ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
੧. ਈਸਾਈਆਂ ਤੋਂ ਘੱਟ ਗੇਣਤੀ ਵਿਚ ਬਹੁਤੇ ਹਿੰਦੂ ਹਨ । ਸਾਡੇ ਹਿੰਦੂ ਸਜਣ ਸ੍ਰੀ ਰਾਮ ਜੀ ਨੂੰ ੧੪ ਤੇ ਕ੍ਰਿਸ਼ਨ ਜੀ ਨੂੰ ੧੬ ਕਲਾ ਸੰਪੰਨ ਮੰਨਦੇ ਹਨ । ਸੋ ਕ੍ਰਿਸ਼ਨ ਜੀ ਓਹਨਾਂ ਦੇ ਖਿਆਲ ਵਿਚ ਵਧੀਕ ਆਰਦਸ਼ਕ ਹਨ I ਕਈ ਖੋਜੀ ਸ਼ੱਕ ਕਰਦੇ ਹਨ ਕਿ ਕ੍ਰਿਸ਼ਨ ਜੀ ਸ਼ਾਇਦ ਸੱਚੀ ਮੁੱਚੀ ਕਦੇ ਹੋਏ ਹੀ ਨਹੀਂ, ਪਰੰਤੂ ਸਾਨੂੰ ਇਥੇ ਇਸ ਬਹਿਸ ਨਾਲ ਪ੍ਰਯੋਜਨ ਨਹੀਂ । ਸਾਨੂੰ ਕ੍ਰਿਸ਼ਨ ਜੀ ਦੇ ਆਦਰਸ਼ ਨਾਲ ਪ੍ਰਯੋਜਨ ਹੈ । ਕ੍ਰਿਸ਼ਨ ਜੀ ਦੇ ਨਾਮ ਤੇ ਗੀਤਾ ਨਾਮੇਂ ਪੁਸਤਕ ਇਖ਼ਲਾਕ ਤੇ ਫਿਲਸਫੇ ਦੀ ਇਕ ਸਤਿਕਾਰ ਯੋਗ ਯਾਦਗਾਰ ਮੌਜੂਦ ਹੈ ਅਰ ਇਸ ਦਾ ਨਿਚੋੜ ਧਰਮ ਹੈ । ਆਪਣੇ ਧਰਮ ਨੂੰ ਅਦਾ ਕਰ,ਚਾਹੇ ਭਰਾ, ਚਾਚੇ ਤਾਏ, ਉਸਤਾਦ ਮਾਰੇ ਜਾਣ, ਚਾਹੇ ਫਲ ਦੁਖ ਹੋਵੇ ਜਾਂ ਸੁਖ ਧਰਮ ਤੋਂ (ਜੋ ਤੇਰਾ ਹੈ) ਨਾਂ ਘੁੱਸ I ਇਹੀ ਇਨਸਾਨ ਦਾ ਆਦਰਸ਼ਕ ਜੀਵਨ ਹੈ । ਗੀਤਾ ਵਿਚ ਕ੍ਰਿਸ਼ਨ ਜੀ ਨੇ ਯੋਗ, ਭਗਤੀ, ਵੇਦਾਂਤ ਸਾਰੇ ਉਪਦੇਸ਼ ਦਿੱਤੇ ਹਨ । ਸਾਰੇ ਸਿੱਧਾਂਤ ਇਕ ਕਰਕੇ ਦਿਖਾਏ ਹਨ, ਅਣ -ਮਿਲਦੇ ਖਿਆਲ ( Reconcile) ਮਿਲਾ ਕੇ ਦਰਸਾਏ ਤੇ ਬੜੀ ਯੋਗਤਾ ਦਾ ਕੰਮ ਕੀਤਾ ਹੈ । ਪਰੰਤੂ ਮੁੱਖ ਸਿੱਧਾਂਤ ਉਸ ਵਿਚ ਇਹ ਹੈ ਕਿ ‘ਧਰਮ ਮੁੱਖ’ ਹੈ । ਕ੍ਰਿਸਨ ਜੀ ਵਿਚ ਰਾਜਸੀ ਗੁਣ ਵੀ ਸਨ, ਭਗਤੀ ਦੇ ਖਿਆਲ ਵੀ ਸਨ, ਛਿਆਂ ਹੀ ਸ਼ਾਸਤਰਾ ਦੇ ਬ੍ਰਾਹਮਣੀ ਖਿਆਲਾ ਦਾ ਨਚੋੜ ਬੀ ਉਹਨਾਂ ਪਾਸ ਸੀ, ਪਰ ਉਹਨਾਂ ਦਾ ਸਭ ਤੋਂ ਉੱਚਾ ਗੁਣ ਤੇ ਆਦਰਸ਼ ‘ਧਰਮ’ ਸਭ ਤੋਂ ਉਪਰ ਹੈ ।
੨. ਰਾਮ ਚੰਦਰ ਜੀ ਦੀ ਸਾਡੇ ਪਾਸ ਗੀਤਾ ਵਾਂਗੂ ਕੋਈ ਰਚਨਾਂ ਨਹੀਂ ਹੈ, ਪਰ ਪਿਤਾ ਦਾ ਵਾਕ ਸੱਤ ਰਹੇ, ਚਾਹੇ ਰਾਜ ਜਾਏ । ਇਸਤ੍ਰੀ ਹਰੀ ਗਈ ਹੈ, ਚਾਹੇ ਜਾਂਗਲੀ ਰਾਜਿਆਂ ਦੀ ਸਹੈਤਾ ਲੈਣੀ ਪਵੇ, ਚਾਹੇ ਬਾਲੀ ਮਾਰਕੇ ਸੈਨਾ ਜੋੜਨੀ ਪਵੇ, ਪਰ ਇਸਤ੍ਰੀ ਛਡਾਉਣੀ ਹੈ ਇਹ ਪਰਮ ਧਰਮ ਹੈ ਆਦਿਕ । ਸ੍ਰੀ ਰਾਮ ਜੀ ਨੇ ਕੰਮ ‘ਧਰਮ ਸਭ ਤੋਂ ਉਪਰ’ ਦੇ ਹੀ ਨਮੂਨੇ ਹਨ । ਰਾਮ ਜੀ ਵਿਚ ਭਗਤੀ ਭਾਵ ਹੈ, ਲੋਕਾਂ ਨੂੰ ਖਿਚਦੇ ਤੇ ਪਿਆਰ ਭੀ ਪਾਉਂਦੇ ਹਨ, ਪਰ ਮਾਤਾ ਪਿਤਾ ਦੀ ਆਗਯਾ ਪਾਲਣ ਵਿਚ ਭਰਾਵਾਂ ਨਾਲ ਆਦਰਸ਼ਕ ਨਿਰਬਾਹ ਕਰਦੇ, ਪਰਜਾ ਨੂੰ ਠੀਕ ਪਾਲਦੇ, ਉਹ ਸਾਰੇ ਜੀਵਨ ਵਿਚ ਧਰਮ ਦਾ ਹੀ ਇਕ ਨਮੂਨਾ ਹਨ, ਪਰ ਧਰਮ ਦਾ ਕਮਾਲ ਕ੍ਰਿਸ਼ਨ ਜੀ ਵਿਚ ਹੈ, ਹਾਂ, ਮਰਿਯਾਦਾ ਪੁਰਸ਼ੋਤਮ ਹੋਣ ਵਿਚ ਸ੍ਰੀ ਰਾਮ ਜੀ ਅਗੇਰੇ ਹਨ ।
ਅਸੀਂ ਇਨ੍ਹਾਂ ਦੋਹਾਂ ਮਹਾਂ ਪੁਰਖਾਂ ਦਾ ਇਕੱਠਾ ਜ਼ਿਕਰ ਕੀਤਾ ਹੈ, ਕਿਉਂਕਿ ਦੋਨੋਂ ਹਿੰਦੂ ਮੰਡਲ ਦੇ ਅਵਤਾਰ ਤੇ ਆਦਰਸ਼ ਹਨ I ਇਸ ਵੇਲੇ ਦਾ ਹਿੰਦੂ ਧਰਮ ਇਨ੍ਹਾਂ ਦੋਹਾਂ ਕੇਂਦਰਾਂ ਦੇ ਉਦਾਲੇ ਘੁੰਮ ਰਿਹਾ ਹੈ, ਦੋਹਾਂ ਦਾ ਆਦਰਸ਼ ਧਰਮ ਹੈ!
ਧਰਮ ਦਾ ਅਰਥ :-
ਧਰਮ ਪਦ ਦਾ ਧਾਤੂ ਧ੍ਰੀ ਤੋ ਬਣਦਾ ਹੈ, ਅਰਥ ਹੈ :- ਪਾਸ ਹੋਣਾ, ਰੱਖਣਾ, ਧਰਨਾ, ਮੁਕਰਰ ਆਦਿ । ( ੳ ) ਧਰਮ ਦਾ ਅਰਥ ਹੈ–ਕਿਸੇ ਦੀ ਉਹ ਬ੍ਰਿਤੀ ਜਿਸ ਵਿਚ ਉਹ ਸਦਾ ਰਹੇ, ਪ੍ਰਕ੍ਰਿਤੀ ਸੁਭਾਵ, ਜਿਕੂੰ ਅੱਖ ਦਾ ਧਰਮ ਹੈ: ਦੇਖਣਾ । ( ਅ ) ਧਰਮ–ਜੋ ਸਭ ਨੂੰ ਸਹਾਰਾ ਦਵੇ । ( ੲ ) ਸ਼ਾਸਤ੍ਰੋਕਤ ਓਹ ਕਰਮ ਜੋ ਪ੍ਰਲੋਕ ਲਈ ਕੀਤੇ ਜਾਣ ‘ ਜੈਸੇ ਯੱਗ, ਬ੍ਰਤ ਆਦਿ । ( ਸ ) ਕਰਮ ਕਾਡ ਦੀ ਵਿਧੀ ਪੂਰਬਕ ਕਰਨਾ । ( ਹ ) ਇਕ ਦੂਸਰੇ ਦਾ ਇਕ ਦੂਸਰੇ ਵਲ ਵਰਤਾਉ ਦਾ ਯੋਗ ਤ੍ਰੀਕਾ l ( ਕ ) ਵਰਣਾਸ਼੍ਰਮ ਲਈ ਕਰਨੇ ਜੋਗ ਕੰਮ I ਜੈਸੇ ਖਤ੍ਰੀ ਦਾ ਜੁੱਧ ਕਰਨਾ ਧਰਮ ਹੈ । ( ਖ ) ਪਰ ਬੀਬੀ ਐਨੀਬੀਸੈਂਟ ਨੇ ਗੀਤਾ ਦੇ ਅੰਗ੍ਰੇਜ਼ੀ ਤਰਜਮਾ ਕਰਨ ਵੇਲੇ ਧਰਮ ਦਾ ਅਰਥ Duty ( ਡਯੂਟੀ ) ਕੀਤਾ । ਯਰੂਪੀ ਬੋਲੀਆਂ ਵਿਚ ਡਯੂਟੀ ਦਾ ਅਰਥ ਨਿਰਾ ਧਰਮ ਮਾਤ੍ਰ ਯਾ ਫਰਜ਼ ਮਾਤ੍ਰ ਨਹੀਂ ਸਗੋਂ ਉਨ੍ਹਾਂ ਵਿਚ ਇਹ ਇਕ ਉੱਚਾ ਆਦਰਸ਼ ਬਣ ਚੁੱਕਾ ਹੈ । ਡਯੂਟੀ ਹੀ ਉਹਨਾਂ ਲੋਕਾਂ ਦਾ ਮਾਨੋ ਮਜ਼ਹਬ ਬਣ ਚੁੱਕੀ ਹੈ । ਗੀਤਾ ਦੇ ਲਫਜ਼ ਧਰਮ ਨੇ ਡਯੂਟੀ ਵਿਚ ਤਰਜਮਾ ਖਾਕੇ ਪੱਛਮੀਆਂ ਪਰ ਗੀਤਾ ਦੇ ਅਰਥ ਭਾਵ ਦਾ ਐਸਾ ਅਨੁਕੂਲ ਅਸਰ ਪਾਇਆ ਹੈ ਕਿ ਜਿਸ ਨੇ ਗੀਤਾ ਦੀ ਕੀਮਤ ਬਹੁਤ ਵਧਾ ਦਿੱਤੀ । ਹੁਣ ਧਰਮ ਪਦ ਦਾ ਨਵਾਂ ਅਰਥ ਉਨ੍ਹਾਂ ਵਿਚ ਡਯੂਟੀ ਪਦ ਦੇ ਆਦਰਸ਼ ਨਾਲ ਮਿਲ ਜਾਣ ਕਰਕੇ ਗੀਤਾ ਦਾ ਆਦਰਸ਼ ਹਿੰਦੂਆਂ ਵਿਚ ਬੀ ਉਹੋ ਹੋ ਗਿਆ ਹੈ ਕਿ ਜੋ ਪੱਛੋ ਵਿਚ ਪਦ ( Duty ) ਡਯੂਟੀ ਨਾਲ ਬੱਝਾ ਪਿਆ ਹੈ । ਇਸ ਕਰਕੇ ਹੁਣ ਉਹਨਾਂ ਹੀ ਅਰਥਾਂ ਵਿਚ ਇਸ ਆਦਰਸ਼ ਨੂੰ ਲੈਕੇ ਟੁਰਦੇ ਹਾਂ । ਕ੍ਰਿਸ਼ਨ ਜੀ ਦਾ ਧਰਮ ਦਾ ਆਦਰਸ਼ ਗੁਰ ਨਾਨਕ ਵਿਚ ਆਪਣੇ ਉਸ ਕਮਾਲ ਤੇ ਹੈ, ਘੱਟ ਨਹੀਂ, ਚੁੱਖ ਕੁ ਅਗੇਰੇ ਹੈ । ਪਰੰਤੂ ਗੁਰ ਨਾਨਕ ਦੇਵ ਜੀ ਵਿਚ ਓਹ ਡਯੂਟੀ ਦੇ ਨਿਰਬਾਹ ਦਾ ਕਮਾਲ, ਨਿਰਬਾਹ ਤੋਂ ਵੱਖਰਾ ਡਯੂਟੀ ਦੀ ‘ਕਿਸਮ ਦੀ ਪਛਾਣ ਕਰਨ’ ਤੇ ਚੁਣ ਲੈਣ’ ਵਿਚ ਗੀਤਾ ਤੋਂ ਉੱਚਾ ਨਿਕਲ ਗਿਆ ਹੈ । ਸ੍ਰੀ ਕ੍ਰਿਸ਼ਨ ਜੀ ਦਾ ਡਯੂਟੀ ਉਪਦੇਸ਼ ਇ- ਖ਼ਲਾਕੀ ਉਪਦੇਸ਼ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਡਯੂਟੀ ਦਾ ਉਪਦੇਸ਼ ਇਖ਼ਲਾਕੀ ਕਮਾਲ ਤੇ ਰੂਹਾਨੀ ਕਮਾਲ ਦੋਹਾਂ ਵਿਚ ਕਮਾਲ ਤੇ ਹੈ । ਵੀਚਾਰ ਕਰੋ :- ਸੁਹਣਾ ਸ਼੍ਰੀ ਗੁਰੂ ਨਾਨਕ ਪੁਤ੍ਰ ਹੈ, ਭਰਾ ਹੈ, ਪਤੀ ਹੈ, ਪਿਤਾ ਹੈ, ਅਰ ਇਨ੍ਹਾਂ ਸਭਨਾਂ ਸੰਬੰਧਾਂ ਵਿਚ ਆਪਣੇ ਇਖ਼ਲਾਕੀ ਫਰਜ਼ ਨੂੰ ਪਛਾਣਦਾ ਹੈ, ਪਰ ਜਾਪਦਾ ਐਉਂ ਹੈ ਕਿ ਇਸ ਫਰਜ਼ ਨੂੰ ਭੁਲਾਕੇ ਸਾਧ ਹੋਕੇ ਦੁਨੀਆਂ ਤੋਂ ਭੱਜ ਗਿਆ ਹੈ । ਪਰ ਉਸ ਰੂਹਾਨੀ ਤਲਵਰੀਏ ਦਾ ਕਮਾਲ ਦੇਖੋ, ਕਿ ਉਹ ਇਸ ਪੁਤਰ ਭਰਾ, ਪਤੀ, ਪਿਤਾ ਦੇ ਆਪਣੇ ਫਰਜ਼ਾਂ ਦੇ ਘੇਰੇ ਵਿਚ, ਮੋਹ ਦੇ ਤਣ ਜਾਲ ਵਿਚ, ਮਾਨੁੱਖੀ ਸ਼ਰੀਰ ਵਿਚ ਵਸਦਿਆਂ ਦੇਸ਼ ਵਿਚ ਰੂਹਾਨੀ ਤੇ ਇਖ਼ਲਾਕੀ ਗਿਰਾਉ ਦੇ ਅੰਧਕਾਰ ਦੇ ਹੁੰਦਿਆਂ ਆਪਣਾ ‘ਫਰਜ਼’ ਪਛਾਣਦਾ ਹੈ, ਇਸ ਪਛਾਣ ਤੇ ਚੋਣ ਵਿਚ ‘ਡਯੂਟੀ ਸਭ ਤੋਂ ਉਪਰ’ ਨੂੰ ਰੂਹਾਨੀਅਤ ਵਿਚ ਸਿਆਣਦਾ ਤੇ ਵਰਤ ਕੇ ਦੱਸਦਾ ਹੈ, ਇਸ ਚੋਣ ਕਰਨ ਵਿਚ ਡਯੂਟੀ ਦੇ ਨੁਕਤੇ ਤੋਂ ਕਮਲਾਂ ਦਾ ਸਿਰ ਕਮਾਲ ਦਿਖਾਉਂਦਾ ਹੈ I ਜਿਸ ਵੇਲੇ :-
‘ਬਾਬਾ ਦੇਖੈ ਧਯਾਨ ਧਰਿ ਜਲਤੀ ਸਭਿ ਪ੍ਰਿਥਮੀ ਦਿਸਿ ਆਈ ।’
ਤੇ ਫੌਰਨ ਫੈਸਲਾ ਕਰਦਾ ਹੈ ਕਿ ਮੇਰੀ ਡਯੂਟੀ ਇਸ ਨੂੰ ਬਚਾਉਣਾ ਹੈ ਤੇ ਫੈਸਲਾ ਕਰਦੇ ਹੀ ਕਰਕੇ ਦਿਖਾਉਂਦਾ ਹੈ ਤੇ ਅਸੀਂ ਕੀ ਦੇਖਦੇ ਹਾਂ ਕੀ ਗੁਰ ਨਾਨਕ :-
‘ਚੜ੍ਹਿਆ ਸੋਧਣ ਧਰਤਿ ਲੁਕਾਈ ।’
ਸ੍ਰਿਸ਼ਟੀ ਦੀ ਜਲਨ ਦੂਰ ਕਰਨ, ਸ੍ਰਿਸ਼ਟੀ ਦਾ ਅੰਧਕਾਰ ਦੂਰ ਕਰਨ, ਸ੍ਰਿਸ਼ਟੀ ਨੂੰ ਮੁਰਦਾਪਨ ਤੋਂ ਕੱਢਣ, ਸੋਚਾਂ, ਵਹਿਮਾਂ, ਭਰਮਾਂ ਤੋਂ ਬਾਹਰ ਲਿਆਉਣ, ਕਲੇਜਿਆਂ ਵਿਚ ਬੇਅੰਤ ਵਾਹਿਗੁਰੂ’ ਨਾਲ ਜੀਉਂਦੀ ਤੜਪ ਤੇ ਤਸੱਲੀ ਵਾਲੀ ਲੱਗਨ ਦੇਣ ਲਈ ਬਾਬਾ ਆਪਣੇ ਲਈ ਸਿਰ ਫਰਜ਼ਾਂ ਦੇ ਫਰਜ਼ ਰੂਹਾਨੀ ਫਰਜ਼ ਨੂੰ ਚੁਣਦਾ ਹੈ ਤੇ ਦੱਸਦਾ ਹੈ ਕਿ ਫਰਜ਼ ਸਭ ਤੋਂ ਮੁੱਖ ਹੈ, ਪਰ ਫਰਜ਼ ਦੀ ਚੋਣ ਉਸ ਤੋਂ ਵੀ ਮੁੱਖ ਹੈ ਤੇ ਰੂਹਾਨੀ ਫਰਜ਼ ਸੰਸਾਰਕ ਤੇ ਇਖ਼ਲਾਕੀ ਫਰਜ਼ਾਂ ਤੋਂ ਉੱਚੇ ਹਨ । ਹਾਂ ਰੂਹਾਨੀਅਤ ਦੇ ਫਰਜ਼ ਇਖ਼ਲਾਕੀ ਫਰਜ਼ ਤੋਂ ਵਧੇਰੇ ਕਮਾਲ ਦੇ ਕੰਮ ਹਨ । ਸੋ ਗੁਰੂ ਜੀ ਨੇ ਫਰਜ਼ ਦੀ ਚੋਣ ਤੇ ਫਰਜ਼ ਦੇ ਨਿਰਬਾਹ ਵਿਚ ਬੜਾ ਕਮਾਲ ਕੀਤਾ । ਇਤਨੀ ਕੁਰਬਾਨੀ, ਇਤਨੇ ਸਫਰ ਤੇ ਹਾਡ ਅਤੇ ਉਹਨਾਂ ਵਿਚ ਬੇਅੰਤ’ ਔਖ ਝੱਲੇ ਹਨ, ਪਰ ‘ਸ੍ਰਿਸ਼ਟੀ’ ਤਾਰਨ’ ਦਾ ਫਰਜ਼ ਨਿਬਾਹਿਆ । ਆਪ ਨੇ ਰੂਹਾਨੀਅਤ ਦਾ ਪ੍ਰਚਾਰ ਕੀਤਾ, ਮੁਰਦੇ ਦਿਲਾਂ ਨੂੰ ਜੀਉਂਦਾ ਕੀਤਾ, ‘ਬੇਅੰਤ’ ਨਾਲ ਜੋੜਿਆ I ਇਸ ਫਰਜ਼ ਨੂੰ ਪੂਰਾ ਕਰਨੇ ਲਈ ਗੁਰੂ ਜੀ ਉਸ ਵੇਲੇ ਦੇ ਪ੍ਰਸਿੱਧ ਜਗਤ ਵਿਚ ਲਗ ਪਗ ਸਾਰੇ ਫਿਰੇ ਹਨ* I
ਰੇਲਾਂ ਨਹੀਂ, ਤਾਰਾਂ ਨਹੀਂ, ਸੜਕਾਂ ਪੱਕੀਆਂ ਨਹੀਂ, ਰਾਖੀ ਨਹੀਂ, ਜੰਗਲ ਚੋਰਾਂ ਭਰੇ ਹਨ, ਪੈਦਲ ਤੁਰਨਾ ਹੈ, ਪਰ ਓਹ ਡਯੂਟੀ ਦੀ ਨਾੜ ਪਛਾਣਨ ਤੇ ਸ਼ਿਖਰੇ ਲੈ ਜਾਣ ਵਾਲਾ ਪੰਜ ਵੇਰ ਆਪਣਾ ਦੈਵੀ ਫਰਜ਼ ਅਦਾ ਕਰਨ ਨਿਕਲ ਟੁਰਦਾ ਹੈ । ਕੁਰਮ, ਅਫਗ਼ਾਨਿਸਤਾਨ, ਈਰਾਨ, ਬਗ਼ਦਾਦ, ਮੱਕੇ ਮਿਸਰ ਤੇ ਪਰੇ ਤਾਈਂ, ਕਸ਼ਮੀਰ, ਤਿੱਬਤ, ਚੀਨ, ਅਸਾਮ, ਮਨੀ ਪੁਰ, ਪੂਰਬੀ ਟਾਪੂ ਤੇ ਲੰਕਾ ਤਾਈ ; ਜਗਨ ਨਾਥ, ਬਨਾਰਸ ਗੰਗਾ, ਰਾਮੇਸ਼ੁਰ, ਬਿੰਧਯਾਚਲ, ਸਿੰਧ, ਬਲੋਚਿਸਤਾਨ ਸਾਰਾ ਹਿੰਦ ਫਿਰਦਾ ਹੈ, ਸੰਗਲਾਦੀਪ ਜਾਂਦਾ ਹੈ ਅਰ ਆਪਣੇ ਸੱਚੇ ਪਿਤਾ ਦੇ ਦਿੱਤੇ ਫਰਜ਼ ‘ਸ੍ਰਿਸ਼ਟੀ ਨੂੰ ਸ੍ਰਿਸ਼ਟੇ ਨਾਲ ਜੋੜਨ ਲਈ’ ਫਿਰਦਾ ਹੈ ਤੇ ਜੋੜਦਾ ਹੈ ।
੩. ਇਧਰ ਇਖ਼ਲਾਕੀ ਕਮਾਲ ਵਿਚ ਬੀ ਡਯੂਟੀ ਦੇ ਹਿੱਸੇ ਨੂੰ ਦੇਖੋ ਕੀਕੂੰ ਨਿਬਾਹੁੰਦਾ ਹੈ ਅਰ ਵਾਪਸ ਆਕੇ ਮਾਤਾ ਪਿਤਾ ਨੂੰ, ਜੋ ਉਸ ਨੂੰ ‘ ਪਿਤ੍ਰ ਭਗਤੀ’ ਦੇ ਫਰਜ਼ ਤੋਂ ਨਠ ਗਿਆ ਸਮਝ ਰਹੇ ਸਨ ਦੈਵੀ ਨਿਉਤਾ ਦੇਂਦਾ ਹੈ, ਉਹ ਹੁਣ ਦੇਖਦੇ ਹਨ ਕਿ ਓਹਹੋ ! ਇਹ ‘ਸਾਡਾ ਨਾਨਕ’ ਤਾਂ ਸਾਡਾ ਪੁਤ ਨਹੀਂ ਸੀ, ਇਹ ਤਾਂ ਰਬ ਦਾ ਪੁਤ ਸੀ ਤੇ ਇਸ ਨੇ ਤਾਂ ਸ੍ਰਿਸ਼ਟੀ ਤਾਰਨੀ ਸੀ, ਅਸੀਂ ਭੁੱਲੇ ਹੀ ਰਹੇ ਜੋ ਇਸ ਨੂੰ ਇਸ ਦੇ ਉੱਚੇ ਧਰਮ ( ਉੱਚੀ ਡਯੂਟੀ ) ਤੋਂ ਵਰਜ ਵਰਜ ਬਹਾਉਣ ਦੀ ਕਰਦੇ ਰਹੇ । ਹੁਣ ਜਦ ਇਹ ਸੋਝੀ ਮਿਲ ਗਈ ਤਾਂ ਗੁਰੂ ਉਹਨਾਂ ਦੇ ਅੰਦਰ ਵਾਹਿਗੁਰੂ ਪ੍ਰੇਮ ਦੀ ਕਣੀ ਪਾਉਂਦਾ ਹੈ, ਜੀਅਦਾਨ ਦੇਂਦਾ ਹੈ । ਮਾਤਾ ਪਿਤਾ ਦਾ ਹੁਕਮ ਮੰਨਣਾ ਇਕ ਡਯੂਟੀ ਸੀ । ਰਾਮ ਜੀ ਨੇ ਮੰਨਿਆਂ, ਚਾਹੇ ਉਸ ਵਿਚ ਪਿਤ ਵਿਯੋਗ ਖਾਕੇ ਪ੍ਰਲੋਕ ਜਾਂ ਬਸੇ l ਅਰਜਨ ਨੇ ਡਯੂਟੀ ਦਾ ਆਵਾਜ਼ਾ ਮੰਨਿਆਂ, ਚਾਹੇ ਉਸ ਜੁੱਧ ਵਿਚ ਨੇੜੇ ਤੋਂ ਨੇੜੇ ਦੇ ਆਪਣੇ ਤਲਵਾਰ ਦੀ ਘਾਟ ਉਤਰੇ । ਗੁਰੂ ਨਾਨਕ ਦੇਵ ਜੀ ਨੇ ਪਿਤਾ ਦਾ ਹੁਕਮ ਮੰਨਿਆ, ਕੀਕੂੰ ਰੱਬ ਰੂਪ ਹੋਕੇ ਪਿਤਾ ਅਗੇ ਸਿਰ ਨੀਵਾਂ ਪਾਕੇ ਖਰੇ ਸੌਦੇ ਵਾਲਾ ਗੁੱਸਾ ਸਹਾਰਿਆ, ਪਰ ਜਦ ਵੇਲਾ ਆਇਆ ਸਚੇ ਪਿਤਾ ਦੇ ਹੁਕਮ ਦੀ ਬਜਾਆਵਰੀ ਦਾ ਤਦ ਆਪ ਨੇ ਪਿਤਾ ਦੇ ਹੁਕਮ ਮੰਨਣ ਤੋਂ ਉਚੇਰੀ ਡਯੂਟੀ ਨੂੰ ਸਿਆਣਿਆਂ l ਵਾਹਿਗੁਰੂ ਦੀ ਸ੍ਰਿਸ਼ਟੀ ਨੂੰ ਤਾਰਨ ਦਾ ਹੁਕਮ ਜਦ ਵੇਈਂ ਵਿਚ ਆਯਾ ਤਾਂ ਧਨ ਧਾਮ ਇਸਤ੍ਰੀ ਪੁਤ੍ਰ ਮਾਤਾ ਪਿਤਾ ਸਭ ਨੂੰ ਛੱਡਕੇ ਇਲਾਹੀ ਕੰਮ ਕਰਨ ਚਲੇ ਗਏ । ਜ਼ਾਹਰਾ ਤਾਂ ਜਾਪਦਾ ਹੈ ਕਿ ਪਿਤਾ ਵੰਨੇ ਜੋ ਡਯੂਟੀ ਸੀ ਕਾਂਪ ਖਾ ਗਈ ਹੈ, ਹੁਣ ਸਾਧੂ ਹੋਕੇ ਨਿਕਲ ਗਏ ਹਨ, ਮਾਂ ਬਾਪ ਤੋ ਤ੍ਰੱਟ ਗਏ ਹਨ, ਪਰ ਦੇਖੋ ਜਦ ਪਹਿਲਾਂ ਦੌਰਾ ਆਪਣੇ ਅਰਸ਼ੀ ਫਰਜ਼ ਦਾ ਕਰਕੇ ਆਉਂਦੇ ਹਨ ਤਾਂ ਮਾਤਾ ਪਿਤਾ ਨੂੰ ਮਿਲਦੇ ਹਨ । ਭਗਵੇ ਪਹਿਨਣ ਦੀ ਲਾਜ ਪਰਦਾ ਕੋਈ ਨਹੀਂ ਬਣਦੀ । ਓਹ ਆਪਣੇ ਪਿਤ੍ਰੀ ਫਰਜ਼ ਨੂੰ ਜਾਣਦੇ ਹਨ ਤੇ ਪਛਾਣਦੇ ਹਨ । ਉਨ੍ਹਾ ਦੀ ਸੱਚੀ ਸੇਵਾ ਕਰਦੇ ਹਨ । ਹਾਂ, ਓਹਨਾਂ ਨੂੰ ਜੀਆਦਾਨ ਦੇਂਦੇ ਹਨ, ਵਾਹਿਗੁਰੂ ਦੇ ਪ੍ਰੇਮ ਵਿਚ ਲਿਆਉਂਦੇ ਹਨ । ਓਹ ਦੋਵੇਂ ਹੁਣ ਆਤਮ ਜਾਗ੍ਰਤ ਵਿਚ ਆਕੇ ਪੁਤ੍ਰ ਨੂੰ ਦੇਵ ਗੁਰੂ ਵੇਖਦੇ ਹਨ ਤੇ ਪੁਤ੍ਰ ਜਾਣਕੇ ਸੇਵਾ ਕਰਾਉਣੋ ਸ਼ਰਮਦੇ ਹਨ । ਵਾਹਿਗੁਰੂ ਦੀ ਜਯੋਤਿ ਨੂੰ ਉਸ ਵਿਚ ਤੱਕਦੇ ਹਨ ਤੇ ਪਰਮ ਸੁਖੀ ਹੋ ਜਾਂਦੇ ਹਨ । ਭੈਣ ਨੂੰ ਤਾਂ ਰੱਬ ਵਲੋਂ ਪਹਿਲਾਂ ਹੀ ਸੋਝੀ ਹੋ ਗਈ ਸੀ ਕਿ ਵੀਰ ਤਾਂ ਅਰਸ਼ੀ ਨੂਰ ਹੈ I ਭੈਣ ਜਦ ਯਾਦ ਕਰੇ, ਕੋਮਲ ਤੇ ਅਰਸ਼ੀ ਭਾਵਾਂ ਤੇ ਰੂਹਾਨੀ ਵਲਵਲਿਆ ਦਾ ਸਤਿਕਾਰੀ ਗੁਰੂ ਨਾਨਕ, ਝਟ ਦਰਸ਼ਨ ਦੇਂਦਾ ਸੀ । ਕੈਸਾ ਇਖ਼ਲਾਕੀ ਤੇ ਰੂਹਾਨੀ ਡਯੂਟੀ ਦਾ ਕਮਾਲ ਹੈ I ਹਾਂ ਜੀ ਜਦੋਂ ਪਰਦੇਸੀਂ ਟੁਰਨ ਲਗੇ ਸਨ ਤਾਂ ਕੀਹ ਨਕਸ਼ਾ ਸੀ ? ਇਸਤ੍ਰੀ ਰੋਂਦੀ ਹੈ, ਆਖਦੀ ਹੈ ਬੱਚੇ ਨਿਆਣੇ ਹਨ, ਤੁਸੀਂ ਟੁਰ ਚਲੇ ਹੋ, ਮੈਂ ਕਿਸ ਆਸਰੇ ਜੀਵਾਂ ? ਤਾਂ ਆਖਦੇ ਹਨ: ਮੈਂ ਮਾਲਕ ਦੀ ਨੌਕਰੀ ਕਰਨੀ ਹੈ, ਤੇਰਾ ਓਹ ਰਾਖਾ ਹੈ । ਇਸਤ੍ਰੀ ਤੇ ਨਿਆਣੇ ਬੱਚੇ ਛੱਡਕੇ ਡਯੂਟੀਆਂ ਸਿਰ ਡਯੂਟੀ ਲਈ ਉਠ ਟੁਰੇ । ਪਰ ਜਦ ਅੰਤ ਕਰਤਾਰਪੁਰ ਆ ਬਿਰਾਜੇ, ਇਸਤ੍ਰੀ ਨੂੰ ਭੀ ਰੱਬੀ ਨੂਰ ਦਾ ਹਿੱਸਾ ਦਿੱਤਾ, ਪੁਤ੍ਰਾਂ ਨੂੰ ਵੀ ਵਾਹਿਗੁਰੂ ਵਿਚ ਲਾਇਆ, ਜਿਨ੍ਹਾਂ ਦੀ ਉਦਾਸੀ ਸੰਪ੍ਰਦਾ ਅੱਜ ਤੱਕ ਚਲਦੀ ਹੈ । ਇਸ ਗਲੋਂ ਨਹੀਂ ਸੰਕੋਚ ਕਿ ਹੁਣ ਇਸਤ੍ਰੀ ਨੂੰ, ਜੋ ਪੇਕੇ ਘਰ ਅਤਿ ਦੁਖੀ ਹੈ, ਸ਼ਰਨ ਦਿੱਤਿਆਂ ਭੇਖੀਆਂ ਵਲੋਂ ਹਾਸੋ ਹੀਣੀ ਹੋਵੇਗੀ I ਉਸ ਨਿਰਭੈ, ਸੱਚ ਦੇ ਉਪਾਸਕ ਨੇ ਇਸਤ੍ਰੀ ਤੇ ਬੱਚਿਆਂ ਨੂੰ ਸ਼ਰਨ ਦਿੱਤੀ । ਕੋਈ ਸਾਧੂ ਭਗਵੇ ਪਹਿਨਕੇ ਇਸਤ੍ਰੀ ਪੁਤ੍ਰ ਨੂੰ ਪਨਾਹ ਦੇਣ ਦੀ ਖੁੱਲ੍ਹ ਨਹੀਂ ਲਏਗਾ, ਲੋਕ ਲਾਜ ਰੋਕਦੀ ਹੈ, ਪਰ ਸੱਚ ਤੇ ਨਿਧੜਕ ਟੁਰੇ ਰਹਿਣ ਵਾਲੇ ਗੁਰੂ ਬਾਬਾ ਜੀ ਨੇ ਆਪਣੇ ਫਰਜ਼ ਨੂੰ ਪੂਰਾ ਕਰਨ ਵੇਲੇ ਕੋਈ ਭੈ ਨਹੀਂ ਮੰਨਿਆਂ I ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜੋਗੀਆਂ ਨੇ ਉਲਾਂਭਾ ਬੀ ਦਿੱਤਾ ਕਿ ਜਗਤ ਤਿਆਗ਼ ਕੇ ਸਾਧੂ ਹੋਕੇ ਫਿਰ ਕਿਉਂ ਸੰਸਾਰੀ ਰੀਤਿ ਚਲਾਈ, ਪਰ ਉਸ ਨਿਰੋਲ ਸੱਚ ਦੇ ਮਾਲਕ ਨੇ ਪ੍ਰਵਾਹ ਨਹੀਂ ਕੀਤੀ । ਆਪ ਦਾ ਹਰ ਇਕ ਨਾਲ ਵਰਤੋਂ ਵਿਚ ਡਯੂਟੀ ਦਾ ਇਖ਼ਲਾਕੀ ਕਮਾਲ ਭੀ ਕੈਸਾ ਅਨੋਖਾ ਹੈ।
੪. ਕ੍ਰਿਸ਼ਨ ਜੀ ਗੀਤਾ ਵਿਚ ‘ਮੈਂ ਕਰਕੇ ਬੋਲਦੇ ਹਨ, ‘ਮੇਰੀ ਇਕ ਸ਼ਰਨ ਲੈ ਤੇ ਸਾਰੇ ਧਰਮਾਂ ਦਾ ਤਿਆਗ ਕਰ’, ਸ੍ਰਿਸ਼ਟੀ ਨੂੰ ਉਬਾਰਨ ਲਈ ਕ੍ਰਿਸ਼ਨ ਜੀ ਅਰਦਾਸ ਨਹੀਂ ਕਰਦੇ, ਆਪਣੀ ਸ਼ਰਨ ਹੀ ਦਾਰੂ ਦੱਸਦੇ ਹਨ । ਬ੍ਰਹਮ ਨੂੰ ਮੰਨਦੇ ਹਨ, ਭਗਤੀ ਬੀ ਦ੍ਰਿੜਾਉਂਦੇ ਹਨ, ਪਰ ਸ੍ਰਿਸ਼ਟੀ ਪ੍ਰੇਮ ਵਿਚ ‘ਮੈਂ ਦਾ ਭਾਵ ਨਾਲ ਨਾਲ ਚਲਦਾ ਹੈ, ਇਹ ਮੈਂ ਤੇ ਇਸ ਦਾ ਹੁੰਗਾਰਾ ਇਸ ਟਿਕਾਣੇ ਨਿੰਦਣ ਯੋਗ ਨਹੀਂ, ਪਰ ਕੇਵਲ ਵੀਚਾਰ ਮਾਤ੍ਰ ਲਈ ਇਹ ਗੱਲ ਖਿਆਲ ਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਪਰਤਾਵੇ ਤੋਂ ਬੀ ਅਤੀਤ ਉੱਚੇ ਆਕਾਸ਼ਾਂ ਵਿਚ ਗਤੀ ਰੱਖਦੇ ਹਨ, ਵਾਹਿਗੁਰੂ ਨਾਲ ਅੱਠੇ ਪਹਿਰ ਅਭੇਦ ਹਨ, ਵਿਚ ਅੰਤਰਾ ਕੋਈ ਨਹੀਂ, ਤਦਰੂਪ ਹੈਨ । ਹਾਂ ਵਾਹਿਗੁਰੂ ਦੀ ਮੈਂ ਤੇ ਓਹਨਾਂ ਦੀ ਮੈਂ ਇਕ ਸੁਰ ਹਨ, ਜੇ ਓਹਨਾਂ ਦੀ ਮੈਂ ਬੋਲੇ ਤਾਂ ਅਨੰਤ ਦੀ ਤਾਰ ਬੋਲੇਗੀ ਮੈਂ, ਤੇ ਜੇ ਅਨੰਤ ਦੀ ਤਾਰ ਮੈਂ ਗੂੰਜੇਗੀ ਤਾਂ ਗੁਰ ਨਾਨਕ ਦੀ ਮੈਂ ਬੋਲੇਗੀ, ਪਰ ਦੇਖੋ ਹਉਂ ਅਤੀਤਤਾ ਕਮਾਲ, ਮਰਿਯਾਦਾ ਪੁਰਸ਼ੋਤਮਤਾ, ਭਗਤੀ ਦਾ ਸ਼ਿਖਰ, ਪ੍ਰੇਮ ਦਾ ਅਦਬ ਕਿ ਓਹਨਾਂ ਦੀ ਤਾਰ ‘’ਤੂੰ’’ ਹੀ ਬੋਲਦੀ ਹੈ । ਅਰਥਾਤ :-
ਨ ਰਿਜਕੁ ਦਸਤ ਆ ਕਸੇ ॥
ਹਮਾਰਾ ਏਕੁ ਆਸ ਵਸੇ ॥
ਅਸਤਿ ਏਕੁ ਦਿਗਰ ਕੁਈ ॥
ਏਕੁ ਤੁਈ ਏਕੁ ਤੁਈ ॥ ੫ ॥ ਮ: ੧ ॥
ਪਰੰਦਏ ਨ ਗਿਰਾਹ ਜਰ ॥
ਦਰਖਤ ਆਬ ਆਸ ਕਰ ॥
ਦਿਹੰਦ ਸੁਈ ॥ ਏਕ ਤੁਈ ਏਕ ਤੁਈ ॥ ੬ ॥ ਮ: ੧ ॥
ਨਾਨਕ ਲਿਲਾਰਿ ਲਿਖਿਆ ਸੋਇ ॥
ਮੇਟਿ ਨ ਸਾਕੈ ਕੋਇ ॥
ਕਲਾ ਧਰੈ ਹਿਰੈ ਸੁਈ ॥
ਏਕੁ ਤੁਈ ਏਕੁ ਤੁਈ ॥ ੭ ॥
[ ਮਾਝ ਵਾਰ ਮ: ੧ ]
ਹਾਂ, ਉਨ੍ਹਾਂ ਦੀ ਤਾਰ ‘ਤੁਈ ਤੁਈ ਪਈ ਬੋਲਦੀ ਹੈ । ਸ੍ਰਿਸ਼ਟੀ ਨੂੰ ਆਪਣੀ ਮੈਂ ਦੀ ਗੋਦੀ ਨਹੀਂ ਪਾਉਂਦੇ, ਮੈਂ ਭੁਲੇਵਾ ਦੇ ਜਾ ਸਕਦੀ ਹੈ, ਸ੍ਰਿਸ਼ਟੀ ਨੂੰ “ਤੂੰਈ” “ਤੂੰਈ” ਦੀ ਗੋਦ ਪਾਉਂਦੇ ਹਨ, ਇਸ ਵਿਚ ਹਉਂ ਨਿਰਮੂਲ ਰਹਿਂਦੀ ਹੈ I ਵੇਖੋ ਜਦੋਂ ਜਗਤ ਦਾ ਦੁਖ ਦੇਖਦੇ ਹਨ ਤਾਂ ਨਹੀਂ ਆਖਦੇ ਕਿ ਦਰਵਾਜ਼ਾ ਮੈਂ ਹੂੰ’ ‘ਇਕ ਮੇਰੀ ਸ਼ਰਨ ਪਕੜੋ’ ਸਗੋਂ ਉਸ ਵਾਹਿਗੁਰੂ ਜੀ ਅਗੇ ਅਰਦਾਸ ਕਰਦੇ ਹਨ :- “ਕਹੈ ਨਾਨਕੁ ਜੀਵਾਲੈ ਜੀਆ ਜਹ ਭਾਵੈ ਤਹ ਰਾਖੁ ਤੁਹੀ ॥” ਜਗਤ ਦੀ ਪੀੜਾ ਨੂੰ ਹਰਨਾ ਚਾਹੁੰਦੇ ਹਨ, ਪੀੜਾ ਹਰਨ ਲਈ ਸਾਰੀ ਉਮਰ ਜਗਤ ਵਿਚ ਫਿਰੇ ਹਨ, ਜੇ ਕਰਤਾਰ ਪੁਰ ਆ ਟਿਕੇ ਹਨ ਤਾਂ ਪੀੜਾ ਹਰਨ ਦੀ ਹੀ ਚਕਿਤਸਾ ਸਾਲਾ ਟੋਰੀ ਹੈ, ਪਰ ਸਦਾ ਵਾਹਿਗੁਰੂ ਵਿਚ ਅਭੇਦ ਰਹਿਣ ਵਾਲੇ ਦਾਤਾ ਜੀ ਉਸੇ ਅਗੇ. ਅਰਦਾਸ ਕਰਦੇ ਹਨ ਤੇ ਕਿਸ ਹਉਂ ਅਤੀਤਤਾ ਨਾਲ ਅਰਦਾਸ ਕਰਦੇ ਹਨ ।
‘…… ਜਹ ਭਾਵੈ ਤਹ ਰਾਖੁ ਤੁਹੀ* ॥
ਲਿਖਿਆ ਹੈ ‘ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ’ ਤੇ ‘ਗੁਰ ਨਾਨਕ ਦੇਵ ਗੋਵਿੰਦ ਰੂਪ’ I ਗੁਰੂ ਜੀ ਉਸ ਜਯੋਤੀ ਸਰੂਪ ਦੀ ਜਯਤੀ ਤ ਉਸ ਵਿਚ ਅਭਦ ਨਾਲ ਮਿਲੇ ਹੋਏ ਸੇ I ਉਨ੍ਹਾਂ ਦੀ ਅਰਦਾਸ ਕਰਨੀ ਤੇ ‘ਮੈਂ’ ਦਾ ਆਵਾਜ਼ਾਂ ਨਾ ਦੇਣਾ ਇਹ ਨਹੀਂ ਦਸਦਾ ਕਿ ਉਹ ਨੀਵੇਂ ਸੇ ਤੇ ਜਾਤ ਇਲਾਹੀ ਵਿਚ ਅਭੇਦ ਨਹੀਂ ਸੇ ਤੇ ਓਹ ਇਸ ਤਰ੍ਹਾਂ ਦਾ ਰੂਹਾਨੀ ਦਮ ਮਾਰ ਨਹੀਂ ਸਕਦੇ ਸੇ । ਨਹੀਂ ਉਨ੍ਹਾਂ ਦਾ ਜੀਵਨ ਪੂਰਨ ਹਉਂ ਅਤੀਤ ਸੀ ਤੇ ਜਦ ਮਨ ਦੇ ਇੰਦ੍ਰਿਆਂ ਦੁਆਰਾ ‘ਮੈਂ’ ਦਾ ਹੁੰਕਾਰਾ ਭਰਿਆ ਜਾਵੇ ਤਾਂ ‘ਹਉਂ’ ਮਲਕੜੇ ਹੀ ਨਾਲ ਰਲ ਜਾਂਦੀ ਹੈ, ਇਸ ਕਰਕੇ ਸਤਿਗੁਰ ਨੇ ਸਦਾ ਹਉਂ ਅਤੀਤ ਆਵਾਜ਼ਾ ਦਿੱਤਾ ਹੈ ਤੇ ਇਹੋ ਅਸੂਲ ਵਰਤਿਆ ਹੈ :-
ਤੁਝ ਤੇ ਬਾਹਰਿ ਕਿਛੂ ਨ ਹੋਇ ॥
ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥ ੧ ॥
ਕਿਆ ਕਹੀਐ ਕਿਛੁ ਕਹੀ ਨ ਜਾਇ ॥
ਜੋ ਕਿਛੁ ਅਹੈ ਸਭ ਤੇਰੀ ਰਜਾਇ ॥ ੧ ॥ ਰਹਾਉ ॥
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
ਕਿਸੁ ਆਗੈ ਕੀਚੈ ਅਰਦਾਸਿ ॥ ੨ ॥
ਆਖਣੁ ਸੁਨਣਾ ਤੇਰੀ ਬਾਣੀ ॥
ਤੂ ਆਪੇ ਜਾਣਹਿ ਸਰਬ ਵਿਡਾਣੀ ॥ ੩ ॥
ਕਰੈ ਕਰਾਏ ਜਾਣੈ ਆਪਿ ॥
ਨਾਨਕ ਦੇਖੈ ਥਾਪਿ ਉਥਾਪਿ ॥ ੪ ॥ ੧ ॥
[ ਭੈਰਉ ਮ: ੧ ]