ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਜੈਦੇਵ ਤੋਂ ਪਹਿਲੇ ਜਾਂ ਇਉਂ ਕਹੋ ਕਿ ਪੰਜਵੀਂ ਸਦੀ ਤੋਂ ਪਹਿਲੇ ਪਹਿਲੇ ਹਿੰਦੁਸਤਾਨ ਦੇ ਯਾਗਵਲਕ ਵਰਗੇ ਮਹਾਂ ਪੁਰਖਾਂ ਦਾ ਕਮਾਲ ਅਤੇ ਛਿਆਂ ਸ਼ਾਸਤਰਾਂ, ਗੀਤਾਂ ਦਾ ਕਮਾਲ ਇਕ ਬੁਧੀ ਮੰਡਲ ਦਾ ਕਮਾਲ ਹੈ। ਇਨ੍ਹਾਂ ਤੋਂ ਉਪਜੇ ਇਖ਼ਲਾਕੀ ਫਿਲਸਫੇ ਦਾ ਕਮਾਲ ਬੁਧ ਜੀ ਦੇ ਜੀਵਨ ਵਿਚ ਹੋ ਗਿਆ । ਯੋਗ ਵਿਚ ਅਸੀਂ ਸ਼ਰੀਰਕ ਅੰਗਾਂ ਦੀਆਂ ਕ੍ਰਿਯਾਵਾਂ ਪਰ ਵਸੀਕਾਰ ਦੇ ਨਾਲ ਰੂਹਾਨੀ ਰੰਗ ਵੇਖਦੇ ਹਾਂ, ਪਰ ਭਗਤੀ ਨੂੰ ਸਰਸਰੀ ਤੌਰ ਤੇ ਲਗਦੇ ਹੱਥ ਵਰਣਨ ਕੀਤਾ ਵੇਖਦੇ ਹਾਂ, ਕਮਾਲ ਨਹੀਂ ਵੇਖਦੇ।
ਪਰੰਤੂ ਵੇਦਕ ਰਿਸ਼ੀਆਂ ਵਿਚ ਜੋ ਇਨ੍ਹਾਂ ਤੋਂ ਕਈ ਹਜ਼ਾਰ ਬਰਸ ਪਹਿਲੇ ਹੋਏ, ਅਸੀਂ ਇਕ ਹੋਰ ਸੁੰਦਰਤਾ ਵੇਖਦੇ ਹਾਂ । ਜਦੋਂ ਅਜੇ ਫਿਲਸਫ ਵਾਲੀ ਛਾਣ ਬੀਣ ਵਾਲੇ ਤ੍ਰਿਖੇ ਮਗ਼ਜ਼ ਨਹੀਂ ਸਨ ਆਏ ਜਦੋਂ ਅਜੇ ਮਗ਼ਜ਼ ਇਖ਼ਲਾਕੀ ਤੇ ਦਾਰਸ਼ਨਕ ਬਾਰੀਕੀਆਂ ਵਿਚ ਨਹੀਂ ਸਨ ਗਏ, ਜਦੋਂ ਅੰਤਰ ਬ੍ਰਿਤਿ ਯੋਗ ਦੇ ਕ੍ਰਿਸ਼ਮੇ ਮਲੂਮ ਨਹੀਂ ਸੇ ਹੋਏ ਤੇ ਜਦੋਂ ਲਗਪਗ ਸਾਰਾ ਸੰਸਾਰ ਬੁਤਪ੍ਰਸਤੀ, ਦਰਖਤ ਪ੍ਰਸਤੀ, ਰੂਹਾਂ ਦੀ ਪ੍ਰਸਤਸ਼ ਵਿਚ, ਭੈ ਤੇ ਭਰਮ ਹੇਠ ਗ੍ਰਸਿਆ ਪਿਆ ਸੀ; ਓਦੋਂ ਸਿੱਧਾ ਸਾਦਾ ਗ੍ਰਿਹਸਤੀ ਬੇ- ਛਲ, ਬਹਾਦਰ ਆਰਯ ਆਦਮੀ ਪੰਜਾਬ ਦੇ ਦਰਯਾਵਾਂ ਦੇ ਕੰਢੇ ਦੁਧ ਪੀਕੇ ਖੀਵਾ ਹੋ ਰਿਹਾ ਹੈ, ਉਸ ਵੇਲੇ ਉਸ ਦਾ ਮਜ਼ਬੂਤ ਸਰੀਰ ਤੇ ਨਵਾਂ ਨਰੋਆ ਦਿਲ ਸੂਰਜ ਦੇ ਪ੍ਰਕਾਸ਼ ਨੂੰ ਵੇਖਕੇ ਸਿਫਤ ਸਲਾਹ ਵਿਚ ਆਉਂਦਾ ਹੈ, ਚੰਦ ਨੂੰ ਦੇਖਕੇ ਗੀਤ ਗਾਉਂ ਉਠਦਾ ਹੈ । ਵਾਯੂ ਤੇ ਅਗਨੀ ਦੇ ਕ੍ਰਿਸ਼ਮੇ ਤੱਕ ਸਮਾਨ (ਗੀਤ) ਰਚਦਾ ਹੈ I ਗੱਲ ਕੀ ਕੁਦਰਤ ਦੇ ਚਮਤਕਾਰ ਉਸ ਵਿਚ ਅਸਚਰਜ ਪੈਦਾ ਕਰਦੇ ਹਨ ਅਰ ਓਹ ਇਨ੍ਹਾਂ ਦੀ ਸਿਫਤ ਸਲਾਹ ਕਰਦਾ ਤੇ ਕਿਸੇ ਸੁਵਾਦ ਵਿਚ ਜਾਂਦਾ ਹੈ । ਇਸ ਨੂੰ ਅਜੇ ਸ਼ੰਕਰ ਦੇ ਆਤਮਾਂ ਦਾ ਅਰ ਉਪਨਿਖਦਾਂ ਦੇ ਬ੍ਰਹਮ ਦਾ ਪਤਾ ਨਹੀਂ, ਪਰ ਦ੍ਰਿਸ਼ਟਮਾਨ ਦੇ ਲਿਸ਼ਕਾਰ ਤੋਂ ਅਤੇ ਕੁਦਰਤੀ ਸੁੰਦਰਤਾ ਦੇ ਚਮਤਕਾਰੇ ਤੋਂ ਇਹ ਕਿਸੇ ਵਿਸਮਾਦੀ ਕਿਸਮ ਦੇ ਰਸ ਵਿਚ ਆ ਕੇ ਝੂਮਦਾ ਤੇ ਵੇਦਕ ਗੀਤ ਬਣਾਉਂਦਾ ਹੈ, ਇਸ ਨੂੰ ( Objective Yog.) ਦ੍ਰਿਸ਼ਟਮਾਨ ਤੋਂ ਯੋਗ਼ ਮਿਲਦਾ ਹੈ । ਆਪਣੀ ਲੋੜ ਵੇਲੇ ਇਹ ਚਮਤਕਾਰ ਦੇ ਪਿਛੇ ਝਾਤ ਮਾਰਨ ਲੱਗ ਪੈਂਦਾ ਹੈ, ਅੱਗ ਦੇ ਮਗਰ ਅਗਨੀ ਦੇਵਤਾ, ਬੱਦਲਾਂ ਮੀਹਾਂ ਦੇ ਮਗਰ ਇੰਦ੍ਰ ਦੇਵਤਾ ਤੇ ਸੁਰੱਸ੍ਵਤੀ ਨਦੀ ਦੇ ਮਗਰ ‘ਵਾਚ’ ਦੇਵੀ ਦੇ ਸੁਪਨੇ ਲੈਣ ਲੱਗ ਪੈਂਦਾ ਹੈ ਤੇ ਫੇਰ ਓਹਨਾਂ ਅਗੇ ਅਰਦਾਸਾਂ ਕਰਦਾ ਹੈ । ਮਾਨੋ ਕੁਦਰਤੀ ਜਲਵਿਆਂ ਦੇ ਮਗਰ ਇਸ ਨੂੰ ਕੁਛ ਭਰਮ ਪੈਂਦਾ ਹੈ ਕਿ ਕੋਈ ਹੋਰ ਲੁਕੀ ਤਾਕਤ ਹੈ, ਭਾਵੇਂ ਉਸ ਤਾਕਤ ਨੂੰ ‘ਇੱਕ’ (ਵਾਹਦ) ਨਹੀਂ ਸਮਝਦਾ ਤੇ ਹਰੇਕ ਦੇ ਮਗਰ ਵੱਖਰੀ ਤਾਕਤ ਆਪਣੇ ਤੋਂ ਬਲਵਾਨ ਪਰ ਆਪਣੇ ਵਰਗੀ ਸਰੀਰਕ ਭਾਵਾਂ (Passions) ਵਾਲੀ ਸ਼ਕਤੀ ਅਨੁਮਾਨਦਾ ਹੈ, ਪਰ ਇਉਂ ਇਸ ਦੀ ਸਨੇ ਸਨੇ ਅਨੰਤ ਵਲ ਭੋਲੀ ਭੋਲੀ ਝਾਕੀ ਪੈ ਰਹੀ ਹੈ ਅਰ ਫਿਰ ਦੇਖੋ ਇਹ ਇਥੋਂ ਤਕ ਚਲੀ ਗਈ ਹੈ ਕਿ ‘ਇਕ’ ਦੇ ਖਿਆਲ ਭੀ ਆਉਣ ਲਗ ਪਏ ਹਨ ਤੇ ਵਯਾਪਕਤਾ ਦੇ ਸੁਪਨੇ ਭੀ ਆ ਗਏ ਹਨ l ਐਥੋਂ ਤਾਈਂ ਕਿ ਵੇਦਾਂ ਦੇ ਸਮੇਂ ਦੀਆਂ ਨਿਰਛਲ ਭੋਲੀਆਂ ਸੱਚੀਆਂ ਤੇ ਬਨਾਵਟੀ ਧਰਮਾਂ ਅਤੇ ਝੂਠੀਆਂ ਲਾਜਾਂ ਤੋਂ ਉੱਚੀਆਂ ਕੁੜੀਆਂ ਭੀ ਪੰਜਾਬ ਦੇ ਬ੍ਰਿਛਾਂ ਹੇਠ ਗਿੱਧੇ ਪਾਉਂਦੀਆਂ ਤੇ ਉਸ ਅਨੰਤ ਨੂੰ ‘ਸੁਗੰਧੀ ਰੂਪ’ ਕਹਿਣ ਲੱਗ ਪਈਆਂ ਹਨ :-
ਹੇ ਸੁਗੰਧੀ ਰੂਪ ਤ੍ਰੈ ਕਾਲ ਦਰਸ਼ੀ !
ਸਾਡੇ ਪਤੀਆਂ ਨੂੰ ਜਾਣਨ ਵਾਲੇ !
ਸਾਡੇ ਯੋਗ ਵਰ ਨੂੰ ਮਿਲਾ ਦੇਹ* I
ਪੰਜਾਬ ਦੇ ਪੁਰਾਣੇ ਪੰਜਾਬੀ, ਸਾਡੇ ਵੱਡੇ, ਜਿਨ੍ਹਾਂ ਨੇ ਇਸੇ ਪਿਆਰੀ ਧਰਤੀ ਵਿਚ ਕੁਦਰਤ ਦੇ ਚਮਤ ਕਾਰਾਂ ਤੋਂ ਰਸ ਜਾਂ ਸਤਿਕਾਰ ਵਾਲੇ ਭੈ ਵਿਚ ਆਕੇ ਓਹਨਾਂ ਚਮਤਕਾਰਾਂ ਦੇ ਹੀ ਗੀਤ ਗਾਵੇਂ ਨਿੰਦਣ ਯੋਗ ਨਹੀਂ ਹਨ, ਸਗੋਂ ਇਸ ਕਰਕੇ ਸਤਿਕਾਰ ਯੋਗ ਹਨ ਕਿ ਓਹਨਾਂ ਪਰ ਕੁਦਰਤ ਦਾ ਚਮਤਕਾਰ ਅਚਰਜਤਾ ਤੇ ਸਲਾਹੁਤ( Admiration) ਦਾ ਅਸਰ ਪੈਦਾ ਕਰਦਾ ਸੀ ਤੇ ਓਹ ਕਿਸੇ ਅਸਚਰਜ ਵਿਚ ਤੇ ਵਿਸਮਾਦ ਦੀ ਕਿਸਮ ਦੇ ਕਿਸੇ ਰਸ ਵਿਚ ਜਾਂਦੇ ਸਨ । ਇਹ ਇਕ ਮੁਤਾਲਯਾ ਦਾ ਕੰਮ ਹੈ ਕਿ ਉਹ ਦ੍ਰਿਸ਼ਟਮਾਨੀ ਚਮਤਕਾਰ ਤੋਂ ਉਪਨਿਖਦਾਂ ਦੇ ਬ੍ਰਹਮ ਅਤੇ ਧਾਰਨਾਂ ਧਯਾਨ ਸਮਾਧੀ ਦੇ ਦ੍ਰਿਸ਼ਟਾ’ ਦੇ ਯੋਗ ਤੱਕ ਅੱਪੜੇ । ਚੂੰਕਿ ਇਨ੍ਹਾਂ ਮਹਾਂ ਪੁਰਖਾਂ ਪਰ, ਜੋ ਇਸ ਸਮੇਂ ਹੋਏ, ਬਹੁਤ ਮਾਨ ਕੀਤਾ ਜਾਂਦਾ ਹੈ ਤੇ ਸਾਡੇ ਉਪਰ ਕਹੇ ਗੁਣਾਂ ਕਰਕੇ ਤੇ ਸਾਡੇ ਵਡੇ ਹੋਣ ਕਰਕੇ ਉਹ ਹੈਨ ਭੀ ਇਸ ਰੌਸ਼ਨੀ ਵਿਚ ਸਨਮਾਨ ਯੋਗ, ਪਰ ਅਸੀਂ ਆਪ ਨੂੰ ਦੱਸਦੇ ਹਾਂ ਕਿ ਇਸ ਪਾਸੇ ਭੀ ਗੁਰ ਨਾਨਕ ਦੇਵ ਜੀ ਕਮਾਲ ਤੇ ਖੜੇ ਹੈਨ I ਦ੍ਰਿਸ਼ਟਮਾਨ ਕੁਦਰਤੀ ਚਮਤਕਾਰਾਂ ਤੇ ਸੁੰਦਰਤਾਈਆਂ ਤੋਂ ਜੋ ਰਸ ਪੈਦਾ ਹੁੰਦਾ ਹੈ ਉਸ ਦਾ ਭੀ ਗੁਰ ਨਾਨਕ ਦੇਵ ਵਿਚ ਕਮਾਲ ਹੈ I ਗੁਰ ਨਾਨਕ ਦੇਵ ਜੀ ਕੁਦਰਤ ਨੂੰ ਵੇਖਦੇ ਹੀ ਨਹੀਂ, ਕੁਦਰਤ ਦੇ ਪੂਰੇ ਸਾਖੀ ਹਨ ਅਤੇ ਹਿੰਦ ਵਿਚ ‘ਕੁਦਰਤ’ ਦੀ ਦੁਹਾਈ ਸਭ ਤੋਂ ਪਹਿਲੇ ਇਸੇ ਦਾਤਾ ਜੀ ਨੇ ਦਿੱਤੀ ਹੈ ।
ਕੁਦਰਤਿ ਦਿਸੈ ਕੁਦਰਿਤ ਸੁਣੀਐ ਕੁਦਰਤਿ ਭਉ ਸੁਖ ਸਾਰੁ ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਿਤ ਸਰਬ ਵੀਚਾਰੁ ॥
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰ ॥
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ॥
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ* ॥ ੨ ॥ [ ਵਾਰ ਆਸਾ ਮ:੧ ]
ਕੁਦਰਤ ਦੇ ਸਾਮਾਨਾਂ ਤੋਂ ਸੁੰਦਰਤਾ ਦਾ ਝਲਕਾ ਵਜਦਾ ਹੈ ਜਿਸ ਤੋਂ (Admiration ਤੇ Adoration) ਅਚਰਜ ਤੇ ਸਲਾਹੁਣ ਦਾ ਭਾਵ ਪੈਦਾ ਹੁੰਦਾ ਹੈ ਤੇ ਜੇ ਸੁਭਾਗ ਹੋਣ ਤਾਂ ਵਿਸਮਾਦ ਵਿਚ ਲੈ ਜਾਂਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦਾ ਐਉਂ ਜ਼ਿਕਰ ਕਰਦੇ ਹਨ :-
ਵਿਸਮਾਦੁ ਨਾਦ ਵਿਸਮਾਦੁ ਵੇਦ ॥
ਵਿਸਮਾਦੁ ਜੀਅ ਵਿਸਮਾਦੁ ਭੇਦ ॥
ਵਿਸਮਾਦੁ ਰੂਪ ਵਿਸਮਾਦੁ ਰੰਗ ॥
ਵਿਸਮਾਦੁ ਨਾਗੇ ਫਿਰਹਿ ਜੰਤ ॥
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥
ਵਿਸਮਾਦੁ ਧਰਤੀ ਵਿਸਮਾਦੁ ਪਾਣੀ ॥
ਵਿਸਮਾਦੁ ਸਾਦਿ ਲਗਹਿ ਪਰਾਣੀ ॥
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥
ਵਿਸਮਾਦੁ ਭੁਖ ਵਿਸਮਾਦੁ ਭੋਗੁ ॥
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥
ਵਿਸਮਾਦੁ ਉਝੜ ਵਿਸਮਾਦੁ ਰਾਹ ॥
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥
ਵਿਸਮਾਦੁ ਦੇਖੈ ਹਾਜਰਾ ਹਜੂਰਿ ॥
ਵੇਖਿ ਵਿਡਾਣੁ ਰਹਿਆ ਵਿਸਮਾਦੁ ॥
ਨਾਨਕ ਬੁਝਣੁ ਪੂਰੈ ਭਾਗਿ ॥ ੧ ॥
[ ਵਾਰ ਆਸਾ ਮ: ੧ ]
ਹਾਂ ਜੀ ਗੁਰ ਨਾਨਕ ਦੇਵ ਜੀ ਨੂੰ ਕੁਦਰਤ ਦੇ ਪ੍ਰਕਾਸ਼ ਤੇ ਇਸ ਦੇ ਅਚਰਜ ਰੰਗ ਅਚਰਜ ਵਿਚ ਲੈ ਜਾਂਦੇ ਹਨ, ਇਨ੍ਹਾਂ ਨੂੰ ਵੇਖਕੇ ਆਪ ਵਿਡਾਣ ( ਅਸਚਰਜ ) ਹੈਕੇ ਵਿਸਮਾਦ ਮਗਨ ਹੋ ਜਾਂਦੇ ਹਨ । ਹੈਨ ਨਾ ਸ੍ਰੀ ਗੁਰੂ ਨਾਨਕ ਪੁਰਾਣੇ ਪੰਜਾਬੀ ਨਿਰਛਲ ਕੁਦਰਤ ਦਰਸ਼ਨਾਂ ਵਿਚ ਉੱਚੇ ਖੜੇ ਅਰ ਕੈਸੇ ਅਭੁੱਲ ! ਓਹ ਪੁਰਾਣੇ ਸਤਿਕਾਰ ਜੋਗ ਪੰਜਾਬੀ ਤਾਂ ਚਮਤਕਾਰਾਂ ਤੋਂ ਅਚਰਜ ਹੋਕੇ ਉਹਨਾਂ ਦੀ ਪੂਜਾ ਵਿਚ ਪੈ ਜਾਂਦੇ ਸਨ, ਪਰ ਗੁਰੂ ਜੀ ਉਸ ਪੈਂਦੇ ਹੋਏ ਅਚਰਜ ਤੋਂ ਆਪਣੇ ਅੰਦਰ ਵਿਸਮਾਦ ਵਿਚ ਲੀਨ ਹੋਕੇ ਦ੍ਰਿਸ਼ਟਾ ਪਦ ਵਿਚ ਵੇਈਂ ਦਾ ਗੋਤਾ ਮਾਰ ਜਾਂਦੇ ਹਨ । ਦ੍ਰਿਸ਼ਟਮਾਨ ਸੁੰਦਰਤਾ ਦੇ ਝਲਕੇ ਤੋਂ ਭੀ ਦ੍ਰਿਸ਼ਟਾ ਵਿਚ-ਉਸ ਬੇਅੰਤ ਵਿਚ-ਜਾ ਗੁੰਮ ਹੁੰਦੇ ਹਨ, ਜਿਸ ਦੇ ਨਾਲ ਅੱਠ ਪਹਿਰ ਜੁੜੇ ਰਹਿਣਾ, ਗੁਰੂ ਨਾਨਕ ਨੇ ਕਮਾਲ, ਕਮਾਲਾਂ ਦਾ ਕਮਾਲ ਕਰਕੇ ਦੱਸਿਆ ਹੈ । ਪੁਰਾਤਨ ਪੰਜਾਬੀ ਜੁਆਨ ਕੁਲ ਦਾ ਵੱਡਾ, ਆਪ ਪ੍ਰੋਹਤ ਆਪੇ ਸਰਦਾਰ ਕੁਦਰਤ ਦੇ ਪਦਾਰਥਾਂ (ਸੂਰਜ, ਚੰਦ, ਧਰਤੀ, ਵਾਯੂ, ਅਗਨੀ, ਜਲ) ਅੱਗੇ ਝੁਕ ਰਿਹਾ ਹੈ, ਇਨ੍ਹਾਂ ਦੇ ਪਿਛੇ ਕੋਈ ਕੋਈ ਤਾਕਤ ਖਿਆਲਦਾ ਹੈ, ਪਰ ਕਾਦਰ ਨੂੰ ਕੁਦਰਤ ਦੇ ਵਿਚ, ਕੁਦਰਤ ਦੇ ਬਾਹਰ, ਕੁਦਰਤ ਦੇ ਆਲੇ ਦੁਆਲੇ ਨਹੀਂ ਲੱਭ ਸਕਦਾ, ਪਰ ਗੁਰੂ ਨਾਨਕ ਸੱਚਾ ਪੰਜਾਬੀ ਪੰਜਾਬ ਦੀ ਧਰਤੀ ਦਾ ਭੀ ਸਭ ਤੋਂ ਵੱਡਾ ਫ਼ਖ਼ਰ ਇਸੇ ਸੁੰਦਰਤਾ ਦੇ ਝਲਕੇ ਤੋਂ ਰੰਗ ਵਿਚ ਆਇਆ ਕੁਦਰਤ ਦੇ ਪਰਦੇ ਦੇ ਪਾਸ ਕਾਦਰ ਨੂੰ ਵੇਖਦਾ ਹੈ :-
ਸਭ ਤੇਰੀ ਕੁਦਰਤਿ ਤੂੰ ਕਾਦਰੁਿ ਕਰਤਾ ਪਾਕੀ ਨਾਈ ਪਾਕੁ ॥ [ ਵਾਰ ਆਸਾ ਮ: ੧ ]
ਹਾਂ ਜੀ, ਗੁਰ ਨਾਨਕ ਜੀ ਕਾਦਰ ਨੂੰ ਕੁਦਰਤ ਦੇ ਸਿਰ ਉਤੇ ਕੁਦਰਤ ਤੋਂ ਵੱਖਰਾ ਹੀ ਨਹੀਂ ਵੇਖਦੇ, ਪਰ ਕੁਦਰਤ ਦੇ ਵਿਚ ਭੀ ਦੇਖਦੇ ਤੇ ਕੁਦਰਤ ਵਿਚ ਕੁਦਰਤ ਦੀ ਵਯਾਪਕਤਾ ਵਾਂਗੂ ਹਰ ਰਗ ਰੇਸ਼ੇ ਵਿਚ ਵਸਦਾ ਵੇਖਦੇ ਤੇ ਆਖਦੇ ਹਨ:-
“ਬਲਿਹਾਰੀ ਕੁਦਰਤਿ ਵਸਿਆ ॥”*
‘ਹੇ ਕੁਦਰਤ ਵਿਚ ਵਸੇ’ ਬੇਅੰਤ ! ਮੈਂ ਤੈਥੋਂ ਸਦਕੇ !
ਹਾਂ ਜੀ, ਕੁਦਰਤ ਉਤੇ ਕਾਦਰ, ਕੁਦਰਤ ਦੇ ਵਿਚ ਕਾਦਰ ਤੇ ਸਾਰੀ ਕੁਦਰਤ ਹੁਕਮ ਵਿਚ ਬੱਧੀ, ਤ੍ਰੈਏ ਰੰਗ ਤੱਕਦਿਆਂ ਗੁਰ ਨਾਨਕ ਨੂੰ ਤਿੰਨ ਨਹੀਂ ਦੀਹਦੇ, ਇੱਕੋ ਇਕ ਦੀਹਦਾ ਹੈ :-
“ਨਾਨਕ ਹੁਕਮੈ ਅੰਦਰਿ ਵੇਖੈ
ਵਰਤੈ ਤਾਕੋ ਤਾਕੁ ॥”
ਤਾਂਕ ਹੀ ਤਾਂਕ-ਇਕੋ ਇੱਕ-ਦੀਹਦਾ ਹੈ । ਕੈਸੀ ਪਵਿੱਤ੍ਰ ਵਾਹਦਾਨੀਅਤ ਹੈ, ਕੈਸੀ ਆਦਰਸ਼ਕ ਸ਼ਿਖਰੇ ਚੜ੍ਹੀ ਏਕਤਾ ਦੀ ਦ੍ਰਿਸ਼ਟੀ, ਕਰਨੀ ਤੇ ਤਾਲੀਮ ਹੈ, “ਦ੍ਰਿਸ਼ਟਮਾਨ ਤੋਂ ਯੋਗ”✝ ਤੇ “ਦ੍ਰਿਸ਼ਟਾ ਵਿਚ ਯੋਗ” ਦੋਏ ਇਕ ਥਾਂ ਗੁਰ ਨਾਨਕ ਵਿਚ ਕਮਾਲ ਤੇ ਹਨ ।
ਰਚਨਾਂ ਦਾ ਉਮਾਹ–ਇਥੇ ਅਸਾਂ ਸ੍ਰੀ ਗੁਰੂ ਜੀ ਦੀ ਇਕ ਹੋਰ ਕਮਾਲ ਦੀ ਗੱਲ ਦੱਸਣੀ ਹੈ ਕਿ ਕੁਦਰਤ ਦੇ ਪ੍ਰਕਾਸ਼ ਵਿਚ ਆਪ ਨੇ ਇਕ ਹੋਰ ਸ਼ੈ ਦੇਖੀ ਤੇ ਇਨਸਾਨ ਦੀ ਤਵੱਜੋ ਉਧਰ ਕਰਵਾਈ ਹੈ । ਉਹ ਹੈ ‘ਰਚਨਾ ਦਾ ਉਮਾਹ’ I
ਜਗਤ ਨੂੰ ਦੁਖ ਰੂਪ ਸਭ ਨੇ ਕਿਹਾ । ਪਰ ਇਸ ਵਿਚ ਇਕ ਉਮਾਹ ਵੀ ਵੱਸ ਰਿਹਾ ਹੈ, ਉਧਰ ਧਿਆਨ ਗੁਰੂ ਨਾਨਕ ਦੇਵ ਜੀ ਨੇ ਦੁਆਇਆ । ਜਦੋਂ ਸਾਂਖ ਵਰਗੇ ਸ਼ਾਸਤ੍ਰਾਂ ਵਿਚ ਜਗਤ ਨੂੰ ‘ਦੁਖ ਰੂਪ’ ਕਿ ਅਰਬੀ ਫ਼ਾਰਸੀ ਦੇ ਸਾਹਿਤ ਵਿਚ ਜਗਤ ਨੂੰ ‘ਦਾਰੁਲ ਮਿਹਨ’ ਪੜ੍ਹੀਦਾ ਹੈ ਯਾ ਚੁਫੇਰੇ ਦੁਖ ਦੇਖੀਦਾ ਹੈ ਕਿ ਸਾਰਾ ਸੰਸਾਰ ਦੁਖੀ ਹੈ ਤਾਂ ਚਿੱਤ ਨਿਰਾਸਤਾ ਵਿਚ ਜਾਂਦਾ ਹੈ ਤੇ ਇਨਸਾਨ ਦੀ ਨਜ਼ਰ ‘ਰਚਨਾ ਵਿਚ ਉਮਾਹ’ ਵਲੋਂ ਬੰਦ ਹੋ ਜਾਂਦੀ ਹੈ । ਇਸ ਤੋਂ ਬੁੱਧ ਜੀ ਵਰਗੇ ਮਹਾਨ ਪੁਰਖਾਂ ਦਾ ਖਯਾਲ ਬੀ ਰੁਕਿਆ ਰਿਹਾ; ਪਰ ਸਤਿਗੁਰੂ ਜੀ ਨੇ ਜਦ ਕਿਹਾ ਕਿ ‘ਨਾਨਕ ਦੁਖੀਆ ਸਭੁ ਸੰਸਾਰ’ l ਓਥੇ ਨਾਲ ਹੀ ਉਪਰਾਲਾ ਦੱਸਿਆ: ‘ਮੰਨੈ ਨਾਉ ਸੋਈ ਜਿਣਿ ਜਾਇ ॥’ ਫਿਰ ਇਸ ਤੋਂ ਵੱਖਰੇ ਆਪਣੀ ਬਾਣੀ ਵਿਚ ਇਸ ‘ਰਚਨਾਂ ਦੇ ਉਮਾਹ’ ਵੱਲ ਨਜ਼ਰ ਦਿਵਾਈ ਹੈ* l ਜਿਸ ਤੋਂ ਦਿਲ ਉਸ ਨਿਰਾਸਤਾ ਦੇ ਢਹਿਂਦਿਆਂ ਕਲਾਂ ਵੱਲ ਜਾਣੋਂ ਬਚਕੇ ਕੁਦਰਤ ਦੇ ਵਿਗਾਸ ਵਿਚ ਆਕੇ ਖਿੜਦਾ ਹੈ ਤੇ ਅੰਦਰ ਚੜ੍ਹਦੀਆਂ ਕਲਾਂ ਦੀ ਨੀਂਹ ਬੱਝਦੀ ਹੈ । ਸਤਿਗੁਰ ਜੀ ਨੇ ਆਪਣੇ ਨਿਰਵਾਨ ਸਾਧੂ ਨੂੰ ਪਰਮੇਸ਼ੁਰ ਦਾ ਭਗਤ ਕਿਹਾ ਹੈ ਤੇ ਉਸ ਵਿਚ ‘ਵਿਗਾਸ’ ਖੇੜੇ ਦਾ ਨਿਵਾਸ ਦੱਸਿਆ ਹੈ: ‘ਨਾਨਕ ਭਗਤਾ ਸਦਾ ਵਿਗਾਸੁ।
‘ਰਚਨਾ ਵਿਚ ਉਮਾਹ’ ਕੁਦਰਤ ਵਿਚ ਚਾਉ’ ਦੀ ਛੁਹ ਲਾਉਣ ਦਾ ਰੰਗ ਗੁਰੂ ਜੀ ਨੇ ਡਿੱਠਾ ਤੇ ਆਪਣੀ ਬਾਣੀ ਵਿਚ ਗਾਵਿਆਂ; ਜਿਸ ਦੇ ਵੰਨਕੀ ਮਾਤ੍ਰ ਥਹੁ ਇਉਂ ਲਗਦੇ ਹਨ :-
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
[ ਮਾਝ ਵਾਰ ਮ:੧ ]
ਪੁਨਾ– ‘ਦਹਦਿਸਿ ਸਾਖ਼ ਹਰੀ ਹਰੀਆਵਲ… ॥’ ✝
[ ਤੁਖਾਰੀ ਛੰਤ ਮ:੧ ]
ਸ਼ਾਮਾਂ ਪਈਆਂ ਤਾਂ ਆਪ ਤਾਰਿਆਂ ਨਾਲ ਭਰਪੂਰ ਗਗਨ ਨੂੰ ਦੇਖਕੇ ਉਸ ਨਜ਼ਾਰੇ ਵਿਚ ਕਰਤਾਰ ਦੀ ਆਰਤੀ ਦਾ ਉਤਸਾਹ ਤੱਕਦੇ ਹਨ ਤੇ ਇਸ ਸੋਹਣੀ ਬੋਲੀ ਵਿਚ ‘ਗਗਨ ਮੈ ਥਾਲੁ’ਦੀ ਆਰਤੀ ਉਚਾਰਦੇ ਹਨ ।
ਬਰਸਾਤ ਲੱਗੀ ਤੱਕਕੇ ਆਪ ਫਰਮਾਉਂਦੇ ਹਨ :-
ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥*
ਬਸੰਤ ਆਈ ਦੇਖਕੇ ਉਚਾਰਦੇ ਹਨ :-
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤ ॥
ਪੁਨਾ – ਰਤਿ ਆਈ ਲੇ ਸਰਸ ਬਸੰਤੁ ਮਾਹਿ ॥
[ ਬਸੰਤ ਮ:੧ ]
ਪੁਨਾ– ਆਪੇ ਭਵਰਾ ਫੂਲ ਬੇਲਿ ॥
ਆਪੇ ਸੰਗਤਿ ਮੀਤ ਮੇਲਿ ॥ ੧ ॥
ਐਸੀ ਭਵਰਾ ਬਾਸੁ ਲੇ ॥
ਤਰਵਰ ਫੂਲੈ ਬਨਹਰੇ ॥
ਇਸੇ ਤਰ੍ਹਾਂ ਕੁਦਰਤੀ ਵਿਗਾਸ ਤੋਂ ਵਿਗਾਸ ਦੀ ਛੁਹ ਲੈਕੇ ਉਮਾਹ ਵਿਚ ਰਹਿਣ ਦੇ ਇਸ਼ਾਰੇ ਜਗਾ ਜਗਾ ਗੁਰਬਾਣੀ ਵਿਚ ਆਏ ਹਨ I
ਪਰੰਤੂ ਇਸ ਦੇ ਨਾਲ ਭੇਤ ਇਹ ਸਿਖਾਇਆ ਹੈ ਕਿ ਕਾਦਰ ਨਾਲ ਅੰਤ੍ਰਾਤਮੇ ਮਿਲੇ ਰਹੋ ਤਾਂ ਬਾਹਰ ਕੁਦਰਤ ਵਿਚ ਬੀ ਉਮਾਹ ਤੇ ਉਮਾਹ ਦਾ ਦਾਤਾ ਪ੍ਰਦੀਪਤਿ ਦਿੱਸੇਗਾ । ਅੰਦਰ ਟਿਕਾਉ ਵਾਲੇ ਨੂੰ ਕੁਦਰਤ ਉਮਾਹ ਦਾ ਮੀਂਹ ਵਰਸਾ ਰਹੀ ਹੈ ।
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥
[ ਤੁਖਾਰੀ ਛੰਤ ਮ:੧ ]