ਗਰਬ ਗੰਜਨੀ

ਗੁਰੂ ਨਾਨਕ ਦੇਵ ਜੀ ਤੇ ਬੁਧ

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

੧. ਸੰਸਾਰ ਵਿਚ ਸਭ ਤੋਂ ਵਧੀਕ ਪ੍ਰਾਣੀਆਂ ਦੇ ਸਿਰਤਾਜ ਇਸ ਵੇਲੇ ਭੀ ਬੁਧ ਜੀ ਹਨ । ਆਪ ਲਗਪਗ ਢਾਈ ਹਜ਼ਾਰ ਬਰਸ ਬੀਤੇ ਤਾਂ ਹਿੰਦੁਸਤਾਨ ਵਿਚ ਪ੍ਰਗਟੇ ਸੇ । ਇਖ਼ਲਾਕ ਅਰਥਾਤ ਸਦਾਚਾਰੀ ਜੀਵਨ ਆਪ ਦਾ ਐਨਾ ਉੱਚਾ ਹੈ ਕਿ ਦਾਨਿਆਂ ਦਾ ਖਿਆਲ ਹੈ ਕਿ ਈਸਾਈਅਤ ਅਤੇ ਹੋਰ ਵਡੇ ਵਡੇ ਧਰਮਾਂ ਨੂੰ ਬੁਧ ਜੀ ਦੇ ਉਪਾਸਕ ਚਾਹੇ ਹਿੰਦੁਸਤਾਨ ਵਿਚ ਹੁਣ ਇਤਨੇ ਘੱਟ-ਹਨ ਕਿ ਮਾਨੋ ਨਹੀਂ ਹਨ✝ ਪਰ ਹਿੰਦੁਸਤਾਨ ਨੂੰ ਫ਼ਖ਼ਰ ਹੈ ਕਿ ਓਹਨਾਂ ਨੇ ਐਸੇ ਉੱਚੇ ਸੁਧਾਰਕ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਸਦਾਚਾਰ ( ਇਖ਼ਲਾਕ ) ਦਾ ਸਬਕ ਸਿਖਾਇਆ I ਕਰਮਾਂ ਦਾ ਮਸਲਾ ਜਿਤਨਾ ਇਨ੍ਹਾਂ ਨੇ ਸਾਫ ਦੱਸਿਆ ਹੈ ਉਹ ਬਹੁਤ ਉੱਚਾ ਹੈ, ਪਰ ਇਥੇ ਹੀ ਬੱਸ ਹੈ । ਇਨ੍ਹਾਂ ਦੇ ਮਤ ਵਿਚ ਲਿਖਿਆ ਹੈ :-

“ਜੋ ਦਰੁਸਤ ਰਸਤੇ ( ਭਾਵ ਬੁਧ ਮਤ ) ਤੇ ਟੁਰਦਾ ਹੈ ਉਸ ਦੇ ਲੱਛਣ ਏਹ ਹੈਨ :-

“ਦਯਾਨਤਦਾਰੀ ਵਿਚ ਉਹ ਪ੍ਰਸੰਨ ਹੈ, ਜਿਹੜੀਆਂ ਗੱਲਾਂ ਤਯਾਗਣੀਆਂ ਹਨ ਉਨ੍ਹਾਂ ਦੀ ਰਤਾਕੁ ਜਿੰਨੀ ਕਰਨੀ ਵਿਚ ਬੀ ਉਹ ਖ਼ਤਰਾ ਵੇਖਦਾ ਹੈ । ਉਹ ਇਖ਼ਲਾਕ ਦੇ ਹੁਕਮਾਂ ਵਿਚ ਅਪਣੇ ਆਪ ਨੂੰ ਸੁਸਿੱਖਯਤ ਕਰਦਾ ਹੈ । ਉਹ ਅਪਣੇ ਬਚਨਾਂ ਤੇ ਕਰਨੀ ਵਿਚ ਪਵਿਤ੍ਰਤਾ ਨਾਲ ਆਪਣੇ ਆਪ ਨੂੰ ਵੇੜ੍ਹਦਾ ਹੈ, ਓਹ ਆਪਣੀ ਉਪਜੀਵਕਾ ਮੂਲੋਂ ਪਵਿਤ੍ਰ ਤ੍ਰੀਕੇ ਨਾਲ ਟੋਰਦਾ ਹੈ, ਨੇਕੀ ਉਸ ਦਾ ਆਚਰਨ ਹੈ, ਉਸ ਦੇ ਇੰਦ੍ਰਿਆਂ ਦੇ ਬੂਹਿਆਂ ਤੇ ਪਹਿਰਾ ਰਹਿਂਦਾ ਹੈ, ਆਪਣੇ ਆਪ ਵਿਚ ਸੋਚਵਾਨ ਤੇ ਵਸੀਕਾਰ ਵਾਲਾ ਹੈ, ਉਹ ਮੂਲੋਂ ਪ੍ਰਸੰਨ ਹੈ।’

[ ਗਾਸ: ਅ: ਬੁ: ਪੰ ੧੨੧-੧੨੨ ]

ਇਸ ਦਾ ਭਾਵ ਇਹ ਹੈ ਕਿ :-

ਇਖ਼ਲਾਕ ਦੇ ਸਾਰੇ ਹੁਕਮ, ਬਚਨਾਂ ਤੇ ਕਰਮਾਂ ਵਿਚ ਪਵਿੱਤ੍ਰਤਾ, ਪੰਜਾਂ ਇੰਦ੍ਰਿਆਂ ਦੇ ਬੂਹੇ ਪਰ ਰਾਖੀ ਤੇ ਮਨ ਉਤੇ ਕਾਦਰ ਹੋਣਾ ਇਹੀ ਪੂਰਨ ਬੁੱਧ ਧਰਮ ਹੈ ।

ਇਹ ਸੁਹਣਾ ਸਦਾਚਾਰ ਹੈ : ਇਖ਼ਲਾਕ ਹੈ, ਮਨ ਨੂੰ ਹੋੜਾਂ ਤੇ ਰੋਕਾਂ ਹਨ ਓਹਨਾਂ ਗੱਲਾਂ ਤੋਂ ਜੋ ਇਸ ਨੂੰ ਮੈਲਾ ਤੇ ਮੰਦਾ ਕਰਦੀਆਂ ਹਨ । ਇਸ ਨਾਲ ਗੁਰ ਨਾਨਕ ਦੇਵ ਜੀ ਅਜੋੜ ਨਹੀਂ ਹੈ। ਸ਼ੁਭ ਕਰਮਾਂ ਤੇ ਸਦਾਚਾਰ ਦੀ ਸਿਖਯਾ ਗੁਰ ਨਾਨਕ ਦੇਵ ਜੀ ਦੀ ਬੁਧ ਜੀ ਤੋਂ ਘਟਦੀ ਨਹੀਂ ਵਧੇਰੇ ਹੀ ਲਿਸ਼ਕਾਰੇ ਮਾਰਦੀ ਹੈ , ਸਤਿਗੁਰੁ ਫਰਮਾਉਂਦੇ ਹਨ-

‘ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥

 [ ਵਾਰ ਆਸਾ ਮ: ੧ ]

ਆਸਾ ਦੀ ਵਾਰ, ਪਟੀ, ਦਖਣੀ ਓਅੰਕਾਰ ਗਲ ਕੀ ਸਾਰੀ ਬਾਣੀ ਵਿਚ ਇਖ਼ਲਾਕ ਦੇ ਉੱਚੇ ਤੋਂ ਉੱਚੇ ਆਦਰਸ਼ ਆਉਂਦੇ ਹਨ ਅੰਤ ਕਹਿ ਦਿੱਤਾ* ਕਿ “ਹਉਮੈ ਕਰਤਿਆ ਨਹ ਸੁਖੁ ਹੋਇ” I

ਸਾਰਾ ਇਖ਼ਲਾਕ ਸਿਖਾਕੇ ਦੱਸ ਦਿੱਤਾ ਕਿ ਜੇ ਇਸ ਵਿਚ ‘ਹਉਂ’ ਹੈ ਤਾਂ ਸੁਖ ਇਸ ਦਾ ਫਲ ਨਹੀਂ ਹੋਣਾ । ਹੁਣ ਸ਼ੁਭ ਕਰਮ ਸਾਰੇ ਹਉਂ ਆਸਰੇ ਹੁੰਦੇ ਹਨ । ਹਉਂ ਸੁਖਦਾਈ ਨਹੀਂ, ਤਾਂਤੇ ਨਿਰੇ ਸ਼ੁਭ ਕਰਮ ਸੁਖਦਾਈ ਨਹੀਂ, ਇਸ ਕਰਕੇ ਇਖ਼ਲਾਕ ਤੋਂ ਉਪਰ ਤੇ ਇਖ਼ਲਾਕ ਦੀ ਰੂਹ; ‘ਪਰਮੇਸ਼ਰ’ ਨਾਲ ਸੰਬੰਧ ਦੱਸਿਆ ਤੇ ‘ਨਾਮ’ ਉਸਦਾ ਸਾਧਨ ਦੱਸਿਆ ਐਉਂ ਇਖ਼ਲਾਕ ਦੀ ਚੋਟੀ ਤੋਂ ਅੱਗੇ ਰੂਹਾਨੀ ਮੰਡਲ ਵਿਚ ਪ੍ਰਵੇਸ਼ ਦਾ ਰਸਤਾ ਸਿਖਾਇਆ ।

ਕਰਮ ਦੀ ਪਵਿਤ੍ਰਤਾ ਦੇ ਨਾਲ ‘ਗੁਰੂ’ ਦੱਸਦਾ ਹੈ ਕਿ ਨਿਰਾ ਇਹ ਕੁਛ ਕਾਫੀ ਨਹੀਂ ਹੈ , ਸਾਡੇ ਵਿਚ ਰੂਹ  ਹੈ ਤੇ ਰੂਹ ਦੀ ਉੱਨਤੀ ਦੀ ਲੋੜ ਹੈ , ਸਾਡੇ ਵਿਚ ਨਿਰੀ ‘ਬੁੱਧੀ’ ਹੀ ਨਹੀਂ, ਪਰ ਇਸ ਤੋਂ ਅੱਗੇ ਕੁਛ ਹੋਰ ਵੀ ਹੈ, ਸਾਡੇ ਵਿਚ ਨਿਰੀ ਸੋਚ ਨਹੀਂ , ਪਰ ਉੱਚੇ ਵਲਵਲੇ ਵੀ ਹਨ । ਦਿਮਾਗ਼ ਹੈ ਤਾਂ ਦਿਲ ਵੀ ਹੈ । ਹਾਂ ਸਾਨੂੰ ‘ਵਿਸਮਾਦ’ ਬੀ ਪੈਂਦਾ ਹੁੰਦਾ ਹੈ । ਪੰਜਾਂ ਇੰਦ੍ਰਿਆ ਦੇ ਰਸ ਹੀ ਸਾਡੇ ਵਿਚ ਨਹੀਂ ਹਨ , ਜਿਨ੍ਹਾਂ ਨੇ ਸਾਨੂੰ ਕੈਦ ਕਰ ਰੱਖਿਆ ਹੈ , ਇਕ ਹੋਰ ਰਸ ਬੀ ਹੈ ਜੋ ਇਨ੍ਹਾਂ ਪੰਜਾਂ ਤੋਂ ਛੁਡਾ ਲਿਜਾਂਦਾ ਹੈ । ਇਹ ਰਸ ਉਸ ਵੇਲੇ ਪੈਦਾ ਹੈ ਜਿਸ ਵੇਲੇ ਆਤਮਾਂ ਕਿਸੇ ਤਰ੍ਹਾਂ ਆਪੇ ਵਿਚ ਜੁੜਦਾ ਹੈ ਅਰ ਕਿਸੇ ‘ਉਚੇਰੇ (ਆਪਣੇ ਪਿਛੇਰੇ ਮਹਾਨ ਰਸ ਰੂਪ ) ਜੀਵਨ’ ਵਿਚ ਗ਼ੋਤਾ ਮਾਰਦਾ ਹੈ I ਇਸ ਰੂਹਾਨੀ ਜੀਵਨ ਦਾ ਉੱਚੇ ਤੋਂ ਉੱਚਾ ਆਦਰਸ਼ ਤੇ ਸੌਖੇ ਤੋਂ ਸੌਖਾ ਤ੍ਰੀਕਾ ਸਤਿਗੁਰ ਨੇ ਸਿਖਾਯਾ ਕਿ ਪਵਿਤ੍ਰ  ਹੁੰਦੇ ਹੋਏ ਸਰੀਰ, ਮਨ ਤੇ ਆਤਮਾਂ ਨਾਲ ‘ਆਪਣੇ ਅੰਦਰਲੇ ਜੀਉਂਦੇ ਜਾਗਦੇ’ ਨੂੰ ‘ਬੇਅੰਤ’ ਨਾਲ ਕਿਸ ਪ੍ਰਕਾਰ ਤੇ ਕਿਸ ਵਜ੍ਹਾ ਨਾਲ ਨਿਰੰਤਰ ਲਗਾਉ ਵਿਚ ਰੱਖਣਾ ਹੈ ਕਿ  ਜਿਸ ਨਾਲ ਇਹ ਉਸ ਤੋਂ ਜੀਵਨ ਬਖਸ਼, ਰਸ ਦਾਤਾ, ਆਨੰਦ- ਦਾਇਕ ਲਹਿਰਾਂ ਪਾਕੇ ਮੌਲਦਾ, ਖਿੜਦਾ ਤੇ ਖੀਵਾ ਹੁੰਦਾ ਰਹੇ ।

੨. ਬੁਧ ਜੀ ਨੇ ਵਾਹਿਗੁਰੂ’ ਜੀ ਵਲੋਂ ਚੁਪ ਧਾਰਨ ਕੀਤੀ, ਸਤਿਗੁਰ ਨਾਨਕ ਨੇ ਨਾਂ ਕੇਵਲ ਚੁੱਪ   ਖੋਲ੍ਹੀ, ਪਰ ਉਸ ਪ੍ਰਤਿਮ ਦੀਆਂ ਕੋਇਲ ਵਾਂਗੂੰ ਇਲਾਹੀ ਰਾਗ ਵਿਚ ਕੂਕਾਂ ਦਿੱਤੀਆਂ। ਗਿਣਤੀ ਲਈ ਨਹੀਂ ਲੇਖਾ ਦੱਸਣ ਲਈ ਨਹੀਂ ਨਿਰੇ ਹਿਸਾਬੀ ਦਰਸ਼ਨਕਾ ਤੇ ਨਿਰੇ ਲੇਖੇ ਕਰਨ ਵਾਲੇ ਫਿਲਾਸਫਰਾਂ ਵਾਂਗੂ ਸੰਖਯਾ ਦੱਸਣ ਲਈ ਨਹੀਂ, ਨਾ ਹੀ ਹਿਸਾਬਾਂ ਵਿਚ ਰਹਿਕੇ ਟੋਹਾਂ ਲਾਉਣ ਵਾਲੇ ਆਸਤਕ ਵਾਂਗੂੰ । ਹਾਂ ਓਹ ਬੋਲੇ, ਓਹ ਬੋਲੇ ਅਹਿੱਲ ਨਿਸਚੇ ਵਿਚ ਪ੍ਰਤੱਖ ਦਰਸ਼ਨਾਂ ਤੋਂ ਪੈਦਾ ਹੋਏ ਸਿਦਕ ਤੇ ਯਕੀਨ ਵਿਚ ਤੇ ਨਾਲ ਹੀ ਭਰੇ ਹੋਏ ਪਿਆਰ ਤੇ ਉਮਡ ਰਹੇ ਪ੍ਰੇਮ ਵਿਚ I ਹਾਂ ਓਹ ਅਪ੍ਰਤੱਖ ਤੇ ਪ੍ਰਤੱਖ ਦਰਸ਼ਨ ਵਿਚ ਗਾਂਵੇ ਤੇ ਦੈਵੀ ਸੰਗੀਤ ਗਾਵੈ:-

‘ਸਰਬ ਜੋਤਿ ਤੇਰੀ ਪਸਰਿ ਰਹੀ ॥ 

ਜਹ ਜਹ ਦੇਖਾ ਤਹ ਨਰਹਰੀ ॥

[ ਸੂਹੀ ਮ:੧ ]

ਐਉਂ ਇਨਸਾਨ ਦੇ “ਬੁੱਧੀ ਵਾਲੇ ਯਾ ਅਕਲੀ ਹਿੱਸੇ’’ ਨੂੰ ਉੱਚ ਇਖ਼ਲਾਕ ਦੇਂਦੇ ਹੋਏ ‘’ਉੱਚੇ ਵਲਵਲਿਆਂ ਵਾਲੇ ਹਿੱਸੇ” ਨੂੰ ਆਪ ਦੇ ਮੁਕੰਮਲ ਰੂਹਾਨੀ ਗ਼ਿਜ਼ਾ ਦੇਕੇ ਮਾਨੁੱਖ ਦੀ ਪੂਰਨ ਲੋੜ ਪੂਰੀ ਕੀਤੀ । ਠੀਕ, ਆਚਾਰਨ ਦੀ ਪਵਿਤ੍ਰਤਾ ਦਿੱਤੀ, ਪਰ ਨਾਲ ਅੰਦਰਲੇ ਨੂੰ ਭਗਤੀ ਤੇ ਪਿਆਰ ਬੀ ਦਿੱਤਾ। ਐਉਂ ਇਨਸਾਨ ਮਾਇਆ ਤੇ ਤ੍ਰਿਸ਼ਨਾ ਦੇ ਹੱਥੋਂ ਛੁੱਟਕੇ ਅਸਲੀ ਨਿਰਬਾਣ ਵਿਚ ਪੁੱਜਾ । ਜਿਸ ਦਾ ਰੂਪ ਗੁਰੂ ਜੀ ਨੇ ਦੱਸਿਆ ਹੈ ਕਿ  ਜੀਵ ਤੱਤ ਵਾਹਿਗੁਰੂ ਤੱਤ ਵਿਚ ਜਾ ਮਿਲਿਆ :-

‘ ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥’         [ [ ਸੋ: ਮ: ੧ ]

੩.ਪਵਿਤ੍ਰ ਮਨ ਵਾਲੇ ਬੁਧ ਜੀ ਜਿਸ ਨੂੰ ‘ਤਥਗਥਾ’ ਅਰਥਾਤ ਪੂਰਨ, ਮੁਕੰਮਲ ਆਖਦੇ ਸੇ; ਪਰ ਗੁਰੂ ਨਾਨਕ ਦੇਵ ਜੀ ਰੂਹਾਨੀਯਤ ਉਨ੍ਹਾਂਂ ਤੋਂ ਅਖਵਾਉਂਦੀ ਸੀ ਕਿ ਨਿਰੇ ਇਖ਼ਲਾਕ ਵਿਚ ਮੂਲੋਂ ਮੁਕੰਮਲ ਹੋਣਾ ਇਸ ਸਰੀਰ ਤੇ ਮਨ ਦੀ ਅਸੰਭਵ ਹੈ ਰੂਹਾਨੀਯਤ ਦੇ ਰਸ ਬਿਨਾ, ਵਿਸਮਾਦ ਵਿਚ ਵਸੇ ਬਿਨਾਂ, ਲਗਾਤਾਰ ਬੇਅੰਤ ਦੇ ਅੰਗ ਲੱਗੇ ਰਹਿਣ ਬਿਨਾਂ ਪੂਰਨਤਾ ਕਿਥੇ ? ਇਖ਼ਲਾਕ ਉੱਚਾ ਕਰਕੇ, ਹਉਂ ਨੂੰ ਵਿਚੋਂ ਨਿਵਾਰੋ, ਪਰ ਪ੍ਰੇਮਾ ਭਗਤੀ ਨਾਲ ਅੰਦਰੋਂ ਸਦਾ ਸਾਈਂ ਨਾਲ ਜੁੜਿਆ ਜੀਵਨ ਬਰਸ ਕਰੋ I ਗੁਰੂ ਜੀ ਨੇ ਫਰਮਾਇਆ, ਠੀਕ ਫਰਮਾਇਆ ‘ਵਿਣੁ ਗੁਣ ਕੀਤੇ ਭਗਤਿ ਨ ਹੋਇ I’ ਪਰ ਨਾਲ ਦੱਸਿਆ ‘ਸਭ ਗੁਣ ਤੇਰੇ ਮੈ ਨਾਹੀ ਕੋਇ I ਹਾਂ ਸਾਈਂ ਨਾਲ ਜੁੜਿਆਂ ਹੀ ਪੂਰਨ ਹਉਮੈਂ ਨਿਵਿਰਤ ਹੁੰਦੀ ਹੈ । ਇਸ ਕਰਕੇ ਅਨੇਕਾਂ ਵਾਰ ਸਤਿਗੁਰ ਨੇ ਆਪ ਨੂੰ ਨੀਵਾਂ ਕਿਹਾ ਹੈ, ਇਹ ਨੀਵਾਂ ਕਹਿਣਾ ਆਪ ਨੂੰ ਕਿਸੇ ਹਿਸਾਬ ਵਿਚ ਨੀਵਾਂ ਕਹਿਣਾ ਨਹੀਂ, ਇਹ ਹਉਮੈਂ ਨਿਵਿਰਤੀ ਹੈ । 

ਜਿਸ ਦਾ ਪਤਾ ਹੇਠ ਲਿਖੇ ਆਪ ਦੇ ਵਾਕ ਤੋਂ ਲੱਗਦਾ ਹੈ :-

“ ਹੋਂਦਾ ਫੜੀਅਗੁ ਨਾਨਕ ਜਾਣੁ ॥ 

ਨਾ ਹਉ ਨਾ ਮੈ ਜੂਨੀ ਪਾਣੁ* ॥”                           

[ ਮਲਾ: ਅ ਮ: ੧ ]

ਹਉਂ ਤੋਂ ਨਿਕਲੇ ਹੋਏ ਆਤਮ ਰੰਗ ਵਿਚ ਚਲੂਲ ਰੰਗ ਰੰਗੀਜੇ ਤੇ ਰੰਗ ਰਹੇ ਗੁਰੂ ਨਾਨਕ ਨੇ ਆਪ ਨੂੰ ਨੀਚ, ਨੀਵਾ ਕਹਿਣ ਦਾ ਕਾਰਣ ਹਉਂ ਦਾ ਅਭਾਵ ਦੱਸਿਆ I ਗੁਰ ਨਾਨਕ ਵਿਚ ਲੇਸ਼ ਮਾਤ੍ਰ ਬੀ ਹੋਉਂ ਨਹੀਂ, ਲੇਸ਼ ਅਵਿੱਦਯਾ ਭੀ ਨਹੀਂ I ਲੇਸ਼ ਅਵਿੱਦਯਾ ਬੜੇ ਬੜੇ ਬੀਤਰਾਗਾਂ ਵਿਚ ਰਹਿਂਦੀ ਹੈ । ਇਸ ਤੋਂ ਪੂਰਨ ਨਿਕਾਸ ਮਹਾਨ ਕਠਨ ਹੈ I ਇਹੋ ਨਿਜ ਨੂੰ ‘ਪੂਰਨ’ ਆਦਿ ਪਦ ਕਹਿਲਵਾਉਂਦੀ ਹੈ । ਪਰ ਇਸ ਤੋਂ ਪੂਰੇ ਤੌਰ ਤੇ ਆਜ਼ਾਦ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ :-

“ਹੋਂਦਾ ਫੜੀਅਗੁ ਨਾਨਕ ਜਾਣੁ ॥ 

ਨਾ ਹਉ ਨਾ ਮੈ ਜੂਨੀ ਪਾਣੁ ॥”                       

[ ਮਲਾ: ਅ: ਮ: ੧ ]

ਜੋ ‘ਮੈਂ ਹਾਂ’ ਦੀ ਪ੍ਰਤੀਤੀ ਮਾਤ੍ਰ ਵਿਚ ਹੈ, ਅਰਥਾਤ ਹਉਮੈਂ ਵਿਚ  ਹੈ  ਉਹ ਹੀ ਫੜਿਆ ਜਾ ਸਕਦਾ ਹੈ, ਮੈਂ ਇਸ ਵਿਚ ਨਹੀਂ ਹਾਂ  I

 ( ਅੱਗੇ ਚੱਲਕੇ ਇਸ ਪਰ ਹੋਰ ਵੀਚਾਰ ਆਵੇਗਾ) 

ਜੇ ਅੰਤ੍ਰੀਵ ਵੀਚਾਰ ਕਰੋ ਤਾਂ ਬੁੱਧ ਦਾ ਅਰਥ ਹੈ ‘ਜਿਸ ਨੇ ਸਿੱਖਿਆ ਪਾਕੇ ਪ੍ਰਕਾਸ਼ ਪ੍ਰਾਪਤ ਕੀਤਾ ਹੈ, ਪਰ ‘ਗੁਰੂ’ ਦਾ ਅਰਥ ਹੈ ‘ਪ੍ਰਕਾਸ਼ ਦਾ ਦਾਤਾ’ I ਇਤਿਹਾਸ ਬੀ ਇਹੋ ਹੈ ਕਿ ‘ਬੁੱਧ ਜੀ’ ਸ਼ਾਕੀ ਮੁਨੀ ਸੇ, ਉਨ੍ਹਾਂਂ ਨੇ ਘਾਲਾਂ ਕਰਕੇ ‘ਬੁਧਿ’ ਪ੍ਰਕਾਸ਼ ਪਾਇਆ, ਪਰ ਗੁਰੂ ਨਾਨਕ ਦੇਵ ਜੀ ਜਨਮ ਤੋਂ ਹੀ ਗੁਰੂ ਪ੍ਰਕਾਸ਼ ਦਾਤਾ ਸੇ* I ਭਾਈ ਗੁਰਦਾਸ ਜੀ ਲਿਖਦੇ ਹਨ: ‘ਪਹਿਲਾਂ ਬਾਬ ਪਾਇਆ ਬਖਸ਼ ਦਰ ਪਿੱਛੋ ਦੇ ਫਿਰਿ ਘਾਲਿ ਕਮਾਈ ॥  ਜਪੁਜੀ ਸਾਹਿਬ ਵਿਚ ਬੁਧ ਜੀ ਦਾ ਟਿਕਾਣਾ ਗਿਆਨ ਖੰਡ ਵਿਚ ਦੱਸਿਆ ਹੈ,

ਯਥਾ :-

“ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥’’

                                                                    [ਜਪੁਜੀ ਸਾਹਿਬ