ਗਰਬ ਗੰਜਨੀ

ਦਇਆ ਨੰਦ ਜੀ 

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

ਇਨ੍ਹਾਂ ਨਾਲ ਜ਼ਿਕਰ ਕਰਦਿਆਂ ਸਾਡੇ ਹੱਥ ਸੰਕੁਚਦੇ ਹਨ, ਕਿਉਂਕਿ ਇਨ੍ਹਾਂ ਨੇ ਸੰਸਾਰ ਦੇ ਮਹਾਂ ਪੁਰਖਾਂ ਦੇ ਸਤਿਕਾਰ ਦੇ ਉਲਟ ਹਵਾ ਚਲਾਈ ਹੈ ਤੇ ਸਤਿਕਾਰ ਯੋਗ ਵਯਕਤੀਆਂ ਨੂੰ ਮਾੜਾ ਆਖਣੋਂ ਕਿਤੇ ਨਹੀਂ ਰੁਕੇ । ਯਰੂਪ ਵਿਚ ਜਦ ਬੇ-ਸਤਿਕਾਰੀ ਹੱਦ ਨੂੰ ਅੱਪੜ ਗਈ ਸੀ ਅਰ ਸਾਇੰਸ ਤੇ ਫਿਲਾਸਫੀ ਦੇ ਨਾਮ ਹੇਠਾਂ ਮਹਾਂ ਪੁਰਖਾਂ ਦੇ ਗੁਣ ਨਿੰਦੇ ਜਾਂਦੇ ਸੇ, ਤਦੋਂ ਕੁਦਰਤ ਨੇ ਡਿੱਠਾ ਕਿ ਤਬਾਹੀ ਆ ਗਈ ਹੈ ਉਸ ਸਮੇਂ ਇੰਗਲਸਤਾਨ ਵਿਚ ਇਕ ਬਜ਼ੁਰਗ ‘ਕਾਰਲਾਇਲ’ ਤੇ ਜਰਮਨੀ ਵਿਚ ਮਹਾਂ ਕਵੀ ‘ਗਿਟੇ’ ਜੀ ਪੈਦਾ ਹੋਏ, ਜਿਨ੍ਹਾਂ ਨੇ ਇਸ ਬੇਸਤਿਕਾਰੀ ਦਾ ਜ਼ਹਿਰ ਦੂਰ ਕਰਨ ਵਿਚ ਬੜਾ ਉਪਕਾਰ ਕੀਤਾ । ਕਾਰਲਾਈਲ ਜੀ ਦੇ ਖਿਆਲ “ਹੀਰੋ ਵਰਸ਼ਿਪ”( ਮਹਾਂਪੁਰਖਾਂ ਦੀ ਪੂਜਾ ) ਨਾਮੇ ਪੁਸਤਕ ਵਿਚ ਮੌਜੂਦ ਹਨ, ਜਿਸ ਨੇ ਕਿ ਇਕ ਨਵੀਂ ਰੌ ਪੈਦਾ ਕੀਤੀ ਸੀ, ਇਨ੍ਹਾਂ ਦੇ ਸੱਚ ਤੇ ਸੱਚ ਪ੍ਰਕਾਸ਼ ਦੇ ਅੱਗੇ ਡਰਾਵਿਨ ਤੇ ਹਕਸਲੇ ਵਰਗੇ ਐਗਨਾਸਤਕ (ਰੱਬ ਵਲੋਂ ਚੁੱਪ) ਲੋਕ ਸਤਿਕਾਰ ਨਾਲ ਝੁਕਦੇ ਸਨ । ਕਾਸ਼ ! ਕੋਈ ਪੰਜਾਬ ਵਿਚ ਕਾਰਲਾਈਲ ਫੇਰਾ ਪਾਵੇ ਜੋ ਸਾਰੇ ਦੇਸ਼ਾਂ ਵਿਚ ਅੱਜ ਤੱਕ ਹੋਏ ਮਹਾਂ ਪੁਰਖਾਂ ਦੇ ਸਤਿਕਾਰ ਨੂੰ ਮੋੜ ਲਿਆਵੇ ਤੇ ਦੇਸ਼ ਉਸ ਤਬਾਹੀ ਤੋਂ ਬੱਚ ਜਾਵੇ ਜੋ ਮਹਾਂ ਪੁਰਖਾਂ ਦੀ ਬੇ ਸਤਿਕਾਰੀ ਦੇ ਸਿੱਟੇ ਵਿਚ ਕੌਮਾਂ ਤੇ ਦੇਸ਼ਾਂ ਪਰ ਆਇਆ ਕਰਦੀ ਹੈ ।

ਅਸੀਂ ਦਇਆ ਨੰਦ ਜੀ ਦਾ ਜ਼ਿਕਰ ਇਸ ਵਾਸਤੇ ਕੀਤਾ ਹੈ ਕਿ ਇਹ ਪੰਜਾਬ ਵਿਚ ਆਏ ਸੇ ਤੇ ਥੋੜਾ ਹੀ ਚਿਰ ਹੋਇਆ ਕਿ ਹੋਏ ਸੇ ਤੇ ਸਾਡੇ ਬਹੁਤੇ ਪੰਜਾਬੀ ਸੱਜਣ ਇਨ੍ਹਾਂ ਦਾ ਸਤਿਕਾਰ ਕਰਦੇ ਹਨ I  ਪਰੰਤੂ ਅਜੇ ਦਿਨ ਥੋੜੇ ਹੋਏ ਹਨ, ਲੋਕੀ ਦਰਸ਼ਨ ਕਰਨ ਵਾਲੇ ਜੀਉਂਦੇ ਹਨ, ਜਿਨ੍ਹਾਂ ਨੇ ਆਪ ਨੂੰ ਡਿੱਠਾ ਸੀ । ਇਨ੍ਹਾਂ ਦਾ ਆਪਣਾ ਦਾਵਾ ਪੰਡਤਾਈ ਦਾ ਜਾਂ ਸੁਧਾਰਕ ਪੰਡਤ ਦਾ ਸੀ । ਜਿਸ ਸ਼੍ਰੇਣੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਉਸ ਸ਼੍ਰੇਣੀ ਵਿਚ ਇਹ ਨਿਜ ਨੂੰ ਨਹੀਂ ਸਮਝਦੇ ਸਨ ਤੇ ਨਾਂ ਹੀ ਇਨ੍ਹਾਂ ਦੇ ਸਤਿਕਾਰੀ ਲੋਕ ਇਨ੍ਹਾਂ ਨੂੰ ਉਸ ਵਿਚ ਮੰਨਦੇ ਸਨ ।

ਇਨ੍ਹਾਂਂ ਦੇ ਸਮੇਂ ਤਾਂ ਲੋਕੀਂ ਇਨ੍ਹਾਂ ਨੂੰ ਕੇਵਲ ਵਿਦਵਾਨ ਦਾ ਦਰਜਾ ਦੇਂਦੇ ਸਨ, ਫੇਰ ਰੀਫਾਰਮਰ ਆਖਣ ਲਗੇ, ਫੇਰ ਰਿਸ਼ੀ, ਫੇਰ ਮਹਾ ਰਿਸ਼ੀ ਤੇ ਹੁਣ ਭਗਵਾਨ ਅਰ ਹੋਰ ਰੂਹਾਨੀ ਐਸ਼੍ਵਰਜ ਵਾਲੇ ਲਕਬ ਦੇਂਦੇ ਹਨ । ਪਰੰਤੂ ਅਸਲ ਗੱਲ ਇਹ ਹੈ ਕਿ ਇਨ੍ਹਾਂ ਦੇ ਸਤਿਕਾਰ ਦਾ ਅਧਿਕਾਰ ਵਿਦਯਾ ਦੇ ਮੰਡਲ ਤੋਂ ਬਾਹਰ ਨਹੀਂ ਜਾਂਦਾ ਅਰ ਅਜੇ ਤਕ ਇਨ੍ਹਾਂ ਦੇ ਆਪਣੇ ਲਗ ਪਗ ਸਾਰੇ ਉਪਾਸ਼ਕ ਇਹਨਾਂ ਨੂੰ ਆਪ ਅਵਤਾਰ, ਪੈਗ਼ੰਬਰ, ਰੂਹਾਨੀ ਰਸੂਲ ਦਾ ਦਰਜਾ ਨਹੀਂ ਦੇਂਦੇ ਬਲਕਿ ਭਗਵਾਨ ਆਦਿ ਲਫਜ਼ ਦੇਣ ਪਰ ਆਪੋ ਵਿਚ ਜੂਝਦੇ ਹਨ l ਇਸ ਕਰਕੇ ਹੋਰ ਕਿਸੇ ਵੀਚਾਰ ਦੀ ਲੋੜ ਨਹੀਂ ਰਹਿਂਦੀ I ਇਨ੍ਹਾਂ ਦੀ ਰਚੀ ਪੁਸਤਕ ਵਿਚ, ਇਹਨਾਂ ਦੇ ਪੰਜਾਬ ਵਿਚ ਦਿੱਤੇ ਲੈਕਚਰਾਂ ਵਿਚ, ਇਨ੍ਹਾਂ ਦੀ    ਚਲਾਟੀ ਸੰਪ੍ਰਦਾ ਵਿਚ ਜੋ ਸੰਸਾਰ ਭਰ ਦੇ ਮਹਾਂ ਪੁਰਖਾਂ ਲਈ ਸਤਿਕਾਰ ਦੀ ਬੇਸਤਿਕਾਰੀ ਕੀਤੀ ਗਈ ਹੈ ਕਿ ਉਸ ਪਰ ਸਾਨੂੰ ਤੇ ਹਰ (ਮਹਾਂ ਪੁਰਖਾਂ ਨੂੰ ਅਦਬ ਨਾਲ ਦੇਖਣ ਵਾਲੇ) ਸੱਜਣ ਨੂੰ ਮੁਨਾਸਬ ਸ਼ੋਕ ਹੈ, ਅਰ ਸੱਚੇ ਪਿਆਰ ਨਾਲ ਅਰਦਾਸ ਹੈ ਕਿ ਪੰਜਾਬ ਵਿਚੋਂ ਇਹ ਸਪਿਰਟ ਇਹਨਾਂ ਦੀ ਸੰਪ੍ਰਦਾ ਵਿਚੋਂ ਤੇ ਇਹਨਾਂ ਦੀ ਰੀਸੇ ਇਹ ਅਵਗੁਣ ਸਿਖ ਗਈਆਂ ਦੂਸਰੀਆਂ ਸੰਪਰਦਾਵਾਂ ਵਿਚੋਂ ਪਰਮੇਸ਼ੁਰ ਦੂਰ ਕਰੇ ਜੋ ਗੁਰ ਨਾਨਕ ਦੇਵ ਜੀ ਦਾ ਇਹ ਸੋਨੇ ਅੱਖਰੀ ਜੜਿਆ ਵਾਕ ਪ੍ਰਚਾਰ ਪਾਵੇ :- 

ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ ॥

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ ॥         

[ ਸੂਹੀ ਮ:੧ ]

ਗੁਰ ਨਾਨਕ ਦੇਵ ਜੀ ਨੇ ਵਿਤ੍ਰੇਕ ਬੁੱਧੀ ਤਾਂ ਸਿਖਾਈ ਹੈ ਪਰ ਨਿੰਦਾ ਤੋਂ ਬੜਾ ਹੋੜਿਆ ਹੈ। ਗੁਰੂ ਜੀ ਨੇ ਸਾਂਈ ਨਾਲ ਪ੍ਰੇਮਾ ਭਗਤੀ ਤੇ ਇਨਸਾਨ ਨਾਲ ਸਰਬੱਤ ਦਾ ਭਲਾ ਸਿਖਾਇਆ ਹੈ । ਜਿਥੋਂ ਤੱਕ ਵੀਚਾਰ ਕੀਤੀ ਹੈ ਗੁਰ ਨਾਨਕ ਦੇਵ ਜੀ ਸਭ ਤੋਂ ਪਹਿਲੇ ਮਹਾਂ ਪੁਰਖ ਹੋਏ ਹਨ, ਜਿਨ੍ਹਾਂ ਨੇ ਜਗਤ ਨੂੰ ਸਿਖਾਇਆ ਕਿ ਮਜ਼ਹਬ ਤੋਂ ਮਜ਼ਹਬੀ ਤਅੱਸਬ ਦੂਰ ਕਰਕੇ ਮਜ਼ਹਬਾਂ ਦੀ ਵੀਚਾਰ ਕਰੋ ਤੇ ਮੱਤ ਦਿੱਤੀ ਕਿ ਹਰ ਮਜ਼ਹਬ ਨੂੰ ਉਸ ਦੇ ਨੁਕਤਾ-ਨਿਗਾਹ ਤੋਂ ਦੇਖੋ ਤੇ ਉਸ ਦੀਆ ਖੂਬੀਆਂ ਤੱਕੋ ਤੇ ਉਸ ਦੇ ਪੈਰੋਕਾਰਾਂ ਨੂੰ ਉਸ ਦੇ ਆਦਰਸ਼ ਪਰ ਅਮਲ ਕਰਨ ਦੀ ਤੱਕੜੀ ਨਾਲ ਤੋਲੋ I ਆਪ ਨੇ ਨਹੀਂ ਕਿਹਾ ਕਿ ਮੁਸਲਮਾਨ ਕਾਫਰ ਹਨ ਪਰ ਕਿਹਾ ਕਿ ‘ਮੁਸਲਮਾਣੁ ਕਹਾਵਣੁ ਮੁਸਕਲੁ’ l ਫੇਰ ਮੁਸਲਮਾਨ ਦਾ ਆਦਰਸ਼ ਦੱਸਿਆ ਤੇ ਮੱਤ ਇਹ ਦਿੱਤੀ ਕਿ ਦੇਖੋ ਤੁਸੀਂ ਇਸ ਤੋਂ ਕਿੰਨੀਂ ਦੂਰ ਹੋ I ਨਿਮਾਜ਼ ਨੂੰ ਗਾਲ੍ਹ ਨਹੀਂ ਦਿੱਤੀ ਪਰ ਬੇਹਜ਼ੂਰੀ ਦੀ ਨਿਮਾਜ਼ ਪੜ੍ਹਨ ਵਾਲੇ ਨੂੰ ਕਿਹਾ ਤੂੰ ਮੁਸਲਮਾਨ ਨਹੀਂ, ਇਸੀ ਤਰ੍ਹਾਂ ਹਰੇਕ ਨਾਲ । ਉਹਨਾਂ ਦੇ ਇਸ ਨਵੇਂ ਵਤੀਰੇ ਤੋਂ ‘ਧਾਰਮਕ ਸਹਾਰਾ’ ਤੇ ਮਜ਼ਹਬਾਂ ਦੀ ਕੂਤ ਨੂੰ ਮੁਕਾਬਲੇ ਨਾਲ ਜਾਚਣ ਦੀ ਰਵਸ਼ ਟੁਰੀ l ਡਾਕਟਰ ਖ਼ੁਦਾਦਾਦ ਦੀ ਡਿਹਰਾਦੂਨ ਵਾਲੇ ਕਿਹਾ ਕਰਦੇ ਸਨ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਅਸੂਲ ਨੂੰ ਕਾਇਮ ਕਰਨ ਬਾਦ ਇਸ ਤੇ ਟੁਰਨ ਵਾਲੇ ਦੂਸਰੇ ਸ਼ਖਸ ਅੱਬੁਲਫਜ਼ਲ ਜੀ ਹੋਏ । ਸ਼ਾਇਦ ਇਸੇ ਕਰਕੇ ਅਸੀਂ ਅਕਬਰ ਵਿਚ ‘ਦੀਨੀ ਬਰਦਾਸ਼ਤ’ ਯਾ ‘ਧਾਰਮਕ ਸਹਾਰਾ’ ਵੇਖਦੇ ਹਾਂ । ਇਸ ਧਾਰਮਕ ਸਹਾਰੇ ਨਾਲ ਜਗਤ ਵਿਚ ਦੀਨ ਦੇ ਨਾਮ ਹੇਠ ਨਫਰਤ, ਵੈਰ ਤੇ ਕਤਲਾਂ ਦੀ ਮੰਦੀ ਰਵਸ਼ ਦੂਰ ਹੁੰਦੀ ਹੈ l ਇਸੇ ਕਰਕੇ ਇਤਿਹਾਸ ਖੋਜੀ ਤੇ ਇਤਰ ਮਤਾਂ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਸਲਾਹ ਦਾ ਪੈਗ਼ੰਬਰ ( Prophet Of Peace ) ਕਿਹਾ ਕਰਦੇ ਹਨ l