ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਦੁਨੀਆਂ ਵਿਚ ਇਸ ਨਾਮ ਹੇਠ ਇਨਸਾਨ ਦੇ ਦ੍ਰਿਸ਼ਟਮਾਨ ਦੇ ਗਿਆਨ ਨੇ ਬੜੀ ਤ੍ਰੱਕੀ ਕੀਤੀ ਹੈ । ਇਹ ਸਾਰੀ ਤ੍ਰੱਕੀ ਦ੍ਰਿਸ਼ਟਮਾਨ ਅਰਥਾਤ ‘ਦੀਸਣਹਾਰ ਪਦਾਰਥਾਂ’ ਦੇ ਸੰਬੰਧ ਵਿਚ ਹੈ । ਵੀਚਾਰੋ, ਏਹ ਪਦਾਰਥ ਜੋ ਦਿੱਸਦੇ ਹਨ, ਇਨ੍ਹਾਂ ਦਾ ਦੇਖਣ ਵਾਲਾ ਬੀ ਕੋਈ ਇਨਸਾਨ ਦੇ ਅੰਦਰ ਹੈ ਨਾਂ । ਜਿਸ ਦੀ ਦੂਰਬੀਨ ਦ੍ਰਿਸ਼ਟੀ ਨੇ ਹਰ ਪਦਾਰਥ ਦੀ ਸਾਇੰਸ ਖੋਜਕੇ ਕੱਢੀ ਹੈ । ਜੇ ਦੀਸਣਹਾਰ ਪਦਾਰਥਾਂ ਵਿਚੋਂ ਹਰ ਇਕ ਦੀ ਇਕ ਸਾਇੰਸ ( ਵਿਗਯਾਨ ) ਹੈ, ਤਾਂ ‘ਦੇਖਣਹਾਰ’ ਯਾ ‘ਦ੍ਰਿਸ਼ਟਾ’ ਦੀ ਆਪਣੀ ਸਾਇੰਸ ਬੀ ਲੋੜੀਏ । ਹੁਣ ਇਸ ਪਾਸੇ ਗੁਰੂ ਨਾਨਕ ਦੇਵ ਜੀ ਦਾ ਕਮਾਲ ਇਹ ਨਹੀਂ ਕਿ ਅਸੀਂ ਬੀ ਕਿਸੇ ਦੀ ਰੀਸ ਕਰਕੇ ਕਹੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਜੀ ਰੇਲ ਤਾਰ; ਮਿਕਨਾਤੀਸ ਸਿਖਾ ਗਏ ਹਨ । ਐਸਾ ਕਹੀਏ ਤਾਂ ਅਸੀਂ ਉਨ੍ਹਾਂ ਦੀ ਬਜ਼ੁਰਗੀ ਨੂੰ ਦੂਸਰੇ ਦਰਜੇ ਤੇ ਲੈ ਜਾਂਦੇ ਹਾਂ I ਉਨ੍ਹਾਂ ਦਾ ਕਮਾਲ ਇਹ ਹੈ ਕਿ ਸਾਇੰਸ ਦੇ ਉਸ ਵੇਲੇ ਯਾ ਮਗਰੋਂ ਮਾਲੂਮ ਹੋਏ ਸਿੱਧਾਂਤਾਂ ਨਾਲ ਉਨ੍ਹਾਂ ਦੇ ਖਿਆਲਾਂ ਦਾ ਜਿੱਥੇ ਕਿਧਰੇ ਸਾਂਗੇ ਸਿਰ ਜ਼ਿਕਰ ਆ ਗਿਆ ਹੈ ਵਿਰੋਧ ਨਹੀਂ ਹੈ । ਉਨ੍ਹਾਂ ਨੂੰ ਦਰੁਸਤ ਖਿਆਲ ਹਰ ਸ਼ੈ ਦੇ ਪ੍ਰਾਪਤ ਸਨ ।
ਮਸਲਨ: ਉਸ ਵੇਲੇ ਸਾਰਾ ਹਿੰਦੁਸਤਾਨ ਜ਼ਮੀਨ ਦੇ ਹੇਠ ‘ਬਦਲ’ ਤੇ ‘ਕਛੂ ਤੇ ਕੀ ਕੀ ਮੰਨਦਾ ਸੀ, ਪਰ ਗੁਰ ਨਾਨਕ ਦੇਵ ਜੀ ਨੂੰ ਦਰੁਸਤ ਖਿਆਲ ਪ੍ਰਾਪਤ ਹੈਸੀ ਕਿ ਜ਼ਮੀਨ ਦੇ ਹੇਠਾਂ ਬਦਲ ਉਲਦ ਕੁਛ ਨਹੀਂ* I ਉਸ ਵੇਲੇ ਸੱਤ ਆਕਾਸ਼ ਤੇ ਸੱਤ ਪਤਾਲ ਦੀ ਗੇਣਤੀ ਮਲੂਮ ਸੀ, ਪਰ ਗੁਰ ਨਾਨਕ ਨੂੰ ਲੱਖਾਂ ਆਕਾਸ਼ਾਂ ਤੇ ਲੱਖਾਂ ਪਤਾਲਾਂ ਦਾ ਦਰੁਸਤ ਖਿਆਲ ਮਲੂਮ ਸੀ✝ I ਓਦੋਂ ਸੂਰਜ ਚੰਦ ਇਕ ਇਕ ਮਲੂਮ ਸੀ, ਗੁਰੂ ਨਾਨਕ ਦੇਵ ਜੀ ਨੂੰ ‘ਕੇਤੇ ਇੰਦ ਚੰਦ ਸੂਰ ਕੇਤੇ ਦਾ ਗਿਆਨ ਸੀ, ਨਾਲੇ ਜਾਣਦੇ ਸਨ ਕਿ ਸੂਰਜ ਚੰਦਾਂ ਦੀਆਂ ਚਾਲਾਂ ਕ੍ਰੋੜਾਂ ਮੀਲ ਚੱਲਦੀਆਂ ਹਨ ਤੇ ਬੇਅੰਤ ਹਨ I ਗੱਲ ਕੀ ( O bjetive Science ) ‘ਦੀਸਣਹਾਰ ਪਦਾਰਥਾਂ ਦੇ ਵਿਗਯਾਨ ਦੇ ਸੰਬੰਧ ਵਿਚ ਸਹਿ ਸੁਭਾ ਜਿਸ ਗੱਲ ਦਾ ਜ਼ਿਕਰ ਆ ਗਿਆ ਗੁਰ ਨਾਨਕ ਦੇ ਖਿਆਲ ਗਲਤ ਖਿਆਲ ( Wrong Co nception ) ਪ੍ਰਗਟ ਨਹੀਂ ਕਰਦੇ ਰਹੇ । ਪਰ ਕਮਾਲ ਉਨ੍ਹਾਂ ਦੀ ਇਸ ਦਰੁਸਤ ਖਿਆਲੀ ਦੇ ਨਾਲ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ Subjective Science (ਦ੍ਰਿਸ਼ਟਾ ਦਾ ਵਿਗਯਾਨ ) ਸਿਖਲਾਇਆ ਹੈ । ਉਹ ਜੋ ਸਾਡੇ ਅੰਦਰ ਜੀਉਂਦੀ ਬੋਲਦੀ ਕੁਛ ਤਾਕਤ ਹੈ – ਜਿਸ ਨੇ ਸਾਰੀਆਂ ਸਾਇੰਸਾਂ ਖੋਜੀਆਂ, ਉਸ ਦੀ ਆਪਣੀ ਸਾਇੰਸ ਸ੍ਰੀ ਗੁੰਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਸਿਖਾਈ ਹੈ । ਤਾਂਕਿ ਸਾਇੰਸਾਂ ਦਾ ਲੱਭਣ ਵਾਲਾ ਇਨਸਾਨ ਅਪਣੀ ਬਾਬਤ, ਅਪਣੇ ‘ਆਪੇ’ ਦੀ ਬਾਬਤ ਬੀ ਦਰੁਸਤ ਖਿਆਲ ‘Right Conceptions ਦਾ ਮਾਲਕ ਬਣ ਸਕੇ ਤੇ ਇਸ ਤਰ੍ਹਾਂ ਜੀਵਨ ਸੁਖੀ ਬਰਸ ਕਰੇ ਤੇ ਇਸ ਦੀ ਜਾਂਚ ਬੀ ਸਿਖ ਜਾਏ । ਦ੍ਰਿਸ਼ਟਮਾਨ ਦੇ ਪਦਾਰਥਾਂ ਦੀ ਖੋਜ ਵਿਚ ਹੈਰਾਨ ਹੋ ਹੋ ਕੇ ਹੀ ਨਿਰਾ ਨਾ ਬਲ ਹਾਰ ਜਾਏ, ਪਰ ‘ਦੇਖਣਹਾਰ’ ਦੀ ਦਰੁਸਤ ਸਾਇੰਸ
ਜਾਣਕੇ ਆਪ ਉੱਚਾ ਹੋਵੋ, ਮਜ਼ਬੂਤ ਹੋਵੋ, ਅਰੋਗ ਹੋਵੋ ਤੇ ਅਗੰਮ ਵਿਚ ‘ਸਹਲ ਗੰਮਤਾ’ ਪ੍ਰਾਪਤ ਕਰੇ । ਸੋ ਸਾਇੰਸਾਂ ਦੀ ਮਾਂ ਸਾਇੰਸ ਵਿਚ ਕਮਾਲ ਵਿਖਾਕੇ ਗੁਰ ਨਾਨਕ ਦੇਵ ਜੀ ਨੇ ਇਸ ਮੰਡਲ ਦੇ ਸਾਰਿਆਂ ਵਡਿਆਂ ਵਿਚ ਆਪਣੀ ਵਡਿਆਈ ਦਿਖਾਈ ਹੈ ਈਸਾ ਜੀ ਨੇ ਕਿਹਾ ਸੀ ‘ਉਸ ਇਨਸਾਨ ਨੂੰ ਕੀ ਲਾਭ ਹੈ ਕਿ ਸਾਰਾ ਜਹਾਨ ਪ੍ਰਾਪਤ ਕਰ ਲਵੇ, ਪਰ ਆਪਣੀ ਰੂਹ ਤਬਾਹ ਕਰ ਸੁਟੇ ? ਗੁਰੂ ਨਾਨਕ ਦੇਵ ਜੀ ਨੇ ਇਸ ਭੁੱਲ ਤੋਂ ਬਚਾ ਦਿੱਤਾ । ਕਰਤਾ ਅਰਥਾਤ ਜਾਨਣਹਾਰ ਅੰਦਰਲੇ ਦੀ ਸਾਇੰਸ ਸਿਖਾਈ ਤੇ ਉਹ ਅਸੂਲ ਦੱਸੇ ਕਿ ਕੀਕੂੰ ਅੰਦਰਲੀ ਤਾਕਤ ਤਬਾਹ ਹੋਣੇਂ ਬਚਕੇ ਉੱਨਤੀ ਕਰੇ ? ਇਹ ਸਾਰੀ ਸਾਇੰਸ ਗੁਰੂ ਗ੍ਰੰਥ ਸਾਹਿਬ ਵਿਚ ਹੈ, l ਇਥੇ ਵਿਸਥਾਰ ਦਾ ਸਮਾਂ ਨਹੀਂ, ਪਰ ਪੜਤਾਲ ਦੱਸਦੀ ਹੈ ਕਿ ਅੰਦਰਲੇ ਜੀਉਂਦੇ ਕਿਣਕੇ ਬਾਬਤ ਕਮਾਲ ਦੇ ਮਾਮਲੇ ਗੁਰ ਨਾਨਕ ਨੇ ਦੱਸੇ ਤੇ ਸਾਨੂੰ ਸੁਖੀ ਜੀਵਨ ਦੇ ਅਮਲੀ ਰਸਤੇ ਪਾਇਆ ਹੈ । ਸੋ ਸਤਿਗੁਰ ਸਾਇੰਸ ਦੀ ‘ਮਾਂ’ ਸਾਇੰਸ ਦੇ ਯਕਤਾ ਪ੍ਰਥੀਨ* ਹੋਏ ਹਨ, ਪਰ ਦ੍ਰਿਸ਼ਟਮਾਨੀ ਵਿਗਯਾਨ✝ ਦੇ ਲੱਗਦੇ ਹੱਥ ਜ਼ਿਕਰ ਕਰਦਿਆਂ ਕਦੇ ਗ਼ਲਤ ਖਿਆਲ ਪ੍ਰਗਟ ਨਹੀਂ ਕਰ ਗਏ, ਹਾਲਾਂ ਕਿ ਤਦੋਂ ਦੇ ਆਮ ਫੈਲੇ ਖਿਆਲ ਗ਼ਲਤ ਸਨ ਤੇ ਮਗਰਲੇ ਦਾਨੇ ਅਜੇ ਜੰਮੇ ਨਹੀਂ ਸਨ ।