ਗਰਬ ਗੰਜਨੀ

ਗੁਰ ਨਾਨਕ ਜੀ ਤੇ ਤਾਊ ਲਾਊਟਸ ਕਨਫਯੂਕਸ 

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

ਤਾਊ ਆਦਮੀ ਦਾ ਨਾਮ ਨਹੀਂ, ਇਹ ਇਕ ਮਤ ਹੈ ਜੋ ਢੇਰ ਚਿਰ ਈਸਾ ਤੋਂ ਪਹਿਲੇ ਚੀਨ ਜੈਸੇ ਮਨੁੱਖਾਂ ਨਾਲ ਭਰੇ ਦੇਸ਼ ਵਿਚ ਤੁਰਿਆ I ਇਸ ਦੇ ਪ੍ਰਚਾਰਕ ਸ੍ਰੀ ‘ਲਾਊਟਸ’ ਹੋਏ ਹਨ । ਤਾਊ ਦਾ ਅਰਥ ਹੈ ਪੰਥ, ਪਰ ਮਗਰੋਂ ਤਾਊ ਦੇ ਅਰਥ ਹੋ ਗਏ ‘ਕਰਤਾ, ਅਦ੍ਰਿਸ਼ਯ ਤੇ ਅਮਰ’ I ਲਾਊਟਸ ਦੀ ਸਿੱਖਯਾ ਦਾ ਨਿਚੋੜ ਇਹ ਹੈ ਕਿ ਨੇਕੀ ਬਦੀ ਨੂੰ ਅਖੀਰ ਜਿੱਤੇਗੀ । ਇਸ ਪ੍ਰਕਾਰ ਦੇ ਮਤਾਂ ਨੂੰ ਤੇ ਆਦਿ ਹਿੰਦ ਦੀ ਤਪੱਸਯਾ ਨੂੰ ਤੱਕੀਏ ਤਾਂ ਸਰੀਰ, ਸਫਾਈ, ਕਾਇਆਂ ਦਾ ਮਾਂਜਣਾ ਹੀ ਧਰਮ ਸਮਝਿਆ ਗਿਆ ਸੀ । ਨ੍ਹਾਉਣਾ, ਸੇਵਾ, ਬ੍ਰਤ ਆਦਿ ਤੇ ਆਸਨਾਂ ਦੀਆਂ ਵਰਜ਼ਸ਼ਾਂ ਸਰੀਰਕ ਅਰੋਗਤਾ ਦੇ ਸਾਧਨ ਹੀ ਧਰਮ ਸਮਝੇ ਜਾਂਦੇ ਸਨ । ਕੁਛ ਇਹੋ ਜਿਹਾ ਹਾਲ ਇਨ੍ਹਾਂ ਚੀਨੀ ਮਤਾਂ ਦਾ ਸੀ  । ਜੇ ਕੁਛ ਆਚਰਣਕ ਰੁਖ਼ ਸੀ ਤਾਂ ਇਹ ਕਿ ਬਦੀ ਅਖੀਰ ਨੂੰ ਹਾਰੇਗੀ । ਗੁਰੂ ਨਾਨਕ ਦੇਵ ਜੀ ਨੇ ਸਰੀਰਕ ਸਫਾਈ ਦੱਸੀ, ਇਸ਼ਨਾਨ ਅੰਮ੍ਰਿਤ ਵੇਲੇ ਦਾ ਠਹਿਰਾਇਆ; ਪਰ ਸਰੀਰਕ ਸਫਾਈ ਲਈ, ਉੱਚੇ ਇਖ਼ਲਾਕ ਤੇ ਇਖ਼ਲਾਕੀ ਬਿਨਾ ਤੇ ਵਿਸਮਾਦੀ ਰੰਗਾਂ ਤੇ ਪ੍ਰੇਮਾ ਭਗਤੀ ਦੁਆਰਾ ਵਾਹਿਗੁਰੂ ਵਿਚ ਮੇਲ ਦੇ ਆਦਰਸ਼ ਨੂੰ ਸਰੀਰਕ ਕ੍ਰਿਯਾਵਾਂ ਤੋਂ ਨਿਖੇੜ ਕੇ ਉੱਚਾ ਲੈ ਗਏ ਤੇ ਕੂਕ ਕੇ ਆਖਿਆ :-

“ਕੂੜ ਨਿਖੁਟੇ ਨਾਨਕਾ ਓੜਕਿ ਸਚ ਰਹੀ” l

ਕਨਫਯੂਕਸ ਜੀ ਭੀ ਈਸਾ ਤੋਂ ੫੫੧ ਵਰ੍ਹੇ ਪਹਿਲਾਂ ਚੀਨ ਵਿਚ ਹੋਏ ਹਨ । ਆਪ ਨੇ ਦੇਸ਼ ਦੀ ਸੇਵਾ ਭੀ ਕੀਤੀ ਤੇ ਧਰਮ ਭੀ ਸਿਖਾਇਆ, ਆਪ ਦੇ ਮਤ ਦਾ ਨਿਚੋੜ ਤੇ ਉੱਚੇ ਤੋਂ ਉੱਚਾ ਖਿਆਲ ਬਹੁਤ ਅੱਗੇ ਨਹੀਂ ਜਾਂਦਾ, ਕਿਸੇ ਨੇ ਕਨਫਯੂਕਸ ਨੂੰ ਕਿਹਾ ਸੀ ਆਪਣੀ ਸਾਰੀ ਸਿਖਯਾ ਇਕ ਲਫਜ਼ ਵਿਚ ਬਿਆਨ ਕਰ, ਤਾਂ ਓਹਨਾਂ ਨੇ ਆਖਿਆ ਸੀ ‘ਅਦਲਾ ਬਦਲਾ’ ਅਰਥਾਤ ‘ਜੋ ਸਲੂਕ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨਾਲ ਨਾਂ ਹੋਵੇ ਉਹ ਦਸਰਿਆਂ ਨਾਲ ਨਾਂ ਕਰੋ’, ਪਰੰਤੂ ਇਨ੍ਹਾਂ ਦੇ ਜ਼ਮਾਨੇ ਹੀ ਚੀਨ ਵਿਚ  ‘ਲਾਟਜ਼ੂ’ ਨਾਮੇ ਇਕ ਹੋਰ ਮਹਾਂ ਪੁਰਖ ਹੋਏ ਹਨ, ਉਨ੍ਹਾਂ ਦਾ ਮਤ ਇਸੇ ਤਰ੍ਹਾਂ ਦੀ ਹਦ ਅੰਦਰ ਰਿਹਾ, ਪਰ ਉਨ੍ਹਾਂ ਦਾ ਇਖ਼ਲਾਕ ਕਨਫਯੂਕਸ ਨਾਲੋਂ ਅਗੇਰੇ ਲੰਘ ਗਿਆ ਸੀ, ਕਿਉਂਕਿ ਉਨ੍ਹਾਂ ਨੇ ‘ਅਦਲੇ ਬਦਲੇ’ ਦੀ ਥਾਂ, ਇਹ ਸ਼ੁਭ ਮਤ ਸਿਖਾਈ ਸੀ ਕਿ ‘ਬਦੀ ਦੇ ਬਦਲੇ ਨੇਕੀ ਕਰੋ ।

ਇਹ ਸਾਰੇ ਮਹਾਂ ਪੁਰਖ ਉਸ ਪ੍ਰਕਾਰ ਦੇ ਇਖ਼ਲਾਕੀ ਸਿੱਖਯਕ ਸੇ, ਜਿਸ ਦਾ ਕਮਾਲ ਬੁੱਧ ਜੀ ਵਿਚ ਹੋਇਆ, ਜੋ ਅਸੀਂ ਪਿਛੇ ਜ਼ਿਕਰ ਕਰ ਆਏ ਹਾਂ ਤੇ ਦੱਸ ਆਏ ਹਾਂ ਕਿ ‘ਗੁਰੂ ਜੀ ਉਸ ਦੇ ਕਮਾਲ ਨੂੰ  ਭੀ ਸ਼ਿਖਰ ਤਕ ਕੀਕੂੰ ਲੈ ਗਏ ਤੇ ਰੂਹਾਨੀ ਕਮਾਲ ਨੂੰ ਨਾਲ ਮਿਲਾਕੇ ਕੀਕੂੰ ਭਗਤਾਂ ਦੇ ਸਭ ਤੋਂ ਵੱਡੇ ‘ਮੁਕੰਮਲ ਸਿਖਯਕ’ ਅਰਥਾਤ ਗੁਰੂ ਹੋਏ ਹਨ, ਜਿਨ੍ਹਾਂ ਵਿਚ ‘ਅਸਲੀ ਇਖ਼ਲਾਕ’ ਤੇ ‘ਰੂਹਾਨੀਅਤ’  ਸ਼ਿਖਰ ਤੇ ਪੁਜ ਗਈ ਸੀ ।