ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
੧.ਈਸਾ ਜੀ ਬੁਧ ਜੀ ਤੋਂ ਮਗਰੋਂ ਸੰਸਾਰ ਵਿਚ ਆਏ, ਬੁਧ ਜੀ ਤੋਂ ਗਿਣਤੀ ਵਿਚ ਉਪਾਸਕ ਇਨ੍ਹਾਂ ਦੇ ਦੂਸਰੇ ਦਰਜੇ ਤੇ ਹਨ । ਆਪ ਤਿੰਨ ਵਰ੍ਹੇ ਜਗਤ ਵਿਚ ਬੋਲੇ, ਇਖ਼ਲਾਕ ਸਿਖਾਇਆ ਲਗ ਪਗ ਬੁਧ ਜੀ ਵਾਂਗੂੰ, ਕਰਮਾਂ ਦਾ ਮਸਲਾ ਬੜੇ ਅੱਛੇ ਤ੍ਰੀਕੇ ਨਾਲ ‘ਹਮਸਾਏ ਨੂੰ ਆਪਣੇ ਜਿਹਾ ਪਿਆਰ ਕਰੋ’ ਦੇ ਰੰਗ ਵਿਚ ਸਿਖਾਇਆ, ਬਦੀ ਦੇ ਬਦਲੇ ਨੇਕੀ ਕਰਨੀ ਦੱਸੀ, ਰੱਬ ਬੀ ਦੱਸਿਆ ਜਿਕੂੰ ਅੱਗੇ ਸੈਮੇਟਿਕ✝ ਪੈਗ਼ੰਬਰ ਇਬਰਾਹੀਮ ਮੂਸਾ ਆਦਿ ਸਿਖਾ ਗਏ ਸੇ । ‘ਨਿਸ਼ਚੇ’( Falth) ਦਾ ਉਪਦੇਸ਼ ਭੀ ਦਿੱਤਾ, ਪਿਛਲੇ ਸੇਮੇਟਿਕ✝ ਪੈਗ਼ੰਬਰਾਂ ਨਾਲੋਂ ‘ਨਿਸ਼ਚੇ’ ਦੀ ਰੌਸ਼ਨੀ ਵਿਚ ਉਚੇਰੀ ਮੱਤ ਦਿੱਤੀ ।
ਗੁਰ ਨਾਨਕ ਦੇਵ ਜੀ ਲਗ ਪਗ ੧੫੦੦ ਵਰ੍ਹੇ ਮਗਰੋਂ ਆਏ । ਇਖ਼ਲਾਕੀ ਜੀਵਨ ਵਿਚ ਗੁਰ ਨਾਨਕ ਨੇ ਉੱਚੇ ਤੋਂ ਉੱਚੇ ਆਦਰਸ਼ ਵਾਲੇ ਬੁਧ ਤਾਂ ਭੀ ਤ੍ਰਿਖੇਰਾ ਚਾਨਣਾ ਪਾਇਆ ਹੈ, ਜੈਸਾ ਕਿ
ਅਸੀਂ ਪਿੱਛੇ ਦੱਸ ਆਏ ਹਾਂ । ਈਸਾ ਜੀ ਦੇ ਮਤ ਵਿੱਚ ਰੱਬ ਹੈ, ਪਰ ਰੱਬ ਇਕ ਦੇ ਕੀਤੇ ਕਰਮਾਂ ਦਾ ਬਦਲਾ ਉਸ ਦੀਆਂ ਕਈ ਕੁਲਾਂ ਤਕ ਲੈਣ ਵਾਲਾ ਇਕ ਗ਼ੈਰਤੀ ਯਾ ਅਣਖੀਲਾ ਮਾਲਕ ਹੈ, ਪਰੰਤੂ ਗੁਰ ਨਾਨਕ ਦੇ ਮਤ ਵਿਚ ਉਸ ਪ੍ਰੀਤਮ ਅਨੰਤ ਤੇ ਬੇਅੰਤ ਵਾਸਤੇ ਇਸ ਦਾ ਬਦਲਾ ਲੈਣ ਵਾਲੀ ਗ਼ੈਰਤ ਦਾ ਅਭਾਵ ਹੈ :-
ਅਹਿਕਰੁ ਕਰੇ ਸੁ ਅਹਿਕਰੁ ਪਾਏ ॥
ਕੋਈ ਨ ਪਕੜੀਐ ਕਿਸੈ ਥਾਇ ॥’
[ ਆਸਾ ਮ: ੫ ]
ਜਿਹੜਾ ਹੱਥ ਕਰੇ ਉਹੋ ਹੱਥ ਭਰੇ, ਇਹ ਇਖ਼ਲਾਕੀ ਆਦਰਸ਼ ਕਿਤਨਾ ਉੱਚਾ ਹੈ, ਵਡੇ ਸਤਿਗੁਰੂ ਨੇ ਸੱਚਾ ਨਿਆਉਂ ਦੱਸਿਆ ਹੈ, ਫਿਰ ਦੇਖੋ ਪਵਿੱਤ੍ਰਤਾ ਦਾ ਆਦਰਸ਼ ਅਚੇਤ ਪਾਪਾਂ ਤੋਂ ਬਚਣ ਦਾ ਕਿਤਨਾ ਉੱਚਾ ਹੈ ।
੨. ਕਰਮ ਮੁਕਤੀ ਲਈ ਅਸਮਰਥ ਹਨ, ਈਸਾ ਜੀ ਨੇ ਪ੍ਰਤਿਪਾਦਨ ਕੀਤਾ ਹੈ ਤੇ ਨਿਸਚਾ ਇਸ ਗੱਲ ਪਰ ਸਿਖਾਇਆ ਕਿ ਮੈਂ ਸਾਰਿਆ ਦੇ ਪਾਪਾਂ ਦੇ ਬਦਲੇ ਸੂਲੀ ਚੜ੍ਹਦਾ ਹਾਂ, ਮੇਰੇ ਤੇ ਨਿਸਚਾ ਕਰੋ, ਮੈਂ ਬਚਾਵਾਂਗਾ: ਇਹ ਨਿਸਚਾ ਪੌਲੂਸ ਰਸੂਲ ਨੇ ਇਸਾਈਅਤ ਦਾ ਉੱਚਾ ਅਸੂਲ ਦੱਸਿਆ ਹੈ । ਗੁਰੂ ਨਾਨਕ ਨੇ ‘ਨਿਸਚੇ’ ਨੂੰ ਮੰਨਿਆ ਹੈ । ਜਿਵੇਂ ਇਕ ਦੇ ਪਾਪ ਦਾ ਬਦਲਾ ਉਸ ਦੀ ਬੇਗੁਨਾਹ ਔਲਾਦ ਤੋਂ ਨਹੀਂ ਮੰਨਿਆ ਤਿਵੇਂ ਕਿਸੇ ਦੇ ਪਾਪਾਂ ਦੀ ਥਾਂ ਕਿਸੇ ਦੀ ਸਜ਼ਾ ਪਾਕੇ ਕਿਸੇ ਦਾ ਤਰਨਾ ਨਹੀਂ ਮੰਨਿਆ । ਹਾਂ, ਗੁਰੂ ਜੀ ਨੇ ਨਿਸਚਾ ਸਿਖਾਇਆ, ਪਰ ਨਿਸ਼ਚਾ ਉਸ ਅੰਨਤ ਵਿਚ, ਉਸਦੀ ਹੋਂਦ ਤੇ ਪਿਆਰ ਵਿਚ ਸਿਖਾਇਆ, ਇਸ ਨਿਸ਼ਚੇ ਤੋਂ ਤੱਤ ਗਿਆਨ ਪੂਰਨ ਪਦ ਵਾਲੀ ਅਗੇਰੀ ਪ੍ਰਾਪਤੀ ਦੱਸੀ । ਪੰਜਵੇਂ ਗੁਰਾਂ ਨੇ ਗੁਰ ਨਾਨਕ ਦੇਵ ਜੀ ਦੇ ਆਸ਼ੇ ਨੂੰ ਐਉਂ ਦਰਸਾਇਆ ਹੈ :-
ਜਾਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥
[ ਸੁਖਮਨੀ ]
ਰੱਬ ਦਾ ਰਹਿਮ ਪੂਰਾ ਹੋ ਗਿਆ ਜਦੋਂ ਨਿਸ਼ਚਾ ਆ ਗਿਆ, ਲਗਾਤਾਰ ਸੁਰਤ ਉਸ ਦੇ ਲਗਾਉ ਵਿਚ ਲਗ ਗਈ, ਇਹ ਲਗੇ ਰਹਿਣਾ ਇਕ ਫਜ਼ਲ ਹੋ ਗਿਆ ਹੈ । ਇਹ ਪਰਤੱਖ ਫਜ਼ਲ ਹੈ, ਉਧਾਰ ਫਜ਼ਲ ਨਹੀਂ, ਆਉਣ ਵਾਲਾ ਨਹੀਂ, ਪਰਤੱਖ ਫਜ਼ਲ I
੩. ਈਸਾ ਜੀ ਨੇ ਅਰਦਾਸ ਸਿਖਾਈ, ਇਨਸਾਨ ਦੇ ਦਿਲੀ ਵਲਵਾਲਿਆਂ ਨੂੰ ਪ੍ਰੀਤੀ ਭੋਜਨ ਦਿਤਾ, ਪਰ ਅਰਦਾਸ ਅੱਠਵੇਂ ਦਿਨ ਐਤਵਾਰ ਨੂੰ ਆਈ I ਸਤ ਦਿਨ ਸੰਸਾਰਕ ਧੰਦੇ ਲੈ ਗਏ, ਅੱਠਵੇਂ ਦਿਨ ਅਰਦਾਸ ਦੀ ਵਾਰੀ ਆਈ I ਗੁਰ ਨਾਨਕ ਦੇਵ ਨੇ ਅੱਠਵੇਂ ਦਿਨ ਨੂੰ ਪਵਿੱਤ੍ਰ ਤੇ ਅੱਡਰਾ ਕਰਨ ਦੀ ਥਾਂ, ਅੱਠਾਂ ਪਹਿਰਾਂ ਵਿਚੋਂ ਸਵੇਰੇ ਦਾ ਪਹਿਰ ਪਵਿੱਤ੍ਰ ਦੱਸਿਆ ਤੇ ਸਾਈਂ ਨਾਲ ਜੁੜਨ ਦਾ ਵੱਲ ਸਿਖਾਇਆ ਤੇ ਆਖਿਆ :-
ਅੰਮ੍ਰਿਤ ਵੇਲਾ ਸਚੁ ਨਾਉ
ਵਡਿਆਈ ਵੀਚਾਰੁ ॥*
[ਜਪਜੀ ਪੰਨਾ :- ਸਬਾਹੀ ਸਾਲਾਹ ਜਿਨੀ ਪਿਆਇਆ ਇਕ ਮਨਿ ॥
[ ਵਾਰ ਮਾਝ ਮ:੧ ]
ਪਰ ਇਥੇ ਹੀ ਨਹੀਂ ਬੱਸ ਕੀਤੀ ਸਗੋਂ ਫੁਰਮਾਣ ਕੀਤਾ ਕਿ ਅੰਮ੍ਰਿਤ ਵੇਲਾ ਤਾਂ ਨਾਮ ਜਪਣ ਤੇ ਸਾਂਈਂ ਦੀ ਸਿਫਤ ਸਾਲਾਹ ਦਾ ਪੱਕਾ ਕਰੋ, ਜੋ ਦਿਹਾੜੀ ਦਾ ਸ਼ੁਰੂ ਹੈ, ਪਰ ਅੱਠਵੇਂ ਪਹਿਰ ਹੀ ਨਹੀਂ ਸਗੋਂ :-
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੇ ਘਟੈ ਰਸਿ ॥
[ ਮਾਝ ਦੀ ਵਾਰ ਮ: ੧ ]
ਫੇਰ ਗੁਰੂ ਜੀ ਨੇ ਫਰਮਾਇਆ :-
ਸਭੇ ਵੇਲਾ ਵਕਤ ਸਭਿ ਜੀਅ ਨੇ ਅਠੀ ਭਉ ਹੋਇ✝ ॥
ਹਾਂ ਜੀ ਕੰਮ ਕਾਜ ਕਰੋ, ਗ੍ਰਿਹਸਤੀ ਰਹਵੋ ,ਪਰ ਬਈ ਅੰਦਰਲੀ ਜੀਵਨ ਕਣੀ ( ਸੁਰਤ) ਦੇ ਸਿਰੇ ਨੂੰ ਲਗਾਤਾਰ ਅਰਦਾਸ ਵਿਚ ਆਪਣੇ ਸੋਮੇਂ, ਚਸ਼ਮੇਂ ਅਨੰਤ (ਵਾਹਿਗੁਰੂ) ਨਾਲ ਲਾਈ ਰਖੋ, ਅਨੰਤ ਨਾਲ ਉਹ ਮੇਲ ਕਰੋ ਜੋ ਕਿਸੇ ਕਾਲ ਨਾ ਹਟੇ । ਲਗਾਤਾਰ ਮੇਲ ਰਖੋ, ਲਗਾਤਾਰ ਅਰਦਾਸ ਕਰੋ, ਗੁਰੂ ਜੀ ਨੇ ਆਖਿਆ :-
ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥
[ ਗਉੜੀ ਮ:੧ ]
ਆਖਿਆ ਹੀ ਨਹੀਂ, ਗੁਰ ਨਾਨਕ ਨੇ ‘ਬਲਿਹਾਰੀ ਗੁਰੂ ਆਪਣੇ ਦਿਉਹਾੜੀ ਸਵਦਾਰ’ ਹੋ ਕੇ ਦੱਸਿਆ,ਕਰ ਕਰਕੇ ਦੱਸਿਆ । ਗੁਰ ਨਾਨਕ ਦਾ ਬਹੱਤ੍ਰ ਬਰਸ ਦਾ ਜੀਵਨ ਲਗਾਤਾਰ ਅਰਦਾਸ ਦਾ ਜੀਵਨ ਹੈ । ਫਿਰ ਗੁਰ ਨਾਨਕ ਨੇ ਲਹਿਣਾ ਗੁਰੂ ਬਣਾਕੇ ਦੱਸਿਆ, ਜਿਸ ਵਿਚ ਨਿਮਖ ਨਿਮਖ ਠਾਕੁਰ ਦੀ ਨਮਸਕਾਰ ਵੱਸ ਗਈ* I ਭਾਈ ਬੁੱਢਾ, ਘੇਹੋ, ਸੈਦਾ,ਮਰਦਾਨਾ, ਰਾਇ ਬੁਲਾਰ, ਬੇਬੇ ਨਾਨਕੀ, ਮਨਸੁਖ ਭਗੀਰਥ, ਸ਼ਿਵਨਾਭ, ਝੰਡਾ ਬਾਢੀ, ਲਾਲੋ, ਪਿਆਰੇ ਲਾਲ ਬਣਾਕੇ ਦਿਖਾਏ ਜੋ ਲਗਾਤਾਰ (ਵਾਹਿਗੁਰੂ) ਅਨੰਤ ਨਾਲ ਸੁਰ ਲਾਈ, ਲਿਵ ਲਾਈ ਰਖਦੇ, ਸੰਸਾਰ ਦੇ ਰਾਜ ਤੋਂ ਲੈਕੇ ਕਿੱਲੇ ਘੜਨ ਤੱਕ ਦੇ ਕੰਮਾਂ ਨੂੰ ਬੀ ਨਿਬਾਹੁੰਦੇ ਸਨ । ਏਹ ਜਗਤ ਦੇ ਕੰਮ ਬੀ ਕਰਦੇ ਸਨ, ਪਰ ਸਦਾ ਸਾਈਂ ਨਾਲ ਹਰ ਪਲ ਨੂੰ ਸਫਲਾ ਕਰਦੇ ਸਨ✝ ।
੪. ਈਸਾ ਜੀ ਨੇ ਜਗਤ ਨੂੰ ਪਿਆਰ ਕੀਤਾ, ਜਗਤ ਨੂੰ ਬਚਾਉਣ ਲਈ ਬੋਲੇ । ਆਪ ਨੇ ਪਾਪੀਆਂ ਲਈ ਐਉਂ ਆਖਿਆ :-
‘ ਓਹ ਬੂਹਾ ਮੈਂ ਹਾਂ, ਮੇਰੇ ਥਾਣੀ ਜੇ ਕੋਈ ਵੜੇ ਤਾਂ ਉਹ ਮੁਕਤਿ ਪਾਊ ।’ [ ਯੂਹਨਾ ਬਾਬ ੧੦-੧੧
ਇਹ ‘ਮੈਂ ਤੇ ਮੈਂ’ ਉਸ ਉੱਚੇ ਸ੍ਰਿਸ਼ਟੀ ਪਿਆਰ ਵੇਲੇ ਦੋ ਪਰਛਾਵੇਂ ਨਾਲ ਨਾਲ ਟੁਰੀ ਗਏ, ਹਿੰਦ ਦੇ ਦਾਨੇ ਇਸ ਨੂੰ ਲੇਸ਼ ਅਵਿੱਦਯਾ ਕਹਿਂਦੇ ਹਨ ਜੋ ਮਹਾਂ ਪੁਰਖਾਂ ਨੇ ਭੀ ਪਰਛਾਵੇਂ ਵਾਂਗੂੰ ਨਾਲ ਰਹਿਂਦਾ ਹੈ, ਪਰ ਦੇਖੋ ਗੁਰ ਨਾਨਕ ਭੀ ਸ੍ਰਿਸ਼ਟੀ ਪ੍ਰੇਮ ਵਿਚ ਆਇਆ, ਉਸ ਨੇ ਭੀ ਸ੍ਰਿਸ਼ਟੀ ਦੇ ਭਲੇ ਦੀ ਸੋਚੀ, ਪਰ ਕੀ ਕੀਤਾ ? ਵਾਹਿਗੁਰੂ ਮੂਹਰੇ ਅਰਦਾਸ ਕੀਤੀ, ਆਖਿਆ:-
ਜੇਤੇ ਜੀਅ ਤੇਤੇ ਸਭਿ ਤੇਰ
ਵਿਣੁ ਸੇਵਾ ਫਲੁ ਕਿਸੈ ਨਾਹੀ ।’
ਹੇ ਵਾਹਿਗੁਰੂ ਸਾਰੇ ਜੀਵ ਤੇਰੇ ਹਨ, ਪਰ ਸੇਵਾ ਬਿਨਾਂ ਸਫਲ ਨਹੀਂ ਹੋ ਰਹੇ । ਇਹ ਦੇਖਕੇ ਅਰਦਾਸ ਕਰਦੇ ਹਨ :-
ਕਹੈ ਨਾਨਕੁ ਜੀਵਾਲੈ ਜੀਆ
ਜਹ ਭਾਵੈ ਤਹ ਰਾਖੁ ਤੁਹੀ ॥
[ ਆਸਾ ਮ:੧ ਪੰਚਪਦੇ ]
ਅਰਥਾਤ — ਜੀਆਂ ਨੂੰ ਜੀਵਾਲ ਲੈ (ਹੇ ਵਾਹਿਗੁਰੂ) ਜਿਵੇਂ ਤੈਨੂੰ ਭਾਵੇ ਤਿਵੇਂ ਇਨ੍ਹਾਂ ਨੂੰ ਤੂੰ ਆਪੇ ਹੀ ਬਚਾ ਲੈ ।
ਇਸ ਅਰਦਾਸ ਵਿਚ ਗੁਰੂ ਜੀ ਨੇ ਅਪਣੱਤ ਵਿਚ ਨਹੀਂ ਆਦੀ I ਵਾਹਿਗੁਰੂ ਤੇ ਹੀ ਛੱਡੀ ਹੈ ਕਿ ਜਿਵੇਂ ਭਾਵੇਂ ਤਿਵੇ ਤੂੰ ਇਨ੍ਹਾਂ ਨੂੰ ਬਚਾ ਲੈ ।
ਇਸੇ ਖਿਆਲ ਨੂੰ ਫੇਰ ਤੀਜੇ ਰੂਪ ਵਿਚ ਐਉਂ ਫਰਮਾਇਆ :-
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
[ ਬਿਲਾਵਲ ਵਾਰ ਮ: ੩ ]
ਹੇ ਵਾਹਿਗੁਰੂ! ਸ੍ਰਿਸ਼ਟੀ ਸੜ ਰਹੀ ਹੈ, ਮਿਹਰ ਕਰ, ਬਖ਼ਸ਼ ਲੈ, ਤਾਰ ਲੈ, ਪਰ ਮੈਂ ਨਹੀਂ ਕਹਿਂਦਾ ਮੇਰੇ ਵਸੀਲੇ, ਕਿਉਂਕਿ ਮੈਂ ਤਾਂ ਹਾਂ ਨਹੀਂ, ‘ਨਾ ਹਉ ਨਾ ਮੈਂ ਜੂਨੀ ਪਾਣੁ’ ਤੂੰ ਰੱਖ ਤੇ ਜਿਸ ਵਸੀਲੇ ਤੇਰੀ ਮਰਜ਼ੀ ਹੈ ਰੱਖ, ਪਰ ਹੇ ਦਾਤਾ ! ਰੱਖ ਲੈ I ਇਹ ਪੂਰਨ ਨਿਸ਼ਕਾਮ ਪ੍ਰੇਮ ਦਾ ਆਦਰਸ਼ ਹੈ । ਇਸ ਅਰਦਾਸ ਵੇਲੇ ‘ਮੈਂ ਮੇਰੀ’ ਦੀ ਲੇਸ਼ ਮਾਤ੍ਰ ਅਵਿੱਦਯਾ ਪਰਛਾਵਾਂ ਬਣਕੇ ਨਾਲ ਨਹੀਂ ਗਈ ।
੫. ਈਸਾ ਜੀ ਨੇ, ਮੰਨਿਆ ਜਾਂਦਾ ਹੈ, ਕਿ ਸ੍ਰਿਸ਼ਟੀ ਦੇ ਭਲੇ ਲਈ ਸੂਲੀ ਤੇ ਜਾਨ ਦਿੱਤੀ । ਠੀਕ ਭੀ ਹੈ ਕਿ ਸ਼ਰ੍ਹਾਂ ਵਾਲਿਆਂ ਦੇ ਹਥੋਂ ‘ਨਿਹਚੇ ਤੇ ਪਿਆਰ’ ਦੇ ਉਪਦੇਸ਼ ਦੇਣ ਲਈ ਆਪ ਨੇ ਸੂਲੀ ਝੱਲੀ I ਦੁਨੀਆਂ ਦੇ ਮੁਰਦਾ ਦਾਨੇ, ਸ਼ਰਹ ਦੇ ਫੋਕੇ ਪਾਂਡੀ, ਪ੍ਰੇਮ ਹੀਨ ਧਰਮੀ, ਦਿਖਾਵੇ ਦੇ ਸ਼ੁਭ ਕਰਮੀ ਸਦਾ ਪਿਆਰ ਵਾਲਿਆਂ, ਪਰਮੇਸ਼ਰ ਦੇ ਭਗਤਾਂ ਨੂੰ ਸਤਾਉਂਦੇ ਆਏ ਹਨ ਤਿਵੇਂ ਈਸਾ ਜੀ ਭੀ ਸੂਲੀ ਚਾੜ੍ਹੇ ਗਏ । ਸਤਿਗੁਰ ਨਾਨਕ ਨੇ ਦੁਨੀਆਂ ਵਲੋਂ ਅਨੇਕ ਸੂਲੀਆਂ ਸਹਾਰੀਆਂ । ਸੂਲੀ ਨਾਲ ਬੰਦਾ ਇਕ ਵੇਰ ਮਰ ਜਾਂਦਾ ਹੈ, ਪਰ ਪਰਮੇਸ਼ਰ ਦੇ ਪਯਾਰਿਆਂ ਭੁੱਖਿਆਂ ਨੂੰ ਵੀਹ ਰੁਪਏ ਖੁਆਕੇ ਪਿਉ ਦੇ ਕਹਿਰ ਹੇਠ ਆਉਣਾ, ਉਲਾਂਭੇ ਤੇ ਤ੍ਰਿੱਖੀਆਂ ਚਪੇੜਾਂ ਸਹਿਣੀਆ; ਫੇਰ ਲੋਕਾਂ ਤੋਂ ਕੁਰਾਹੀਆ ਕਹਾਉਣਾ, ਭੂਤਨਾ ਤੇ ਬੇਤਾਲ ਤੇ ਦਿਵਾਨੇ ਵਰਗੇ ਛੁਰੀਆਂ ਤੋਂ ਤਿਖੇ ਵਾਕ ਸੁਣਕੇ ਫੇਰ ਕਹਿਣ ਵਾਲਿਆਂ ਦਾ ਭਲਾ ਕਰਨਾ, ਰੂਹਾਨੀਅਤ ਦੇ ਪ੍ਰਚਾਰ ਬਦਲੇ ਇਬ੍ਰਾਹੀਮ ਲੋਧੀ ਦੀ ਬੰਦ ਵਿਚ ਪੈਣਾ ਬਾਬਰ ਦੀ ਵੰਗਾਰ ਵਿਚ ਆਉਣਾ, ਕੋਡੇ ਵਰਗੇ ਦੁਰਾਚਾਰੀ ਨੂੰ ਤਾਰਨ ਜਾਣਾ ਤੇ ਉਸ ਨੇ ਤੱਤੇ ਕਹਾੜੇ ਦੀ ਖੇਚਲ ਦੇਣੀ, ਸ੍ਰਿਸ਼ਟੀ ਦੇ ਫਕੀਰਾਂ ਨੂੰ ਕੈਦੋਂ ਛਡਾਉਣ ਲਈ ਇਕ ਘੋੜੇ ਦੇ ਮੁੱਲ ਬਰਦੇਂ ਵਾਗੂ ਵ਼ਿਕ ਜਾਣਾ, ਓਹ ਸਰੀਰਕ ਤੇ ਮਨ ਦੇ ਖੇਦ ਸਨ ਜੋ ੭੧-੭੨ ਵਰ੍ਹੇ ਦੀ ਉਮਰਾਂ ਨੂੰ ਸੂਲੀ ਦਾ ਜੀਵਨ ਬਣਾ ਗਏ, ਪਰ ਓਹਨਾਂ ਦੀ ਬੇਅੰਤ ਵਾਹਿਗੁਰੂ ਨਾਲ ਲਗਨ, ਹਰ ਘੜੀ ਦੀ ਏਕਤਾ, ਉਨ੍ਹਾਂ ਨੂੰ ਇੰਨਾ ਉੱਚਾ ਰੱਖਦੀ ਸੀ ਕਿ ਕੋਈ ਵਿਪਤ ਉਨ੍ਹਾਂ ਨੂੰ ਘਬਰਾ ਤੇ ਬੇਯਕੀਨੀ ਵਿਚ ਇਕ ਛਿਨ ਲਈ ਬੀ ਨਹੀਂ ਸੀ ਲਿਆਉਂਦੀ । ਓਹ ਦੁਨੀਆਂ ਦੀ ਆਸ਼ਤ ਵਿਚ ਟੁਰਦੇ ਸੇ, ਪਰ ‘ਖੁਨਕ ਨਾਮ ਖੁਦਾਇਆ’ ਦੇ ਕਾਰਨ ਆਪ ਕਦੇ ਨਹੀਂ ਸੇ ਤਪਦੇ, ਦੁਨੀਆਂ ਨੇ ਉਹ ਸੁਲੀਆਂ ਦਿੱਤੀਆਂ ਕਿ ਓਹਨਾਂ ਨੂੰ ਇਹ ਕਹਿਣਾ ਪਿਆ :-
ਨਾਨਕ ਦੁਨੀਆ ਕੈਸੀ ਹੋਈ ॥
ਸਾਲਕੁ ਮਿਤੁ ਨ ਰਹਿਓ ਕੋਈ ॥
ਭਾਈ ਬੰਧੀ ਹੇਤੁ ਚੁਕਾਇਆ ॥
ਦੁਨੀਆ ਕਾਰਣਿ ਦੀਨੁ ਗਵਾਇਆ ॥
[ ਸਲੋਕ ਵਾ: ਤੇ ਵ: ਮ: ੧ ]
ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥
ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲੇਖਣ ਏਈ ॥
[ ਰਾ: ਅਸ: ਮ: ੧ ]
ਦੇਖੋ ਸੂਲੀ ਦਾ ਜੀਵਨ ਦਮ ਬਦਮ ਬਿਤੀਤ ਕਰਦੇ* ਆਪ ਸਿਦਕ ਤੇ ਵਾਹਿਗੁਰੂ ਦੀ ਲਗਾਤਾਰ
ਲਗਨ ਦੇ ਤਖਤ ਉਤੇ ਬਿਰਾਜੇ ਦੱਸਦੇ ਹਨ ਕੀ:-
ਹਰਿ ਸਾ ਮੀਤੁ ਨਾਹੀ ਮੈ ਕੋਇ ॥
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥ ੧ ॥
ਗੁਰੁ ਸਰਵਰੁ ਹਮ ਹੰਸ ਪਿਆਰੇ ॥
ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥ ੨ ॥ [ ਮਾਰੂ ਮ: ੧ ]
ਇਹ ‘ਗੁਰ ਨਾਨਕ ਵਿਸ਼ਵਾਸ’ ਤੇ ‘ਗੁਰ ਨਾਨਕ ਜੀਵਨ’ ਹੈ ਉਸ ਬੇਅੰਤ ‘ਅਸਲੀਅਤ’, ਅਕਹਿ ‘ਯਥਾਰਥ’ ਤੇ ਅਗੰਮ ‘ਸੱਚ’ ਵਿਚ ਹਰਦਮ ਦੀ ‘ਟੇਕ’–ਜੀਉਂਦੀ ਰਸ ਭਰੀ ਤੇ ਪ੍ਰੇਮ ਭਰੀ ‘ਟੇਕ– ਗੁਰ ਨਾਨਕ ਦਾ ਜੀਵਨ ਹੈ, ਜੋ ਸੂਲੀਆਂ ਨੂੰ ਸੁਖ ਸਿਹਜਾ ਬਣਾਉਂਦੀ ਰਹੀ ਤੇ ਗੁਰ ਨਾਨਕ ਦੇ ਇਸ ਲਗਾਤਾਰ ਪ੍ਰੇਮ ਨੇ ਇਸ ਅਰਦਾਸ ਦਾ ਵੇਲਾ ਨਾ ਆਉਣ ਦਿੱਤਾ ਕਿ ਗੁਰ ਨਾਨਕ ਘਬਰਾ ਜਾਵੇ ਤੇ ਆਖੇ ਕਿ ਮੇਰੇ ਅੱਗੋਂ ਜਹਿਰ ਦਾ ਪਿਆਲਾ ਟਾਲ । ਹਰ ਦੁਖ ਸੁਖ ਸਮੇਂ ਉਨ੍ਹਾਂ ਦੀ ਅਰਦਾਸ ਰਹੀ :-
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥ ੩ ॥
[ ਸਿਰੀ ਰਾਗੁ ਮ: ੧ ]
ਪੁਨਾ-ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥
[ ਸਿਰੀ ਰਾਗੁ ਮ:੧ ]