ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
“ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥”
ਚਿਰਾ ਦੀ ਗੱਲ ਹੈ ਕਿ ਇਕ ਵਿਆਹ ਦੇ ਮੌਕਿਆਂ ਤੇ ਸਚਖੰਡ ਵਾਸੀ ਸੰਤ ਸਵਾਯਾ ਸਿੰਘ ਜੀ ਸਾਡੇ ਘਰ ਆਏ ਸੇ, ਸਤਿਸੰਗ ਦੀਆਂ ਗੱਲਾਂ ਬਾਤਾ ਕਰਦੇ ਹੋਏ ਆਪ ਨੇ ਫੁਰਮਾਯਾ: ਗੁਰੂ ਨਾਨਕ ਦੇਵ ਜੀ ਤੇ ਜ਼ਰਾ ਦਇਆ ਕਰਿਆ ਕਰੋ’ । ਉਨ੍ਹਾਂ ਦਾ ਇਹ ਵਾਕ ਸੁਣਕੇ ਸਾਰੇ ਤ੍ਰਬ੍ਹਕ ਗਏ, ਪਰ ਉਹ ਆਪ ਹੀ ਕਿਸੇ ਦੇ ਕੁਛ ਪੁਛਣ ਤੋਂ ਪਹਿਲਾਂ ਬੋਲ ਪਏ ਤੇ ਆਖਣ ਲੱਗੇ: ਹੈਰਾਨ ਨਾ ਹੋਵੋ, ਮੈਂ ਬੇਅਦਬੀ ਦੇ ਵਾਕ ਨਹੀਂ ਕਹੇ, ਪਰ ਸ੍ਰਿਸ਼ਟੀ ਦੇ ਲਾਭ ਦੇ ਅਤਿ ਜ਼ਰੂਰੀ ਵਾਕ ਕਹੇ ਹਨ, ਜੋ ਸਤਿਗੁਰ ਜੀ ਦੇ ਅਦਬ ਵਾਲੇ ਹਨ । ਦੇਖੋ ਇਕ ਡਾਕਟਰ ਹੈ ਜੋ ਬੇਓੜਕੇ ਬੀਮਾਰਾਂ ਦਾ ਰੋਜ਼ ਦਾਰੂ ਕਰਦਾ ਹੈ, ਹੁਣ ਜੇ ਹਰ ਬੀਮਾਰ ਡਾਕਟਰ ਦੇ ਕਹੇ ਮੂਜਬ ਦਵਾ ਠੀਕ ਵੇਲੇ ਸਿਰ ਖਾਂਦਾ ਹੈ, ਗ਼ਜ਼ਾ ਉਸ ਦੀ ਦੱਸੀ ਵਰਤਦਾ ਹੈ ਤੇ ਹਰ ਤਰ੍ਹਾਂ ਨਾਲ ਪੱਥ ਪ੍ਰਹੇਜ਼ ਰੱਖਦਾ ਹੈ ਉਹ ਛੇਤੀ ਵੱਲ ਹੁੰਦਾ ਹੈ ।
ਇਸੇ ਤਰ੍ਹਾਂ ਜਿੰਨਾ ਕੋਈ ਰੋਗੀ ਡਾਕਦਾਰ ਦਾ ਥੋੜਾ ਵਕਤ ਲੈਂਦਾ ਹੈ, ਓਨਾਂ ਡਾਕਦਾਰ ਬਹੁਤੇ ਬੀਮਾਰਾਂ ਨੂੰ ਵਕਤ ਦੇ ਸਕਦਾ ਹੈ । ਐਉਂ ਡਾਕਦਾਰ ਆਪਣੇ ਫਰਜ਼ ਨੂੰ ਵਧੀਕ ਪੂਰਾ ਕਰਦਾ ਹੈ । ਦੂਜੇ ਪਾਸੇ ਸੋਚੇ ਕਿ ਇਕ ਉਹ ਬੀਮਾਰ ਹੈ ਜੋ ਪ੍ਰਹੇਜ਼ ਨਹੀਂ ਰੱਖਦਾ, ਦਵਾ ਠੀਕ ਤਰ੍ਹਾਂ ਨਹੀਂ ਖਾਂਦਾ, ਉਹ ਛੇਤੀ ਵੱਲ ਨਹੀਂ ਹੁੰਦਾ, ਉਸ ਪਰ ਡਾਕਦਾਰ ਨੂੰ ਵਕਤ ਵਧੇਰੇ ਖਰਚ ਕਰਨਾ ਪੈਂਦਾ ਹੈ ਤੇ ਇਸ ਤਰ੍ਹਾਂ ਉਹ ਡਾਕਦਾਰ ਦਾ ਵਕਤ ਅਜਾਂਈਂ ਗਵਾਉਂਦਾ ਹੈ ਤੇ ਇਸ ਵਕਤ ਦੇ ਅਜਾਂਈਂ ਜਾਣ ਕਰਕੇ ਡਾਕਦਾਰ ਥੋੜ੍ਹੇ ਬੀਮਾਰਾਂ ਨੂੰ ਦੇਖ ਸਕਦਾ ਹੈ । ਹੁਣ ਦੱਸੋ ਪ੍ਰਹੇਜ਼ ਰੱਖਣ ਵਾਲਾ ਬੀਮਾਰ ਡਾਕਦਾਰ ਪਰ ਮਿਹਰਬਾਨੀ ਕਰਦਾ ਹੈ ਕਿ ਨਹੀਂ ? ਜੋ ਡਾਕਦਾਰ ਦਾ ਵਕਤ ਬਚਾਉਂਦਾ ਹੈ ਜਿਸਨੂੰ ਡਾਕਦਾਰ ਹੋਰਨਾਂ ਬੀਮਾਰਾਂ ਪਰ ਸਫਲ ਕਰਦਾ ਹੈ ? ਹੁਣ ਲਓ ਇਸੇ ਦ੍ਰਿਸ਼ਟਾਂਤ ਨੂੰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਪਰ ਘਟਾਓ I ਓਹ ਸੱਚੇ ਡਾਕਦਾਰ ਹਨ ਤੇ ਉਨ੍ਹਾਂ ਦਾ ਬਿਰਦ ਇਹ ਹੈ :-
ਸਗਲ ਸਮੂਹ ਲੈ ਉਧਰੇ ਨਾਨਕ……. l
ਸੋਚੋ, ਜਿਸ ਸੱਚੇ ਵੈਦ ਦਾ ਬਿਰਦ ਇਹ ਹੈ ਕਿ ਸਾਰਿਆਂ ਨੂੰ ਉਸ ਨੇ ਉਧਾਰਨਾ ਹੈ, ਉਸ ਦੇ ਅੱਗੇ ਕਿੰਨਾ ਭਾਰੀ ਕੰਮ ਪਿਆ ਹੈ । ਅਸੀਂ ਉਸ ਸੱਚੇ ਵੈਦ ਦੇ ਇਕ ਬੀਮਾਰ ਹਾਂ, ਸਾਨੂੰ ਉਸ ਨੇ ‘ਸੰਸਾਰ ਰੋਗੀ’ ਜਾਣਕੇ ‘ਨਾਮ ਦਾਰੂ’ ਦਿੱਤਾ ਹੈ। ਹੁਣ ਜੇ ਤਾਂ ਅਸੀਂ ਇਹ ਦਾਰੂ ਪੱਥ ਪ੍ਰਹੇਜ਼ ਰੱਖਕੇ ਖਾਂਦੇ ਹਾਂ ਤਾਂ ਨਿਸਚੇ ਹੈ ਕਿ ਛੇਤੀ ਰਾਜ਼ੀ ਹੋਵਾਂਗੇ । ਜੇ ਅਸੀਂ ਪੱਥ ਪ੍ਰਹੇਜ਼ ਨਹੀਂ ਰੱਖਦੇ ਤਾਂ ਰੋਗ ਚਿਰਕਾ ਹਟੇਗਾ ਤੇ ਗੁਰੂ ਨਾਨਕ ਦੇਵ ਜੀ ਨੇ, ਜੋ ਰਾਜ਼ੀ ਕਰਨ ਦਾ ਪ੍ਰਣ ਕਰ ਚੁਕੇ ਹੈਨ, ਸਾਨੂੰ ਆਪਣੇ ਹਸਪਤਾਲੋਂ ਕੱਢਣਾ ਤਾਂ ਹੈ ਹੀ ਨਹੀਂ, ਹੋਰ ਹੋਰ ਉਪਰਾਲੇ ਸਾਡੇ ਨਾਲ ਕਰਨਗੇ, ਐਉਂ ਸਾਡੇ ਤੇ ਵਧੀਕ ਵਕਤ ਖਰਚ ਕਰਨਗੇ, ਸੋ ਅਸੀਂ ਆਪਣੇ ਲਈ ਵਾਧੂ ਵਕਤ ਲੈਣ ਵਿਚ ਗੁਰੂ ਜੀ ਦੇ ਸ੍ਰਿਸ਼ਟੀ ਉਧਾਰ ਦੇ ਕੰਮ ਵਿਚ ਢਿੱਲ ਪਾਵਾਂਗੇ । ਓਹ ਪ੍ਰਣ ਕਰ ਚੁਕੇ ਹਨ: ‘ਸਗਲ ਸਮੂਹ ਦਾ ਉਧਾਰ ਕਰਨਾ ਹੈ’, ਇਸ ਲਈ ਬਹੁਤ ਚਿਰ ਤੱਕ ਇਲਾਜਾਂ ਵਿਚ ਰੁੱਝੇ ਰਹਿਣਗੇ I ਪਰ ਜੇ ਅਸੀਂ ਗੁਰੂ ਨਾਨਕ ਜੀ ਦਾ ਘੱਟ ਤੋਂ ਘੱਟ ਵਕਤ ਲਈਏ ਤਾਂ ਓਹ ਉਸ ਵਕਤ ਨੂੰ ਹੋਰਨਾਂ ਪਰ ਲਾਕੇ ਆਪਣੇ ਕੰਮਾਂ ਨੂੰ ਸਹਿਲਾ ਤੇ ਛੇਤੀ ਕਰਨਗੇ । ਹੁਣ ਦੱਸੋ ਓਹਨਾਂ ਦੇ ਵਕਤ ਬਚਾਉਣ ਵਿਚ ਅਸੀਂ ਉਹਨਾਂ ਤੇ ਕ੍ਰਿਪਾ ਨਹੀਂ ਕਰਦੇ ? ਇਹ ਕਹਿਕੇ ਉਹ ਇਸ ਤਰ੍ਹਾਂ ਮੁਸਕ੍ਰਾਏ ਜਿਸ ਤਰ੍ਹਾਂ ਲਾਡਲੇ ਭਗਤ ਲਾਡਮਈ ਪਿਆਰ ਵਿਚ ਮੁਸਕ੍ਰਾਯਾ ਕਰਦੇ ਹਨ ।
ਪਾਠਕਾਂ ਨੂੰ ਭੁਲੇਖਾ ਨਾ ਲੱਗੇ; ਸਿਖੀ ਸਿਦਕ ਦੇ ਪੂਰੇ ਸੰਤ ਸਵਾਯਾ ਸਿੰਘ ਜੀ ਦਾ ਭਾਵ ਇਹ ਸੀ ਕਿ ਗੁਰ ਨਾਨਕ ਸੱਚਾ ਵੈਦ ਹੈ ਅਰ ਇਤਨਾ ਵੱਡਾ ਹੈ ਕਿ ਸਾਰੇ ਜਹਾਨ ਦੀ ਮੁਕਤੀ ਉਹਨਾਂ ਨੇ ਹੀ ਕਰਨੀ ਹੈ, ਹਾਂ ‘ਸਭ ਤੇ ਵੱਡਾ ਸਤਿਗੁਰੁ ਨਾਨਕੁ’ ਹੈ ਇਹੀ ਗੁਰਬਾਣੀ ਆਖਦੀ ਹੈ ਤੇ ਇਹੀ ਹਰ ਸਿਖ ਦਾ ਵਿਸ਼ਵਾਸ਼ ਹੈ I
ਦੁਨੀਆਂ ਵਿਚ ਅੱਡ ਅੱਡ ਸਮਿਆਂ ਤੇ ਅੱਡ ਅੱਡ ਦੇਸ਼ਾਂ ਵਿਚ ਕਈ ਮਹਾਂ ਪੁਰਖ ਆਏ ਤੇ ਆਪੋ ਆਪਣੇ ਚਾਨਣੇ ਤੇ ਲੋੜਾਂ ਅਨੁਸਾਰ ਰਸਤੇ ਦਿਖਾ ਗਏ । ਸਭ ਤੋਂ ਅਖੀਰ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਆਏ । ਅਕਸਰ ਪੁੱਛਿਆ ਜਾਂਦਾ ਹੈ ਕਿ ਗੁਰ ਨਾਨਕ ਪਿਛਲਿਆਂ ਤੋਂ ਵੱਡੇ ਹਨ ਕਿ ਛੋਟੇ ? ਜਦ ਗੁਰਬਾਣੀ ਤੋਂ ਪੁੱਛੀਏ ਤਾਂ ਉੱਤਰ ਮਿਲਦਾ ਹੈ :-
“ਸਭ ਤੇ ਵੱਡਾ ਸਤਿਗੁਰੁ ਨਾਨਕੁ” I
ਅਰਸ਼ਾਂ ਵਿਚ ਤਾਂ ਵਾਹਿਗੁਰੂ ਜਯੋਤੀ ਸਰੂਪ ਦੀ ਸਿਖਯਾ ਦਾਤਾ ਜਯੋਤੀ ‘ਗੁਰੂ-ਜਯੋਤੀ’ ਹੈ ! ਸੰਸਾਰ ਵਿਚ ਜਿਤਨੇ ਸਿੱਖਯਾ ਦਾਤੇ ਆਏ ਸਭ ਉਸ ਜਯੋਤੀ ਦੇ ਹੁਕਮ ਵਿਚ ਆਏ, ਜਿਸ ਦਾ ਨਾਮ ‘ਗੁਰੂ’ ਹੈ, ਜੋ ਅਰਸ਼ਾਂ ਤੋਂ ਮਹਾਂ ਪੁਰਖਾਂ ਵਿਚ ‘ਤਾਰਨ’ ਦੀ ਸੱਤਯਾ ਭਰਕੇ ਘੱਲਦੀ ਤੇ ਰਹਿਬਰੀ ਕਰਦੀ ਹੈ । ਉਹ ‘ਗੁਰੂ ਜੋਤਿ’ ਜਦੋਂ ਜਗਤ ਵਿਚ ਆਪ ਆ ਪ੍ਰਗਟੀ ਤਾਂ ‘ਗੁਰੂ’ ਪਦ ਦੇ ਨਾਲ ਮਾਪਿਆਂ ਦੇ ਦਿੱਤੇ ਨਾਮ ‘ਨਾਨਕ’ ਨਾਲ ਸਾਡੇ ਵਿਚ ਪ੍ਰਸਿੱਧ ਹੋਈ, ਪਰੰਤੂ ਸੰਸਾਰ ਵਿਚ ਓਹਨਾਂ ਦੀਆਂ ਕਹਿਣੀਆਂ, ਕਰਤੱਬਾਂ ਤੇ ਅਸਲੀ ਦਸ਼ਾ ਤੋਂ ਓਹਨਾਂ ਦੀ ਵਡਿਆਈ ਕਿਵੇਂ ਪ੍ਰਤੀਤ ਹੁੰਦੀ ਹੈ, ਇਸ ਸਤਿਕਾਰ ਭਰੀ ਵੀਚਾਰ, ਦੀ ਲੋੜ ਹੈ, ਜਿਸ ਲਈ ਅਸੀਂ ਹਰੇਕ ਮਹਾਂ ਪੁਰਖ ਦੇ ਗੁਣਾਂ ਦਾ ਵਿਚਾਰ ਕਰਦੇ ਹਾਂ :-
‘ਜੇ ਗੁਣ ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
[ ਸ਼ੂਹੀ ਛੰਤ ਮ:੧ ]
ਇਸ ਅਸੂਲ ਮੂਜਬ ਅਸੀਂ ਅਜ ਮਨੁੱਖੀ ਨੁਕਤੇ ਤੋਂ ਵੇਖਣਾ ਹੈ ‘ਸਭ ਤੇ ਵੱਡਾ ਸਤਿਗੁਰੁ ਨਾਨਕ’ ਕਿਕੁੰ ਸਿੱਧ ਹੁੰਦਾ ਹੈ* :-