ਗਰਬ ਗੰਜਨੀ

ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼ੰਕਰਾਚਾਰਜ, ਪਲਾਤੂਸ, ਸੁਕ੍ਰਾਤ, ਅਕਸਤੂ, ਕਾਂਟ ਸ਼ਾਪਨਹਯੂਰ ਆਦਿ

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

੧. ਸੰਕ੍ਰਾਚਾਰਜ, ਪਲਾਤੂਸ ਕਾਂਟ ਆਦਿ ਏਹ ਸਾਰੇ ਅਵਤਾਰ ਯਾ ਪੈਗ਼ੰਬਰ ਨਹੀਂ, ਪਰ ਫਿਲਾਸਫਰ ਹੋਏ ਹਨ । ਇਹ ਸਾਰੇ ਖਿਆਲ (I eali m) ਦੀ ਪੜਤਾਲ ਵਾਲੇ ਦਾਨੇ ਸਨ । ਸੁਕ੍ਰਾਤ ਜੀ ਦਾਨਾਈ ਤੇ ਜੀਵਨ ਦੀ ਵਰਤੋਂ ਦੇ ਦਰੁਸਤ ਕਰਨ ਦਾ ਆਦਰਸ਼ ਰੱਖਣ ਕਰਕੇ ਸੁਖੀ ਜੀਵਨ ਨੂੰ ਅਮਲੀ ਤੌਰ ਤੇ ਬਨਾਉਣ ਵੱਲ ਵਧੇਰੇ ਝੁਕੇ ਹੋਏ ਦਾਨੇ ਸਨ* l ਇਨ੍ਹਾਂ ਨੇ ਯੂਨਾਨ ਵਿਚ ‘ਇਕ ਵਾਹਿਗੁਰੂ ਹੈ’ ਦਾ ਖਿਆਲ ਫੈਲਾਇਆ ਤੇ ਇਸ ਬਦਲੇ ਜ਼ਹਿਰ ਦੇਕੇ ਮਾਰੇ ਗਏ । ਪਲਾਤੂਸ ਇਨ੍ਹਾਂ ਦੇ ਚੇਲੇ ਸਨ; ਪਰ ਉਨ੍ਹਾਂ ਦੀ ਫਿਲਾਸਫੀ ਸ਼ੰਕਰਾਚਾਰਜ ਨਾਲ ਬਹੁਤ ਮਿਲਦੀ ਹੈ, ਅਰਥਾਤ  ਓਹ ਖਿਆਲ ਦੀ ਪੜਤਾਲ ਦੇ ਦਾਨੇ ( Idealistic) ਸੇ । ਇਸੇ ਤਰ੍ਹਾਂ ਅਰਸਤੂ ਦੇ ਖਿਆਲ ਇਸੇ ਰੁਖ ਦੇ ਹਨ । ਇਨ੍ਹਾਂ ਦਾ ਮੰਤਕ ਸਾਡੇ ਗੋਤਮ ਦੇ ਨਯਾਯ ਦਰਸ਼ਨ ਨਾਲ ਕੁਛ ਕੁਛ ਮਿਲਦਾ ਹੈ । ਦੋ ਹਜ਼ਾਰ ਬਰਸ ਲਗ ਪਗ ਇਨ੍ਹਾਂ ਮਹਾਨ ਫਿਲਾਸਫਰਾਂ ਨੂੰ ਬੀਤ ਗਿਆ ਹੈ। ਇਸ ਅਰਸੇ ਵਿਚ ਸ਼ੰਕਰਾਚਾਰਜ ਜੀ ਹਿੰਦ ਵਿਚ ਹੋਏ ਜੋ ਫਿਲਾਸਫੀ ਦੇ ਖਿਆਲ ਵਿਚ ਇਨ੍ਹਾਂ ਤੋਂ ਬਹੁਤ ਉੱਚੇ ਉੱਠੇ, ਅਤੇ ਉਧਰ ਜਰਮਨੀ ਵਿਚ ਹੁਣ ਕੈਂਟ ਤੇ ਸ਼ਾਪਨਹਯੂਰ ਹੋ ਚੁਕੇ ਹਨ ਜਿਨ੍ਹਾਂ ਨੇ ਫਿਲਾਸਫੀ ਦੀਆਂ ਕਈ ਮੁਸ਼ਕਲਾਂ ਪੱਛੋ ਦੇ ਫਿਲਸਫੇ ਵਿਚ ਹੱਲ ਕੀਤੀਆਂ ਹਨ । ਏਹ ਦੋਏ ਹਿੰਦੀ ਫਿਲਸਫੇ ਦੇ   ਜਾਣਨ ਵਾਲੇ ਬੀ ਸੇ । ਸਭ ਤੋਂ ਪਹਿਲੇ ਉਪਨਿਖਦਾਂ ਦੇ ਖਯਾਲ ਫਿਲਸਫੇ ਦਾ ਆਰੰਭ ਹਨ । ਤਦ ਤੋਂ ਹੁਣ ਤਕ ਇਹ ਇਕ ਸੁਆਦਲੀ ਮੁਤਾਲਿਆ ਹੈ ਕਿ ਇਨਸਾਨ ਦਾ ਖਿਆਲ ਫਿਲਸਫੇ ਵਿਚ ਕੀਕੂੰ  ਵਧਿਆ ਤੇ ਤ੍ਰੱਕੀ ਕਰਦਾ ਗਿਆ ਹੈ ? ਪਰ ਇਹ ਵਿਚਾਰ ਐਨਾ ਲੰਬਾ ਹੈ ਕਿ ਇਕ ਭਾਰੀ ਗ੍ਰੰਥ ਵਰਣਨ ਹੋ ਸਕਦਾ ਹੈ ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਸਲੇਬਾਜ਼ੀ ਤੇ ਨਿਰੀ ਦਲੀਲੀ ਲਾਲਟੈਣਾਂ ਲੈਕੇ ਜਗਤ ਦੀਆਂ ਅਖੁੱਲ੍ਹ ਗੰਢਾਂ ਤੇ ਕਦੇ ਨਾ ਸੁਲਝੀਆਂ ਅੜਚਨਾਂ ਖੋਹਲਣ ਵਿਚ ਤੇ ਫੇਰ ਬਹਿਸਾਂ ਵਿਚ ਹੀ ਰੁੱਝੇ ਰਹਿਣ ਦੀ ਪਰਪਾਟੀ ਨਹੀਂ ਤੋਰੀ I ਗੁਰੂ ਨਾਨਕ ਦੇਵ ਜੀ ਮਨੁੱਖ ਆਚਰਨ ਨੂੰ ਉੱਚਾ ਕਰਦੇ ਤੇ ਅੰਦਰਲੇ ਨੂੰ ਅਨੁਭਵ ਵਿਚ ਲੈ ਜਾਂਦੇ ਸਨ । ਸੱਚ ਤਾਂ ਸਾਰਾ ਸਿਖਾਇਆ ਹੈ, ਰੂਹਾਨੀਅਤ ਸਿਖਾਈ ਹੈ, ਉਹਨਾਂ ਦੀ ਸਿੱਖਿਆ ਵਾਹਿਗੁਰੂ ਦੇ ਗਿਆਨ ਦਾ ਅਨੁਭਵ ਹੈ ਉਸੇ ਵਿਚ ਫਿਲਸਫਾ ਬੀ ਹੈ, ਦਲੀਲ ਬੀ ਹੈ,  ਪਰ ਨਾਮ, ਪ੍ਰੇਮ ਤੇ ਭਗਤੀ ਦੇ ਅਮਲੀ ਉਚੇ ਵਲਵਲੇ ਹਨ । ਫਿਰ ਉਨ੍ਹਾਂ ਨੇ ਬੁੱਧੀ ਤੋਂ ਅੱਗੇ ‘ਸੁਧਿ’ ਯਾ ‘ਸਿਧਿ’ ਤੇ ‘ਵਿਸਮਾਦ’ ਦਾ ਪਤਾ ਦਿੱਤਾ ਹੈ l ਪਰ ਵਹਿਮੀ ਪੈਣਾਂ ਯਾ ਸੋਚੀਂ ਪੈਕੇ ਸੁਰਤ ਨੂੰ ਨਿਰਬਲ ਕਰਨਾ ਨਹੀਂ ਸਿਖਾਇਆ I ਫਿਰ ਆਪ ਆਖਸੋ ਅਸਾਂ ਕਿਉਂ ਫਿਲਾਸਫਰਾਂ ਵਿਚ ਗੁਰ 

ਨਾਨਕ ਦੇਵ ਜੀ ਦਾ ਜ਼ਿਕਰ ਚਲਾਇਆ ਹੈ ? ਕੇਵਲ ਇਸ ਲਈ ਕਿ ਕਿਸੇ ਮਜ਼ਹਬ ਤੋਂ ਤੁਸੀਂ ਫਿਲਾਸਫੀ ਯਾ ਇਸ ਵਰਗੇ ਖਿਆਲਾਂ ਨੂੰ ਦੂਰ ਨਹੀਂ ਕਰ ਸਕਦੇ । ਯਾ ਤਾਂ ਮਜ਼ਹਬ ਕਿਸੇ ਇਕ ਫਿਲਾਸਫੀ ਤੇ ਚਲਦਾ ਹੈ, ਯਾ ਮਜ਼ਹਬ ਤੋਂ ਫਿਲਸਫਾ ਮੌਲ ਪੈਂਦਾ ਹੈ । ਕਿਸੇ ਨਾ ਕਿਸੇ ਤਰ੍ਹਾਂ ਦੁਹਾਂ ਦਾ ਕੁਛ ਨਾ ਕੁਛ ਤਅੱਲਕ ਜੁਦਾ ਨਹੀਂ ਹੋ ਸਕਦਾ । ਅਸਲ ਵਿਚ ਦਰੁਸਤ ਅਰਥਾਂ ਵਿਚ ਫਿਲਾਸਫੀ ਹੈ ਹੀ ਧਾਰਮਕ ਅਵਸਥਾ ਦੀ ਯਥਾਰਥ ਸਮਝ ਦਾ ਨਾਉਂ l ਧਰਮ ਯਾ ਮਜ਼ਹਬ ਹੈ  ‘ਅਮਲੀ ਜੀਵਨ’ ਤੇ ਧਰਮ ਦਾ ਦਾਰਸਨਿਕ ਪਹਿਲੂ ਹੈ ਫਿਲਸਫਾ ਅਰਥਾਤ ਉਸ ਧਰਮ ਦੀ ਸੋਝੀ । ਬੁੱਧ ਜੀ ਨੇ ਪਵਿੱਤਤ੍ਰਾ ਸਿਖਾਈ ਪਰ ਵਿਚੋਂ ਉਹਨਾਂ ਦੀ ਵੱਖਰੀ ਫਿਲਾਸਫੀ ਬਣ ਗਈ । ਜੈ ਦੇਵ ਤੇ ਗੌਰੰਗ ਨੇ ਕ੍ਰਿਸ਼ਨ ਦੀ ਪ੍ਰੀਤ ਵਿਚ ਸੰਗੀਤਕ ਲਹਿਰਾਉ ਖਾ ਕੇ ਪ੍ਰੇਮ ਜੀਵਨ ਪੈਦਾ ਕੀਤਾ, ਪਰੰਤੂ ਰਾਮਾਨੁਜ ਤੇ ਹੋਰ ਆਚਾਰਜਾਂ ਨੇ ਦ੍ਵੈਤ ਅਦ੍ਵੈਤ ਦੀ ਫਿਲਾਸਫੀ ਦਾ ਮੰਦਰ ਰਚਿਆ l ਇਸ ਕਰਕੇ ਅਸੀਂ ਅੱਜ ਦੇਖਣਾ ਹੈ ਕਿ ਸਮੁੱਚੇ ਤੌਰ ਤੇ ਪੰਜ ਛੇ ਹਜ਼ਾਰ ਬਰਸ ਵਿਚ ਜੋ ਕੁਛੁ ਫਿਲਾਸਫੀ ਦੇ ਨਾਮ ਹੇਠ ਬਣਿਆ ਹੈ, “ਕਾਟ” ਨਾਮੇ ਫਿਲਾਸਫਰ ਨੇ ਇਸ ਦੀ ਇਕ ਅਨੋਖੇ ਤਰਜ਼ ਦੀ ਵਿਆਖਿਆ ਕੀਤੀ ਹੈ, ਗੁਰੂ ਨਾਨਕ ਦੀ ਮੱਤ  ਸੁਮੱਤ ਸਾਨੂੰ ਉਸ ਦੇ ਸੰਬੰਧ ਵਿਚ ਕਿੱਥੇ ਕੁ ਲੈ ਜਾਂਦੀ ਹੈ ?

ਕਾਂਟ ਦੀ ਸਮਝ ਇਥੇ ਆਈ ਹੈ ਕਿ ਸਾਡੇ ਮਨ ਦੀ ਆਪਣੀ ਅਸਲੀ ਬਨਾਵਟੀ ਦਸ਼ਾ ‘ਦੇਸ਼ ਕਾਲ  ਨਮਿੱਤ’ ਨਾਲ ਬਣੀ ਹੈ I ਅਰਥਾਤ ਅਸੀਂ ਕਿਸੇ ਐਸੇ ਖਿਆਲ ਨੂੰ  ਖ਼ਿਆਲ ਹੀ ਨਹੀਂ ਕਰ ਸਕਦੇ ਜਿਸ ਵਿਚ ਸਮੇਂ ( Time ) ਦਾ ਖਿਆਲ ਦੇਸ਼ ( Space ) ਅਰਥਾਤ ਵਿੱਥ ਦਾ ਖਯਾਲ ਨਾ ਹੋਵੇ ਤੇ ਜਿਸ ਵਿਚ ਕਾਰਨ ਦਾ ਪ੍ਰਭਾਉ ਮੌਜੂਦ ਨਾ ਹੋਵੇ । ਪਹਿਲੇ ਫਿਲਾਸਫਰਾਂ ਦਾ ਖਿਆਲ ਸੀ ਕਿ ਇਹ ਦਿੱਸਣ ਵਾਲਾ ਸੰਸਾਰ ‘ਦੇਸ਼ ਕਾਲ ਨਮਿੱਤ’ ਵਿਚ ਹੈ, ਪਰ ਹੁਣ ‘ਕਾਂਟ ਆਦਿ ਸਿਆਣਿਆਂ ਨੇ ਮੰਨਿਆਂ ਹੈ ਕਿ ਦੇਸ਼ ਕਾਲ ਨਮਿੱਤ ਸਾਡੇ ਮਨ ਦੀ ਸਰਿਸ਼ਤ ਵਿਚ ਹੈ I ਸਾਡਾ ਮਨ ਇਨ੍ਹਾਂ ਨਾਲ  ਉਪਾਧਿਤ ਹੈ । ਇਸ ਦੀ ਪਹਿਲੀ ਦਸ਼ਾ* ਇਹੋ ਹੈ  । 

੨. ਦੂਜਾ ਖਿਆਲ ਇਹੋ ਹੈ ਕਿ ਜਦ ਸਾਨੂੰ ਸੁੰਦਰਤਾ ਦਾ ਝਲਕਾ ਵੱਜੇ ਤਦੋਂ ਸਾਡਾ ਮਨ ਥੋੜੇ ਕਾਲ ਲਈ ਅਡੋਲ ਯਾ ਗੁੰਮ ਹੋ ਜਾਂਦਾ ਹੈ, ਅਰਥਾਤ ਆਪਣੇ ‘ਸੋਚਣ, ਜਾਣਨ, ਪ੍ਰਤੀਤ ਕਰਨ’ ਤੇ ਤ੍ਰੈਏ ਕੰਮ ਛੱਡ ਦੇਂਦਾ ਹੈ, ਉਸ ਵੇਲੇ ਸਾਡੀ ਜੋ ਦਸ਼ਾ ਹੁੰਦੀ ਹੈ ਇਕ ਤਰ੍ਹਾਂ ਦੇ ਰਸ ਦਾ ਸਵਾਦ ਹੁੰਦਾ ਹੈ । ਇਸ ਵੇਲੇ ਅਗੰਮ, ਅਕਹਿ, ਅਥਾਹ ਪਾਰਬ੍ਰਹਮ ਅਵਸਥਾ ਵਿਚ ਸਾਡੀ ਝਾਤ ਪੈਂਦੀ ਹੈ । ਪਰ ਇਹ ਦਸ਼ਾ ਖਿਨ ਭੰਗਰ ਹੁੰਦੀ ਹੈ, ਲਗਾਤਾਰ ਨਹੀਂ ਹੁੰਦੀ I

੩. ਜਦ ਤਕ ਸਾਡਾ ਮਨ ਦੇਸ਼ ਕਾਲ ਨਮਿੱਤ ਵਿਚ ਹੈ ਰੱਬ ਨੂੰ ਨਹੀਂ ਜਾਣ ਸਕਦਾ । ਕਿਉਂਕਿ ਉਹ ਦੇਸ਼ ਕਾਲ ਵਿਚ ਆ* ਨਹੀਂ ਸਕਦਾ । ਉਸਦਾ ਖਿਆਲ ਉਹ ਮਨ ਨਹੀਂ ਕਰ ਸਕਦਾ ਜੋ ਦੇਸ਼ ਕਾਲ  ਬਿਨਾ ਕੋਈ ਖਿਆਲ ਹੀ ਨਹੀਂ ਕਰ ਸਕਦਾ ।

ਹੁਣ ਆਓ ਗੁਰੂ ਨਾਨਕ ਦੇਵ ਜੀ ਦੇ ਪਰਤੱਖ ਵਰਤੋਂ ਤੇ ਕਰਕੇ ਦੱਸ ਦੇਣ ਤੇ ਪੁਚਾ ਦੇਣ ਵਾਲੇ ਅਮਲੀ ਜੀਵਨ ਵਲ I ਜਾਪਦਾ ਹੈ ਕਿ ਉਹਨਾਂ ਨੂੰ ਇਹ ਸਾਰੀ ਸੋਝੀ ਸੀ । ਪਰ ਅਮਲੀ ਆਤਮਕ ਤ੍ਰੀਕੇ ਨਾਲ ਸੀ ਅਰ ਪਰਤੱਖ ਸੀ । ਚੁਨਾਂਚਿ ਉਨ੍ਹਾਂ ਨੇ ਉਸ ਰੱਬ ਨੂੰ, ਜੋ ਸੁੰਦਰਤਾ ਦੇ ਝਲਕਾਰੇ ਤੋਂ ਸਾਡੇ ਵਿਚ ਸਮਾਧੀ ਅਵਸਥਾ ਯਾ ‘ਦੇਸ਼ ਕਾਲ ਨਮਿੱਤ’ ਤੋਂ ਉਚੇਰੀ ਅਵਸਥਾ ਪੈਦਾ ਕਰਦਾ ਹੈ ‘ਵਿਸਮਾਦ’ ਹੇਠ ਵਰਣਨ ਕੀਤਾ ਹੈ । ਇਥੇ ਵਿਸਥਾਰ ਦਾ ਸਮਾਂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿਚ ਇਸ ਦਸ਼ਾ ਦੇ ਦਰਜਿਆਂ ਦਾ ਬੀ ਵਰਣਨ ਹੈ I ਵਿਸਮਾਦ  ਇਕ ਉੱਚੀ ਅਵਸਥਾ ਹੈ, ਜਿਸ ਤੋਂ ਸਾਨੂੰ  ਪਾਰਲਾ ਅਨੁਭਵ ਛੁਹ ਯਾ ਗ਼ੋਤਾ ਮਿਲਦਾ ਹੈ । ਸਾਡੀ ਜਾਚੇ ਜਗਤ ਵਿਚ ਪਹਿਲੇ ਦਾਨੇ ਗੁਰ ਨਾਨਕ ਦੇਵ ਜੀ ਹੋਏ ਹਨ, ਜਿਨ੍ਹਾਂ ਨੇ ਅੱਜ ਤੋਂ ਸਾਢੇ ਚਾਰ ਸੌ ਬਰਸ ਪਹਿਲਾਂ ‘ਵਿਸਮਾਦ’ ਦਾ ਅਨੁਭਵ ਕਰਕੇ  ਏਸ ਦਾ ਹਾਲ ਵਰਣਨ ਕੀਤਾ ਹੈ ।

ਫਿਰ ਮਸਲੇ ਬਾਜ਼ੀ ਯਾ ਦੇਸ਼ ਕਾਲ ਨਮਿੱਤ ਦੀ ਵਿਚਾਰ ਦਾ ਵਿਸਥਾਰ ਤਾਂ ਬਿਆਨ ਨਹੀਂ ਕੀਤਾ I ਪਰੰਤੂ ਅਮਲੀ ਤ੍ਰੀਕਾ ਜੋ ਸਾਈਂ ਪ੍ਰਾਪਤੀ ਦਾ ਗੁਰੂ ਜੀ ਨੇ ਦੱਸਿਆ ਹੈ ਉਹ ਫ਼ਿਲਾਸਫ਼ੀ ਦੇ ਇਸ ਨੁਕਤਾ ਖਿਆਲ ਤੋਂ ‘ਦੇਸ਼ ਕਾਲ ਨਮਿੱਤ ਤੋਂ ਆਜ਼ਾਦ ਕਰਕੇ ਆਤਮਾ ਨੂੰ ਨਿਜ ਘਰ ਨੂੰ ਲੈ ਜਾਣ ਵਾਲਾ ਹੈ। ਫਿਲਾਸਫ਼ੀ ਆਖਦੀ ਹੈ ਕਿ ਜੇ ਵਿਸਮਾਦ ਦੀ ਦਸ਼ਾ ਲਗਾਤਾਰ ਹੋ ਜਾਏ ਤਾਂ ‘ਦੇਸ਼ ਕਾਲ ਨਮਿੱਤ’ ਸਾਡੇ ਮਨ ਤੋਂ ਦੂਰ ਹੋ ਜਾਏ ਯਾ ਇਹ ਮਨ ਅ+ਮਨ ਹੋ ਜਾਏ ਤਾਂ ਸਾਡੀ ਅੰਦਰਲੀ ਜੀਵਨ ਕਣੀ ‘ਅਨੰਤ’ ਵਿਚ ਅੱਪੜ ਜਾਏਗੀ । ਹੁਣ ਲਓ ਤ੍ਰੈਏ ਗੱਲਾਂ ਤੇ ਗੁਰ ਨਾਨਕ ਦੇਵ ਦੇ ਤ੍ਰੈਏ ਕਮਾਲ।

 ਕਾਲ—ਇਕ ਗਲ ਦੇ ਬਾਦ ਦੂਸਰੀ ਹੁੰਦੀ ਜਾਣੀ ਸਾਨੂੰ ਕਾਲ ਦਾ ਪਤਾ ਦੇਂਦੀ ਹੈ । ( ਹੋਣੀਆਂ ਦੀ ਤਰਤੀਬ ਇਕ ਦੂਸਰੇ ਦੇ ਬਾਦ ਹੋਣ ਦੀ, ਦਾ ਨਾਮ ਕਾਲ ਹੈ ) ਹੁਣ ਜੇ ਇਕ ਗਲ ਲਗਾਤਾਰ ਸ਼ੁਰੂ ਹੋ  ਜਾਵੇ ਅਰ ਮਨ ਹੋਰਨਾਂ ਗਲਾਂ ਦੇ ਹੋਣ ਤੋਂ ਮੁੜਦਾ ਮੁੜਦਾ ਇਕੋ ਲਗਨ ਵਿਚ ਹਰ ਵੇਲੇ ਪੈ ਜਾਵੇ ਤਾਂ ਕਾਲ ਦਾ ਗਿਆਨ ‘ਭੂਤ ਭਵਿੱਖ ਤੋਂ ਨਿਕਲ ਕੇ ਇਕੋ ‘ਹੁਣ’ ਵਿਚ ਰੌ ਪਾ ਜਾਏਗਾ* I ਹਰ ਛਿਨ ਵਿਚ ਵਾਹਿਗੁਰੂ ਵਿਚ ਖਿਆਲ ਦਾ ਰਹਿਣਾ, ਉਸ ਛਿਨ ਨੂੰ, ਜੋ ਇਕ ‘ਨੁਕਤਾ ਹੈ, ਲਗਾਤਾਰਤਾ ਨਾਲ ਦ੍ਰਿੜ੍ਹ ਕਰਦਾ ਹੈ । ਜਦ ਖਿਆਲ ਇਕ ‘ਨਾਮ ਵਿਚ ਹੈ, ਤਦ ਜੋ ਛਿਨ ਲੰਘ ਗਈ ਹੈ ਉਸ ਵਿਚ ਜਾਵੇਗਾ ਹੀ ਨਹੀਂ ਤੇ ਹਰ ਛਿਨ ਜੋ ‘ਹੁਣ’ ਬਣ ਗਈ ਹੈ ਉਸ ਵਿਚ ਵਾਹਿਗੁਰੂ ਤੋਂ ਖਿਆਲ  ੳਖੜਨ ਨਹੀਂ ਦੇਣਾ ਤਦ ਭਵਿੱਖਤ ਵਿਚ ਜਾਣੋਂ ਰੁਕੇਗਾ, ਤੇ ਹਰ ਭਵਿੱਖਤ ਦੀ ਛਿਨ ਨੇ ‘ਹੁਣ’ ਬਣਦੇ ਜਾਣਾ ਹੈ, ਇਸ ਤਰ੍ਹਾਂ ‘ਹੁਣ ਵਿਚ ਨਾਮ ਟਿਕਾ ਦੇਵੇਗਾ । ਸਾਡੀ ਹੁਣ ‘ਸਦੈਵੀ ਹੁਣ ਬਣ ਜਾਏਗੀ । ਨਾਮ ਵਿਚ ਇਸਥਿਤ ਅਭਯਾਸੀ ਦਾ ਕਾਲ ਦਾ ਫੈਲਾਉ ਇਸ ਸਦੈਵੀ ਹੁਣ, ਇਸ Eternal Now ਵਿਚ ਆ ਟਿਕੇਗਾ । ਇਹ ਟਿਕਾਉ ਇਕ ਨੁਕਤੇ ਤੇ ਹੋ ਜਾਵੇਗਾ; ਅਰਥਾਤ ਕਾਲ ਇਕ ਨੁਕਤੇ ਪਰ ਰਹਿ ਜਾਏਗਾ । ਇਹ ਨੁਕਤਾ ਹੋਏਗਾ ਤਾਂ ਇਕ ਕਾਲ, ਪਰ ਅਕਲ ਵਰਗਾ  I

ਨੁਕਤਾ ਉਹ ਸ਼ੈ ਹੈ ਜੋ ਹੈ ਸਹੀ; ਪਰ ਉਸ ਦੀ ਲੰਮਾਈ ਚੌੜਾਈ ਉਚਾਈ ( Magnitude) ਕੋਈ ਨਹੀਂ ਹੈ । ਸਿੱਧ ਹੋਇਆ ਕਿ ਨਾਮ ਨਾਲ ਕਾਲ ਦਾ ਖਯਾਲ, ਇਕ ਐਸੇ ਨੁਕਤੇ ਤੇ ਆ ਟਿਕੇਗਾ ਕਿ ਜੋ ਹੋਵੇਗਾ ਬੀ ਪਰ ਅਨਹੋਏ* ਵਰਗਾ ।

ਦੇਸ਼–ਇਸੇ ਤਰ੍ਹਾਂ ‘ਦੇਸ਼’(Space) ਉਹ ਹੈ ਜਿਸ ਵਿਚ ਦ੍ਰਿਸ਼ਟਮਾਨ ਪਦਾਰਥ ਇਕ ਦੂਸਰੇ ਦੇ ਵਲ ਜੋ ਪਰਸਪਰ ਵਿੱਥਾਂ ਰੱਖਦੇ ਹਨ, ਜਾਣਿਆਂ ਜਾਏ । ਇਹ ਦਿੱਸਦਾ ਹੈ ਪੁਲਾੜ ਯਾ ਵਿੱਥ, ਇਕ ਪਦਾਰਥ ਤੋਂ ਦੂਸਰੇ ਦੇ ਵਿਚ ਜੋ ਅੰਤਰਾ ਹੈ ਸੋ ਦੇਸ਼ ਹੈ । (ਚੀਜ਼ਾਂ ਦੀ ਤਰਤੀਬ, ਉਹਨਾਂ ਦੇ ਆਪੋ ਵਿਚ ਜਗ੍ਹਾ ਦੇ ਮੁਤਾਬਕ ਦਾ ਨਾਮ ਦੇਸ਼ ਹੈ ) I

ਗੁਰੂ ਜੀ ਨੇ ਦੂਸਰਾ ਸਾਧਨ ਧਯਾਨ ਦੱਸਿਆ ਹੈ, ਧਯਾਨ ਅਭਿਆਸੀ ਨੂੰ ਇਕ ਨੁਕਤੇ ਉਤੇ ਟਿਕਾਉਂਦਾ ਹੈ । ਜਦ ਮਨ ਹਰ ਛਿਨ ਇਕ ਨਾਮ ਜਪਦਾ ਹੈ ਅਤੇ ‘ਵਾਹਿਗੁਰੂ ਹੈ’ ਇਕ ਇਸ ਨੁਕਤੇ ਉਤੇ ਧਯਾਨ ਜਮਾਉਂਦਾ ਹੈ, ਤਦ ਖਿਆਲ ਦੇਸ਼ (Space) ਦੇ ਸਾਰੇ ਫੈਲਾਉ ਤੋਂ ਇਕ ਨੁਕਤੇ ਤੇ ਜੰਮਦਾ ਜਾਂਦਾ ਹੈ । ਜਦੋਂ ਸੰਪੂਰਨ ਤੌਰ ਤੇ ਇਕ ਨੁਕਤੇ ਤੇ ਜੰਮ ਜਾਂਦਾ ਹੈ ਤਦ ਦੇਸ਼ (Space) ਦਾ ਖਿਆਲ ਸਾਡੇ ਖਿਆਲ ਵਿਚੋਂ ਮਾਨੋ ਦੇਸ਼ ਰਹਿਤ ਹੋ ਜਾਂਦਾ ਹੈ । ਹੈ ਤਾਂ ਉਹ ਨੁਕਤਾ ਦੇਸ਼ ਦਾ ਪਰ ਨਾ ਹੋਏ ਵਰਗਾ ਹੈ । ਸਿੱਧ ਹੋਇਆ ਹੈ ਕਿ ਧਿਆਨ ਨਾਲ ਖਿਆਲ ਦੇਸ਼ (ਸਪੇਸ) ਦੇ ਇਕ ਐਸੇ ਨੁਕਤੇ ਤੇ ਆ ਟਿਕੇਗਾ ਜੋ ਹੋਵੇਗਾ ਬੀ ਤੇ ਨਹੀਂ ਬੀ ਹੋਵੇਗਾ I

ਇਸੇ ਤਰ੍ਹਾਂ ਅਸੀਂ ਹਰ ਸ਼ੈ ਵਿਚ ਕਾਰਣ ਤੇ ਕਾਰਜ ਦਾ ਸਿਲਸਲਾ ਜਾਣਦੇ ਹਾਂ, ਇਕ ਕਾਰਣ ਦਾ ਖਿਆਲ ਸਾਡੇ ਮਨ ਦੀ ਸਰਿਸ਼ਤ ਵਿਚ ਹੈ (ਚੀਜ਼ਾਂ ਦੀ ਤਰਤੀਬ ਆਪਣੇ ਕਾਰਣ ਕਾਰਜ ਦੇ ਮੁਤਾਬਕ ਨਮਿਤ ਹੈ) ।

ਗੁਰੂ ਜੀ ਨੇ ਤੀਸਰਾ ਸਾਧਨ ਰਜ਼ਾ ਦੱਸਿਆ ਹੈ। ਜੋ ਅਭਯਾਸੀ ਹਰ ਕਾਰਜ ਤੇ ਹਰ ਹੋਣੀ ਦੇ ਕਾਰਣ ਦੇ ਅਖੀਰ ਪਰ ਜਾਂਦਾ ਹੈ ਤੇ ਉਸਨੂੰ ਅਨੰਤ ਦੀ ਲੀਲ੍ਹਾ ਸਮਝਦਾ ਹੈ, ਐਉਂ ਅਨੰਤ ਦੀ ਰਜ਼ਾ ਦੇ ਇਕ ਨੁਕਤੇ ਤੇ ਟਿਕਾਉ ਪਕੜਦਾ ਹੈ । ਨਾਲ ਜਿਹੜਾ ਨਾਮ ਤੇ ਧਿਆਨ ਦਾ ਅਭਿਆਸ ਕਰ ਰਿਹਾ ਹੈ ਉਸ ਨੂੰ ਜੋ ਕੁਛ ਵਰਤੇ ਧੁਰੋਂ ਦਿੱਸਦਾ ਹੈ, ਇਉਂ ਉਹ ਟਿਕਦਾ ਟਿਕਦਾ ਹਰ ਗਲ ਦੇ ਵਾਕਿਆ ਹੋਣ ਤੇ ਰਜ਼ਾ ਦੇ ਇਕ ਨੁਕਤੇ ਤੇ ਟਿਕ ਜਾਏਗਾ । ਇਹ ਰਜ਼ਾ ਦਾ ਇਕ ਨੁਕਤਾ ਹੋਵੇਗਾ ਆਪਣੇ ਆਪ ਵਿਚ ਨਮਿੱਤ ਪਰ ਨਾਂ ਵਰਗਾ ।

ਹੁਣ ਜੋ ਅਭਯਾਸੀ ਸੁਤੇ ਸਿੱਧ ਨਾਮ ਧਿਆਨ ਤੇ ਰਜ਼ਾ ਨਾਲ ‘ਦੇਸ਼ ਕਾਲ ਨਮਿੱਤ’ ਵਲੋਂ ਇਕ ਨੁਕਤੇ ਤੇ ਟਿਕਿਆ ਹੈ, ਉਹ ‘ਦੇਸ਼ ਕਾਲ ਨਮਿੱਤ’ ਦੇ ਮਾਨੋ ਮੰਡਲ ਦੇ ਹੱਦ ਬੰਨੇ ਤੇ ਅੱਪੜ ਗਿਆ ਹੈ, ਜਿਸ ਤੋਂ ਅੱਗੇ ਉਹ ਹੈ ਜੋ ‘ਦ੍ਵੰਦ ਅਤੀਤ’ ਹੈ ਯਾ ਜਿਸ ਨੂੰ ‘ਪਰਮ ਪਰੇ ਦੀ ਦਸ਼ਾ’ ਆਖੋ ਯਾ ਪਾਰਬ੍ਰਹਮ  (Absolute) ਆਖੋ । ਇਥੋਂ ਅੱਗੇ ਹੁਣ ਸਾਨੂੰ ਪਾਰਬ੍ਰਹਮ ਦੇ ਕਿਸੇ ਕ੍ਰਿਸ਼ਮੇ ਨੇ ਲਿਜਾਣਾ ਹੈ । ਅਸੀਂ ਐਸੇ ਟਿਕਾਣੇ ਅੱਪੜੇ ਹਾਂ ਜੋ ਸਾਡੇ ਮੰਡਲ ਦੀ ਸਰਹੱਦ ਹੈ, ਹੁਣ ਇਕ ਕਦਮ ਤੇ ਅਸੀਂ ਅਨੰਤ (ਵਾਹਿਗੁਰੂ) ਵਿਚ ਅੱਪੜਨਾ ਹੈ, ਪਰ ਹੁਣ ਬੇਅੰਤ ਵਿਚੋਂ ਕੁਛ ਅਕਹਿ ਮਾਜਰਾ ਵਰਤਣਾ ਹੈ, ਇਸ ਅਕਹਿ ਮਾਜਰੇ ਨੂੰ ਗੁਰ ਨਾਨਕ ਨੇ ‘ਨਦਰ’ ਆਖਿਆ ਹੈ ।

ਦ੍ਰਿਸ਼ਟਾਂਤ ਲਈ ਜਦੋਂ ਪਾਣੀ ਉਬਾਲੋ ਤਾਂ ਇਹ ੨੧੨ ਦਰਜੇ ਹੁੰਦਾ ਹੈ, ਪਰ ਅਜੇ ਇਹ ਪਾਣੀ ਦ੍ਰੱਵ  (Fluid) ਹੀ ਹੈ I ਅਰੂਪ ਵਾਯੂ ਵਰਗੇ ਰੂਪ ‘ਭਾਫ’ ਵਿਚ ਪਲਟਾ ਨਹੀਂ ਖਾ ਗਿਆ । ਅਰਥਾਤ ਗੈਸ ਵਾਂਗੂ ਨਹੀਂ ਬਣਿਆ I ਉਹ ਕੌਣ ਤਾਕਤ ਆਵੇ ਕਿ ਇਸਨੂੰ ਭਾਫ ਬਣਾਵੇ । ਉਸ ਦਾ ਨਾ ਸਿਆਣਿਆਂ ਗੁਪਤ ਗਰਮੀ’ Latent heat ਰਖਿਆ ਹੈ, ਕਿਉਂਕਿ ਜਦ ਭਾਫ ਦਾ ਪਾਰਾ ਲੀਤਾ ਜਾਵੇ ਤਾਂ ੨੧੨ ਹੀ ਹੁੰਦਾ ਹੈ । ਕੋਈ ਵਧੀਕ ਗਰਮੀ ਨਹੀਂ ਹੁੰਦੀ, ਪਰ ਕੋਈ ਕਾਰਣ ਹੈ ਜੋ ਦ੍ਰੱਵ ਪਾਣੀ ਨੂੰ ਵਾਯੂ ਰੂਪ ਭਾਫ ਵਿਚ ਪਲਟ ਦੇਂਦਾ ਹੈ*, ਇਹ ਦਲੀਲ ਨਹੀਂ ਹੈ ਕਿ ਦ੍ਰਿਸ਼ਟਾਂਤ ਹੈ l ਕੁਛ ਇਸੇ ਤਰ੍ਹਾਂ “ਦੇਸ਼ ਕਾਲ ਨਮਿੱਤ” ਦੇ ਮੰਡਲ ਦੀ ਸਰਹੱਦ ਤੋਂ ਅਨੰਤ ਵਿਚ ਜੋ ਪਲਟਾ ਮਿਲਦਾ ਹੈ ਉਹ ਕਿਸੇ ਅਨੰਤ ਦੇ ਕ੍ਰਿਸ਼ਮੇ ਉਤੇ ਨਿਰਭਰ ਰੱਖ਼ਦਾ ਹੈ ਅਰ ਉਸ ਦਾ ਨਾਮ ‘ਅਨੰਤ ਦੀ ਨਦਰ’ ਹੈ । ਗੋਯਾ ‘ਦੇਸ਼ ਕਾਲ ਨਮਿੱਤ ਤੇ ਨਾਮ, ਧਯਾਨ, ਰਜ਼ਾ’ ਨਾਲ ਇਸ ‘ਅੰਤ ਦੇ ਹੱਦ ਵਾਲੀ ਸ਼੍ਰਿਸ਼ਟੀ ਦੀ ਅਸੀਂ ਸਰਹੱਦ ਉਤੇ ਅੱਪੜਦੇ ਹਾਂ ਤੇ ਅਗੋਂ ਅਨੰਤ ਦੀ ਅਕਹਿ ‘ਨਦਰਿ’ ਸਾਨੂੰ ਅਨੰਤ ਵਿਚ ਲੈਜਾਕੇ ਅਕਾਲ ਜੀਵਨ, ਆਦੇਸ਼ ਜੀਵਨ ਅਬਦਲੀ ਜੀਵਨ ਵਿਚ ਪਹੁੰਚਾਕੇ ਪੰਚਮ ਪਾਤਸ਼ਾਹ ਦੇ ਵਾਕ  ਮੂਜਬ :-

 ‘ਥਿਤਿ ਪਾਈ ਚੂਕੇ ਭ੍ਰਮ ਗਵਨ*’ 

ਵਿਚ ਵਾਸਾ ਦੇਂਦੀ ਹੈ ।

ਫਿਲਾਸਫੀ ਦੇ ਨੁਕਤਾ ਖਿਆਲ ਤੋਂ ਸਭ ਤੋਂ ਉੱਚੇ ਗੁਰ ਨਾਨਕ ਦੇਵ ਜੀ ਨੇ ਆਪਣੇ ਅਮਲੀ ਦੀਨ  ਸਾਨੂੰ ੳਹ ਸਾਧਨ ਸਿਖਾਏ ਹਨ, ਜਿਨ੍ਹਾਂ ਨਾਲ ਅੱਜ ਕਲ ਦੀ ਫਿਲਾਸਫੀ ਦੀ ਖੋਜ ਤੋਂ ਲੱਭੇ ਟਿਕਾਣੇ✝ ਤੇ ਪਹੁੰਚ ਹੋ ਜਾਂਦੀ ਹੈ । ਫਿਲਾਸਫਰਾਂ ‘ਜਾਣਿਆਂ ਕਿ ਐਉਂ ਹੈ:- ਗੂਰ ਨਾਨਕ ਬਾਂਹ ਫੜੀ, ਰਹਿਨੁਮਾਈ ਕੀਤੀ ਤੇ ਉਥੇ ਪਹੁੰਚਾ ਹੀ ਦਿੱਤਾ ਤੇ ਆਖਿਆ:- ‘ਬੱਚਿਓ’ ‘ਆਹ ਹੈ’ ਤੇ “ਏਥੇ ਹੈ’, ਤੇ “ਹੁਣ ਹੈ” I