਕਾਲ ਰਹਿਤ, ਕਾਰਣ ਰਹਿਤ ਪਰ ਫੇਰ ‘ਹੈ’ ਤੇ ‘ਹੈ’ ਕਰਕੇ ਗੁਰੂ ਜੀ ਉਸ ਦਾ ਜਸ ਕਰਦੇ ਹਨ । ਦੌਲਤ ਖਾਂ ਲੋਧੀ ਤੇ ਕਾਜ਼ੀ ਨਿਮਾਜ਼ਾਂ ਪੜ੍ਹਦੇ ਹਨ, ਗੁਰ ਨਾਨਕ ਜੀ ਆਖਦੇ ਹਨ ਕਿ ਮੇਰੇ ਅੱਲਾ ਨੂੰ ਇਹ ਨਿਮਾਜ਼ਾਂ ਮਨਜ਼ੂਰ ਨਹੀਂ, ਤੁਸਾਂ ਦਿਲ ਘੋੜਿਆਂ ਤੇਂ ਵਛੇਰਿਆਂ ਨੂੰ ਦਿੱਤੇ, ਮੇਰੇ ਰੱਬ ਨੂੰ ਨਹੀਂ ਦਿੱਤੇ । ਜਿਸ ਨੂੰ ਗੁਰ ਨਾਨਕ ‘ਮੇਰਾ ਰੱਬ’ ਕਹਿਂਦਾ ਹੈ, ਕੈਸਾ ਪ੍ਰਤੱਖ ਸਿਦਕ ਹੈ, ਉਸ ਪਰ ਤੇ ਕੈਸਾ ਯਕੀਨੀ ਯਕੀਨ ਹੈ ਉਸ ਪਰ I
ਇਸ ਰੱਬ ਵਿਚ ਗੁਰ ਨਾਨਕ ਦੇਵ ਜੀ ਦਾ ਯਕੀਨ ਬਾਣੀ ਤੋਂ ਮਲੂਮ ਹੁੰਦਾ ਹੈ । ਗੁਰ ਨਾਨਕ ਦੇਵ ਜੀ ਦਾ ਯਕੀਨ ਐਸਾ ਹੈ ਕਿ ਉਸ ਨੂੰ ਆਪਣਾ ਪਤੀ ਜਾਣਕੇ ਬਿਰਹ ਕਰਦੇ ਹਨ ਅਰ ਅਰਦਾਸਾਂ ਕਰਦੇ ਹਨ, ਦੁਖ ਸੁਖ ਸੁਣਾਉਂਦੇ ਹਨ ਅਰ ਯਕੀਨੀ ਤਰੀਕੇ ਨਾਲ ਉਸ ਦਾ ਹੋਣਾ ਵਰਣਨ ਕਰਦੇ ਹਨ । ਮੰਤਕੀਆਂ ਵਾਂਗੂ ਉਸ ਦੇ ਸਾਬਤ ਕਰਨ ਦੀਆਂ ਨਿਰੀਆਂ ਦਲੀਲਾਂ ਮਾਤ੍ਰ ਨਹੀਂ ਕਰਦੇ । ਦਾਰਸ਼ਨਕਾਂ ਵਾਂਗੁੰ ਨਿਰੀ ਖਿਆਲ ਵਿਤ੍ਰੇਕ ਦੀ ਸ਼ਰਨ ਲੈਕੇ ਉਸ ਦੀ ਹਸਤੀ ਸਾਬਤ ਕਰਦੇ ਕਰਦੇ ਖਿਆਲੀ ਮੰਡਲ ਵਿਚ ‘ਐਉਂ ਸਿੱਧ ਹੋਇਆ’ ਦੇ ਪਰਵਾਜ਼ ਤਕ ਹੀ ਨਹੀਂ ਰਹਿ ਜਾਂਦੇ ਸਗੋਂ ਕਹਿਂਦੇ ਹਨ ‘ਰੱਬ ਹੈ’ I ਆਪ ਸ਼ੁਰੂ ਹੀ ‘ਰੱਬ ਹੈ’ ਤੋਂ ਹੁੰਦੇ ਹਨ ਤੇ ਮੱਧ ਤੇ ਅੰਤ ਵਿਚ ਬੀ ‘ਰੱਬ ਹੈ’ ਹੀ ਵੇਖਦੇ ਹਨ । ਓਹ ਰੱਬ ਨੂੰ ਪਰਤੱਖ ਵੇਖਦੇ ਹਨ ਤੇ ਅਹਿੱਲ ਨਿਸਚੇ ਵਿਚ ਫਰਮਾਉਂਦੇ ਹਨ :-
ਸਰਬ ਜੋਤਿ ਤੇਰੀ ਪਸਰਿ ਰਹੀ ॥
ਜਹ ਜਹ ਦੇਖਾ ਤਹ ਨਰਹਰੀ* ॥ ੧ ॥
[ ਰਾਮਕਲੀ ਮ: ੧ ]
ਗੁਰੂ ਜੀ ਕਿਸੇ ਦੀ ਰਾਹੀਂ ਸੁਨੇਹੇ ਨਹੀਂ ਸੁਣਦੇ l ਪਰਦੇ ਦੇ ਉਹਲਿਓਂ ਆਵਾਜ਼ ਨਹੀਂ ਸੁਣਦੇ, ਓਹ ਦੇਖ ਰਹੇ ਹਨ ਸ੍ਵਯੰ ਆਪਣੇ ਤਜਰਬੇ ਵਿਚ ਬਿਲਾ ਵਸਾਤਤੇ ਗ਼ੈਰੀ ਸਿੱਧਾ ਆਪਣੇ ਅਕਾਲ ਪੁਰਖ ਨੂੰ ਦੇਖ ਰਹੇ ਹਨ : –
ਜਹ ਜਹ ਦੇਖਉ ਤਹ ਤਹ ਸਾਚਾ ॥
[ ਗਉਂ: ਮ:੧ ]
ਜੋ ਰੱਬ ਪੁਸਤਕਾਂ ਤੋਂ ਸਾਬਤ ਹੋ ਸਕਦਾ ਹੈ, ਕੁਦਰਤ ਜਿਸ ਨੂੰ ਲਖਣਾ ਹੋ ਕੇ ਲਖੌਂਦੀ ਹੈ, ਉਸ ਰੱਬ ਤੋਂ ਵੱਖਰਾ ਗੁਰ ਨਾਨਕ ਨੂੰ ਆਪਣਾ ਰੱਬ ਜ਼ਾਹਰਾ ਦਿੱਸਦਾ ਹੈ, ਪ੍ਰਤੱਖ ਦੀਹਦਾ ਹੈ । ਓਹ ਨਹੀਂ ਕਹਿਂਦੇ ਰੱਬ ਹੋਊ, ਆਓ ਤੱਕੀਏ : ਹੈ ਕਿ ਨਹੀਂ, ਰੱਬ ਹੋ ਸਕਦਾ ‘ਹੈ’। ਓਹ ਕਹਿਂਦੇ ਹਨ, ਰੱਬ ਹੈ, ਅਰ ਸਾਡੀ ਨਜ਼ਰ ਜਿੱਧਰ ਜਾਂਦੀ ਹੈ ਉਸਨੂੰ ਵੇਖਦੀ, ਹੈ ‘l
ਓਹ ਰੱਬ ਵਿਚ ਆਪਣਾ ਗੁਰੂ ਦੇਖਦੇ ਹਨ । ਰੱਬ ਵਿਚ ਪਿਤਾ ਦੇਖਦੇ ਹਨ, ਰੱਬ ਵਿਚ ਮਾਤਾ ਦੇਖਦੇ ਹਨ, ਤੇ ਅੰਤ ਬਾਣੀ ਵਿਚ ਪਿਆਰਾ ਪ੍ਰੀਤਮ ਤੇ ਪਤੀ ਦੇਖਦੇ ਤੇ ਸਦਕੇ ਹੁੰਦੇ ਹਨ । ਗੁਰੂ ਗ੍ਰੰਥ ਸਾਹਿਬ ਵਿਚ ਰੱਬ ਸੱਚੀ ਮੁਚੀ ਦੀ ਅਸਲੀਅਤ ਹੈ I ਇਹ ਕਹਿਣਾ ਕਿ ਗੁਰ ਨਾਨਕ ਸੱਚਾ ਮੁਤਲਾਸ਼ੀ [ Seeker after God ] ਸੀ, ਗਲਤ ਹੈ । ਗੁਰ ਨਾਨਕ ਦੇਵ ਜੀ ਨੂੰ ਉਸ ਦਾ ਰੱਬ ਪ੍ਰਾਪਤ ਸੀ, ਸਾਮਰਤੱਖ ਸੀ, ਜ਼ਾਹਿਰਾ ਜ਼ਹੂਰ ਤੇ ਹਾਜ਼ਰਾ ਹਜ਼ੂਰ ਸੀ । ਓਹ ਉਸਨੂੰ ਜਾਣਦੇ ਤੇ ਸਿਆਣਦੇ ਤੇ ਦੇਖਦੇ ਸੇ, ਇਹ ਨੀਂਹ ਪਰ ਓਹ ਉਸ ਦੇ ਯਕੀਨ ਵਿਚ ਅਹਿੱਲ ਤੇ ਅਚੱਲ ਸੇ ।
ਮਾਂ, ਪਿਉ, ਭੈਣ, ਇਸਤ੍ਰੀ, ਦੇਸ਼ ਦਾ ਰਾਜਾ ਗੁਰ ਨਾਨਕ ਨੂੰ ਉਸਦੇ ਰੱਬ ਦੇ ਹੁਕਮ ਵਲੋਂ ਹੋਂੜਦੇ ਹਨ । ਪਰ ਉਨ੍ਹਾਂ ਉਤੇ ਮੋਹ, ਭੈ ਕੋਈ ਸ਼ੈ ਅਸਰ ਨਹੀਂ ਕਰਦੀ । ਗੁਰ ਨਾਨਕ ਦਾ ਯਕੀਨੀ ਰੱਬ ਉਸ ਨੂੰ ਵੇਈਂ ਵਿਚੋਂ ਦਰਗਾਹੇ ਬੁਲਾ ਲੈਂਦਾ ਹੈ ਤੇ ਆਖਦਾ ਹੈ ਕਿ ‘ਨਾਨਕ ! ਇਹੁ ਅੰਮ੍ਰਿਤੁ ਮੇਰੇ ਨਾਮ ਕਾ ਪਿਆਲਾ ਹੈ, ਤੂੰ ਪੀਉ’ I…. ਤੂੰ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾਂ ਥੀਂ ਭੀ ਜਪਾਇ* I ਯਕੀਨੀ ਰੱਬ ਨੇ ਇਹ ਹੁਕਮ ਦਿੱਤਾ ਹੈ । ਹੁਣ ਗੁਰੂ ਨਾਨਕ ਨੂੰ ਪਰਿਵਾਰ ਯਾ ਕੋਈ ਹੋਰ ਸੰਸਾਰ ਦਾ ਸੁਖ ਕਦ ਰੋਕ ਸਕਦਾ ਹੈ, ਜ਼ਾਹਰਾ ਰੱਬ ਨੇ ਪਰਤੱਖ ਰੱਬ ਨੇ ਹੁਕਮ ਦਿੱਤਾ✝, ਗੁਰ ਨਾਨਕ ਜੀ ਪੁੱਤ੍ਰ ਤੇ ਇਸਤ੍ਰੀ ਵਿਲਪਦੇ ਛੱਡਕੇ ਆਪਣੇ ਪਰਤੱਖ ਰੱਬ ਦੀ ਆਗਯਾ ਪਾਲਣ ਪੰਜ ਵੇਰ ਸਾਰੇ ਸੰਸਾਰ ਵਿਚ ਫੇਰੇ ਮਾਰਦੇ ਹਨ, ਦੂਰ ਤੋਂ ਦੂਰ ਜਾਂਦੇ ਹਨ, ਖੇਦ ਸਹਿਂਦੇ ਹਨ, ਪਰਤੱਖ ਮਾਲਕ ਦਾ ਪ੍ਰੇਮ ਸੋਹਿਲਾ ਸੁਣਾਉਂਦੇ ਹਨ । ਕੈਸਾ ਉੱਚਾ ਤੇ ਕੈਸਾ ਸੱਚੇ ਤੋਂ ਸੱਚਾ ਯਕੀਨ ਹੈ I
ਹੁਣ ਆਓ ਓਹਨਾਂ ਦੇ ਕਮਾਲ ਵੱਲ, “ਰੱਬ ਹੈ” ਮੁਹੰਮਦ ਜੀ ਵਿਚ ਵੀ ਇਸ ਦਾ ਪਤਾ ਮਿਲਦਾ ਹੈ, ਪਰ ਗੁਰ ਨਾਨਕ ਲਈ ‘ਰੱਬ ਹੈ’ ਲਗਾਤਾਰੀ ਲਗਾਉ ਸੀ ਤੇ ਇਕ ਰਸੀ ਯਕੀਨ ਸੀ । ਇਹ ਯਕੀਨ ਕੋਈ ਰੁਝੇਵਾਂ, ਕੋਈ ਨੀਂਦ, ਕੋਈ ਕੰਮ, ਕੋਈ ਦੁਖ ਨਹੀਂ ਸੀ ਜੋ ਭੁਲਾਵੇ ਜਾਂ ਕਿਸੇ ਵੇਲੇ ਭੁਲਾਵੇ । ਊਠਤ, ਬੈਠਤ, ਸੋਵਤ, ਮਾਰਗ ਚਲਤ, ਦਮਬਦਮ ਲਗਾਤਾਰ ਇਕ ਰਸੀ ਯਕੀਨ ਸੀ ਅਹਿੱਲ ਅਟੁੱਟ, ਕਾਲ ਰਹਿਤ, ਸਦਾ ਜਾਗਦੀ ਰੂਹ ਵਿਚ ਟਿਕਿਆ ਸਿਦਕ ਸੀ । ਸਭਨਾਂ ਅਵਤਾਰਾਂ ਪੈਗ਼ੰਬਰਾਂ ਵਿਚ ਸ਼ੁਭ ਗੁਣ ਸੇ ਪਰ ਪਰਮੇਸ਼ੁਰ ਨਾਲ ਦਿਲ ਨੂੰ, ਸੁਰਤ ਨੂੰ ਲਗਾਤਾਰ ਲਗਾਈ ਰੱਖਣਾ, ਉਸ ਨਾਲੋਂ ਸਾਡੇ ਮਨ ਦਾ ਵਿੱਥ ਨਾ ਪਾ ਜਾਣਾ, ਫੇਰ ਗ੍ਰਿਹਸਤ ਵਿਚ ਰਹਿਣਾ, ਫਰਜ਼ ਪਾਲਣੇ ਇਹ ਵਿਸ਼ੇਸ਼ਤਾ ਗੁਰ ਨਾਨਕ ਵਿਚ ਸੀ । ਕਾਲ (Time) ਤੇ ਜੇ ਫਤਹ ਪਾਈਂ ਤਾਂ ਇਸ ਲਗਾਤਾਰਤਾ ਨਾਲ ਗੁਰ ਨਾਨਕ ਨੇ ਪਾਈ, ਦੇਸ਼ (Space) ਤੇ ਜੇ ਫਤਹ ਪਾਈ ਤਾਂ ਗੁਰ ਨਾਨਕ ਨੇ ਲਗਾਤਾਰ ਆਪਣੇ ਧਿਆਨ ਨੂੰ ‘ਸਾਈਂ ਹੈ’ ਦੇ ਇਕ ਏਸ ਨੁਕਤੇ ਤੇ ਲਾਈ ਰੱਖਕੇ ਤੇ ਇਥੋਂ ਧਿਆਨ ਨੂੰ ਹੋਰਥੇ ਜਾਣ ਦੇਣ ਦੀ ਆਗਿਆ ਨਾ ਦੇਕੇ ! ਕਾਰਨ ਤੇ ਕਾਰਜ ਦੇ ਸਿਲਸਿਲੇ, ਨਮਿੱਤ (Cause) ਦੇ ਝਗੜੇ ਨੂੰ ਗੁਰ ਨਾਨਕ ਨੇ ਜਿੱਤਿਆ ਲਗਾਤਾਰ ‘ਰਜ਼ਾ’ ਵਿਚ ਰਹਿਕੇ ਤੇ ਆਪਣੇ ਧਿਆਨ ਨੂੰ ਨਿਰੇ ਰੱਬ ਤੇ ਕਾਇਮ ਰੱਖਕੇ, ਹਰ ਭਾਣੇ, ਹਰ ਹੋਣੀ, ਪਰ ਵਾਕਿਆ ਨੂੰ ਸਾਂਈ ਵਲੋਂ ਸਮਝਕੇ I ਗੁਰ ਨਾਨਕ ਦੇਵ ਜੀ ਦਾ ਯਕੀਨ ਲਗਾਤਾਰੀ ਯਕੀਨ ਸੀ, ਕਾਲ ਰਹਿਤ ਯਕੀਨ ਸੀ, ਇਸ ਕਰਕੇ ਅਮਰ (ਅ+ਮਰ) ਯਕੀਨ ਸੀ, ਕਾਲ ਰਹਿਤ ਯਕੀਨ ਸੀ । ਇਸ ਗੁਰ ਨਾਨਕ ਦੇਵ ਜੀ ਦੇ ਯਕੀਨ ਸਿਦਕ ਭਰੋਸੇ ਦਾ ਕਮਾਲਾਂ ਦਾ ਕਮਾਲ ਧੁਰ ਉੱਚੀ ਚੋਟੀ ਦਾ ਕਮਾਲ ਸੀ।
ਇਸ ਤੋਂ ਛੁੱਟ ਗੁਰ ਨਾਨਕ ਜੀ ਦੇ ਬਦੀ ਦਾ ਰੱਬ ਸ਼ੈਤਾਨ ਨੂੰ ਨਹੀਂ ਮੰਨਿਆ । ਪਰਮੇਸ਼ੁਰ ਨੂੰ–ਜੈਸਾ ਕਿ ਅਸੀਂ ਦੱਸ ਆਏ ਹਾਂ—ਪੀਹੜੀਆਂ ਤੱਕ ਗ਼ੈਰਤ ਰੱਖਣ ਵਾਲਾ ਨਹੀਂ ਕਿਹਾ I ਇਸ ਦੇ ਨਾਲ ਹੀ ਸਾਈਂ ਨੂੰ ਜੱਬਾਰ ਤੇ ਕੱਹਾਰ ਨਹੀਂ ਆਖਿਆ । ਹੋਰ ਤਮਾਸਾ ਹੈ ਕਿ ਆਪਣੇ ਰੱਬ ਨੂੰ ਤੇਜ ਪ੍ਰਤਾਪ ਵਾਲਾ, ਜਲਾਲ ਤੇ ਜਮਾਲ ਦੋਹਾਂ ਖ਼ੂਬਸੂਰਤੀਆਂ ਵਾਲਾ ਵੇਖਿਆ ਹੈ I ਪਰ ਉਸ ਦੇ ਜਲਾਲ ਦੇ ਹੇਠ ਸੱਚ ਤੇ ਨਿਆਉਂ ਡਿੱਠਾ ਹੈ ਅਰ ਪਿਆਰ ਦੇ ਪੁੰਜ ਹੋਣ ਕਰਕੇ ਰਹਿਮ ਵਾਲਾ, ਮਿਹਰਾਂ ਵਾਲਾ, ਨਹੀਂ ਨਹੀਂ ਸਦਾ ਨਦਰੀ ਤੇ ਨਦਰਿ ਨਾਲ ਨਿਹਾਲ ਕਰਨ ਵਾਲਾ ਕਹਿਕੇ ਆਖਿਆ ਤੇ ਦੁਹਾਈ ਦਿੱਤੀ :-
ਲੋਕਾ ਮਤ ਕੋ ਫਕੜਿ ਪਾਇ ॥
ਲਖ ਮੜਿਆ ਕਰਿ ਏਕਠੇ ਏਕ ਰਤੀਲੇ ਭਾਹਿ ॥ ੧ ॥
[ ਆਸਾ ਮ: ੧ ]
ਰੱਬ ਪਾਪ ਬਖਸ਼ਦਾ ਹੈ, ਮਾਤਾ ਪਿਤਾ ਜੋ ਹੋਈਆ । ਜਿਵੇਂ ਲੱਖਾਂ ਮਣ ਲੱਕੜੀ ਇਕ ਰਤੀ ਅੱਗ ਨਾਲ ਸੜ ਜਾਂਦੀ ਹੈ ਤਿਵੇਂ ਉਸ ਦੀ ਹਜ਼ੂਰੀ ਲੱਖਾਂ ਪਾਪਾਂ ਨੂੰ ਸਾੜਦੀ ਹੈ l
ਗੁਰ ਨਾਨਕ ਦੇ ਹਉਂ ਰਹਿਤ ਹੋਣ ਕਰਕੇ ਨਿਜ ਨੂੰ ਸ੍ਰਿਸ਼ਟੀ ਦਾ ਸਫਾਰਸ਼ੀ ਬੀ ਨਹੀਂ ਕਿਹਾ । ਮਹਾਂ ਪੁਰਖਾਂ ਦੇ ਪੈਗ਼ੰਬਰ ਤੇ ਅਵਤਾਰਾਂ ਦਾ ਇਹ ਬੀ ਇਕ ਪ੍ਰੇਮ ਹੈ ਕਿ ਅਸੀਂ ਵਾਹਿਗੁਰੂ ਪਾਸ ਸਿਫਾਰਸ਼ ਕਰਾਂਗੇ, ਪਰ ਇਸ ਵਿਚ ਕਦੇ ਲੇਸ਼ ਮਾਤ੍ਰ ਹਉਂ ਰਹਿ ਜਾਂਦੀ ਹੈ l ਉੱਚੀਆਂ ਅਟਾਰੀਆਂ ਦੇ ਰਹਿਣ ਵਾਲੇ ਗੁਰ ਨਾਨਕ ਦੇਵ ਜੀ ਨੇ ਸਾਡੇ ਲਈ ਇਕਹੱਤਰ ਬਹਤਰ ਬਰਸ ਸੂਲੀ ਤੇ ਜੀਵਨ ਬਿਤਾਇਆ, ਸਾਡੇ ਪਰ ਸਭ ਕੁਝ ਵਾਰਿਆ, ਰੱਬ ਦੇ ਪਿਆਰ ਭਰੋਸੇ, ਸਿਦਕ ਵਿਚ ਪੁੱਤ੍ਰਾਂ ਦੇ ਲਾਭ ਵਾਰ ਘੱਤੇ ਤੇ ਰੱਬੀ ਯਕੀਨ ਵਾਲੇ ਸਿੱਖ ਨੂੰ ਸਭ ਕੁਛ ਦਿੱਤਾ, ਉੱਚੀ ਤੋਂ ਉੱਚੀ ਸਿਫਾਰਸ਼ ਇਹ ਹੈ, ਇਸ ਕਮਾਲਾਂ ਦੇ ਕਮਾਲ–ਹਉਂ ਦੇ ਅਭਾਵ–ਵਿਚ ਰਹਿਕੇ ਸਾਡੇ ਲਈ ਅਰਦਾਸ ਕੀਤੀ:-
‘ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ*’ ॥ [ ਆਸਾ ਮ: ੧ ]
ਫੇਰ ਆਪ ਕਿਸ ਅਵਸਥਾ ਵਿਚ ਰਹੇ ?
‘ਹੋਂਦਾ ਫੜੀਅਗੁ ਨਾਨਕ ਜਾਣੁ ॥
ਨਾ ਹਉ ਨਾ ਮੈ ਜੂਨੀ ਪਾਣੁ✝’ ॥ [ ਵਾਰ ਮਲਾ: ਮ: ੧ ]
ਫਿਰ ਕਿਆ ਗੁਰੂ ਜੀ ਨੇ ਸਿਖਾਂ ਨੂੰ ਆਪਣੀ ਮਦਦ ਦੇਣੋਂ ਸਿਰ ਫੇਰਕੇ ਜਗਯਾਸੂ ਮਨ ਨੂੰ ਨਿਰਾਸਤਾ ਵਿਚ ਸਿੱਟ ਦਿੱਤਾ ? ਨਹੀਂ, ਆਪ ਨੇ ਫਰਮਾਇਆ –
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨਾ ਖਾਇ ॥ [ ਵਾਰ ਮਾਝ ਮ: ੧ ]
ਗੁਰੂ ਹਾਮੀ ਭਰੇਗਾ, ਤੁਹਾਡਾ ਸਹਾਈ ਹੋਵੇਗਾ । ਪਰ ਤਾਂ ਜੇ ਮੁਰਦਾਰ ਨਾ ਖਾਓਗੇ ਗੁਰੂ ਜੀ ਉੱਚੀ ਤੋਂ ਉੱਚੀ ਇਖ਼ਲਾਕੀ ਪਵਿਤ੍ਰਤਾ ਤੇ ਧਰਮ ਦੀ ਨੀਂਹ ਰੱਖਕੇ ਉਸ ਨੂੰ ਰੂਹਾਨੀਅਤ ਦੀ ਊੂਧਰ ਗੰਮਤਾ ਵਿਚ ਲੈ ਜਾਂਦੇ ਹਨ, ਭਾਵ ਉੱਚਾ ਲੈ ਜਾਂਦੇ ਹਨ । ਮਨ ਨੂੰ ਪਵਿੱਤ੍ਰ ਕਰਕੇ ਰੂਹਾਨੀ ਮੰਡਲਾਂ ਵਿਚ ਜਾ ਜੋੜਦੇ ਹਨ ।
ਸੋ ਜਿਵੇਂ ਸ਼ੇਖ ਬ੍ਰਹਮ (ਫਰੀਦ) ਨੂੰ ਸਤਿਗੁਰਾਂ ਨੇ ਅਣਹੋਂਦਾ ਆਪ ਵੰਡਾਕੇ ਨਿਹਾਲ ਕੀਤਾ ਉਸੇ ਤਰ੍ਹਾਂ ਸਾਨੂੰ ਸਾਰੇ ਜਗਤ ਨੂੰ ‘ਆਪੇ ਨੂੰ ਆਪੇ ਤੋਂ ਅਣਹੋਂਦ ਕੀਤਾ ਹੋਇਆ’ ਆਪਾ ਗੁਰੂ ਜੀ ਨੇ ਦੇ ਦਿੱਤਾ, ‘ਰੱਬ’ ਦੇ ਦਿੱਤਾ, ਆਪਣਾ ‘ਸੱਚਾ ਸਿਖ’ ਦੇ ਦਿੱਤਾ, ਅਤੇ ਸਿੱਖੀ ਦੇ ਦਿੱਤੀ ।
ਹਾਂ ਜੀ, ਗੁਰੂ ਜੀ ਦੇ ਜੀਵਨ ਦਾ ਖਾਸ ਕਮਾਲ ਵਿਸ਼ੇਸ਼ ਲੱਖਣ, ਅੱਲਾ ਦੇ ਯਕੀਨ ਵਿਚ ਇਸ ਕਮਾਲ ਦਾ ਹੈ ਕਿ ਓਹਨਾਂ ਦਾ ਯਕੀਨ ਲਗਾਤਾਰ ਭਗਤੀ, ਲਗਾਤਾਰ ਯਾਦ, ਸਦਾ ਹਜ਼ੂਰੀ ਵਾਸ ਹੈ ਤੇ ਸਾਨੂੰ ਆਖਿਆ:-
ਸਿੱਖੋ ! ਰੱਬ ਨਾਲ ਲਗੇ ਰਹੋ; ਅੱਠੀ ਦਿਨੀਂ ਇਕ ਵਾਰ ਨਹੀਂ, ਹਰ ਦਿਨ; ਸਵੇਰੇ ਸੰਧਿਆ ਨੂੰ ਨਹੀਂ ਹਰ ਦਿਨ ਪੰਜ ਵਾਰ ਨਹੀਂ, ਪਰ ਲਗਾਤਾਰ —
ਰਾਤਿ ਦਿਹੈ ਹਰਿਨਾਉ ਮੰਨਿ ਵਸਾਈਐ ॥ [ ਸੂਹੀ ਮ: ੧
ਹਰਦਮ ਅਰਦਾਸ ਕਰੋ, (ਦਿਲੀ ਲਗਾਉ ਅਨੰਤ ਨਾਲ ਲਗਾਤਾਰ ਰੱਖਕੇ) I ਹਰਦਮ ਹਵਨ ਕਰੋ (ਯਾਦ ਦੀਆਂ ਆਹੂਤੀਆਂ ਨਾਲ) I ਹਰਦਮ ਸਿਜਦਾ ਕਰੋ ਲਗਾਤਾਰ ਹਜ਼ੂਰੀ ਵਿਚ ਵੱਸਕੇ )