ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ
ਈਰਾਨ ਵਿਚ ਜ਼ੋਰਾਸਟਰ ਚੀਨ ਵਿਚ ਤਾਊ ਤੇ ਕਨਫਯੂਕਸ ਆਦਿ ਬਜ਼ੁਰਗ ਹੋਏ ਹਨ । ਜ਼ੋਰਾਸਟਰ ਬਾਬਤ ਖਿਆਲ ਹੈ ਕਿ ਓਹ ਕਈ ਹੋਏ ਹਨ । ਕਈ ਸਮਝਦੇ ਹਨ ਕਿ ਮੂਸਾ ਦੇ ਵਕਤ✝ ਪਹਿਲਾ ਸ੍ਰੀ ਜ਼ੋਰਾਸਟਰ ਹੋਇਆ ਤੇ ਕਈ ਅੱਜ ਤੋਂ ਤਿੰਨ ਹਜ਼ਾਰ ਬਰਸ ਪਹਿਲੇ ਹੋ ਬੀਤਿਆ ਖਿਆਲ ਕਰਦੇ ਹਨ । ਕਈ ਉਸ ਨੂੰ ਟ੍ਰਾਜਨ ਜੰਗ ਤੋਂ ਪੰਜ ਛੇ ਹਜ਼ਾਰ ਬਰਸ ਪਹਿਲੋਂ ਦਾ ਦੱਸਦੇ ਹਨ, ਹਰ ਹਾਲ ਪਲਾਤੂਸ ਤੇ ਅਰਸੂਤ ਨੇ ਜੋ ਉਸ ਦਾ ਜ਼ਿਕਰ ਕੀਤਾ ਹੈ, ਇਸ ਲਈ ਜ਼ੋਰਾਸਟਰ ਉਨ੍ਹਾਂ ਤੋਂ ਪਹਿਲੋਂ ਦਾ ਤਾਂ ਸਹੀ ਹੋ ਗਿਆ । ਜ਼ੋਰਾਸਟਰ ਜੀ ਨੂੰ ਅੱਜ ਤੱਕ ਪਾਰਸੀ ਲੋਕ ਆਪਣਾ ਆਦਰਸ਼ਕ ਮਹਾਂ ਪੁਰਖ ਮੰਨਦੇ ਹਨ । ਇਨ੍ਹਾਂ ਦੀ ਲਿਖੀ ਯਾ ਸੰਕਲਤ ਕੀਤੀ ਧਰਮ ਪੁਸਤਕ ‘ਜ਼ੈਂਦ ਅਵਸਥਾ’* ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਜ਼ੋਰਾਸਟਰ ਜੀ ਇਕ ਐਸੀ ‘ਤਾਕਤ’ ਨੂੰ ਸਦਾ ਤੋਂ ਕਾਇਮ ਮੰਨਦੇ ਹਨ, ਜਿਸਨੂੰ ਓਹ “ਜਰੂਆਨਾ ਅਕਾਰਨਾ” ਆਖਦੇ ਹਨ I ਇਸ ਦਾ ਅਰਥ ਹੈ ‘ਬੇਹੱਦ ਕਾਲ’ I ਇਸ ‘ਜਰੂਆਨਾ ਅਕਾਰਨਾ’ ਨੇ ਦੋ ਮਹਾਂ ਬਲੀ ਰਚੇ, ਇਕ ਆਹਰਮਜ਼ਦ (ਨੇਕੀ ਦਾ ਪੈਦਾ ਕਰਨ ਵਾਲਾ ਤੇ ਰਖਯਾ ਕਰਨ ਵਾਲਾ) ਚਾਨਣ ਇਸ ਨੇ ਪੈਦਾ ਕੀਤਾ । ਦੂਸਰਾ ‘ਆਹਰਮਨ’ (ਬਦੀ ਦਾ ਪੈਦਾ ਕਰਨ ਵਾਲਾ) ਇਸ ਨੇ ਹਨੇਰਾ ਪੈਦਾ ਕੀਤਾ । ਜ਼ੋਰਾਸਟਰ ਦੇ ਮਤ ਵਿਚ ਅੱਗ ਦੀ ਪੂਜਾ ਸ਼ਾਮਲ ਹੈ, ਸ਼ਾਇਦ ਆਹਰ ਮਜ਼ਦ ਦੇ ਪ੍ਰਕਾਸ਼ ਕਰਤਾ ਹੋਣ ਕਰਕੇ ਇਹ ਪ੍ਰਕਾਸ਼ ਦਾ ਦੇਵਤਾ ਪੂਜਿਆ ਜਾਂਦਾ ਹੈ, ਪਰੰਤੂ ਖੋਜ ਇਹ ਦੱਸਦੀ ਹੈ ਕਿ ਜ਼ੋਰਾਸਟਰ ਦਾ ਅਗਨੀ ਪੂਜਾ ਮਤ ਨਹੀਂ, ਤੂਰਾਨੀਆ ਵਿਚੋਂ ਮਾਗੀ ਦੇ ਜ਼ਰੀਏ ਅਗਨੀ ਪੂਜਾ ਇਨ੍ਹਾਂ ਵਿਚ ਆਈ ਤੇ ਇਨ੍ਹਾਂ ਦੇ ਮਤ ਦਾ ਹਿੱਸਾ ਬਣ ਗਈ।
ਇਹ ਭੀ ਅੱਜ ਕੱਲ ਹਿੰਦ ਵਿਚ ਕਦੇ ਕਦੇ ਕਿਹਾ ਜਾਂਦਾ ਹੈ ਕਿ ਬਿਆਸ ਜੀ ਜੋਰਾਸ਼ਟਰ ਨੂੰ ਮਿਲੇ ਸੇ ਤੇ ਸਮਝਾਇਆ ਸੀ ਕਿ ਆਪ ‘ਜਰੂਆਨਾ ਅਕਾਰਨਾ’ ਦੀ ਉਪਾਸਨਾ ਫੈਲਾਓ ਤੇ ਆਹਰਮਨ ਦਾ ਮਸਲਾ– ਕਿ ਉਹ ਬੀ ਇਕ ਵਜੂਦ ਹੈ–ਨਾਂ ਫੈਲਾਓ, ਪਰ ਓਹਨਾਂ ਨਹੀਂ ਸੀ ਮੰਨਿਆ, ਪਰ ਇਹ ਦਾਅਵਾ ਅਜੇ ਸਬੂਤ ਤਲਬ ਹੈ । ਇਸ ਮਤ ਦਾ ਅਸਲੀ ਫਰਕ ਵਾਲਾ ਖਿਆਲ ਇਹ ‘ਆਹਰਮਨ’ ਦਾ ਖਿਆਲ ਹੈ ਜੋ ਮਗਰੋਂ ਯਹੂਦੀਆਂ ਵਿਚ ਗਿਆ ਤੇ ਓਹਨਾਂ ਤੋਂ ਇਸਾਈਆਂ ਤੇ ਮੁਸਲਮਾਨਾਂ ਨੇ ਲਿਆ, ਜਿਨ੍ਹਾਂ ਨੇ ਆਹਰਮਨ ਦਾ ਨਾਮ ਅਜ਼ਾਜ਼ੀਲ ਤੇ ਸ਼ੈਤਾਨ ਭੀ ਧਰਿਆ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਦੀ ਇਕ ਪ੍ਰੇਰਕ, ਲਭਾਉਣ ਵਾਲੀ ਅਜ਼ਮਾਇਸ ਤਾਂ ਮੰਨੀ ਹੈ, ਪਰ ਖ਼ੁਦਾ ਦਾ ਸ਼ਰੀਕ ਸ਼ੈਤਾਨ ਬਦੀ ਦਾ ਮਾਲਕ ਨਹੀਂ ਮੰਨਿਆ, ਅਰ ਆਪਣੇ ਨਫਸ ਨੂੰ ਯਾ ਆਪਣੀ ਭੁੱਲ ਨੂੰ ਬਦੀ ਦਾ ਕਾਰਨ ਦੱਸਿਆ ਹੈ । ਸ਼ੈਤਾਨ ਦੇ ਖਿਆਲ ਵਾਂਗੂ ਹਿੰਦੀਆਂ ਨੇ ਕਲਜੁਗ ਨੂੰ ਵਜੂਦ ਵਾਲਾ ਮੰਨਿਆ ਹੈ । ਇਸ ਬਦੀ ਦੇ ਵਜੂਦ ਨੂੰ ਗੁਰੂ ਜੀ ਵਜੂਦ ਵਾਲਾ ਨਹੀਂ ਮੰਨਦੇ ਤੇ ਕਹਿਂਦੇ ਹਨ ਕਿ ਓਹੋ ਧਰਤੀ ਹੈ, ਉਹੋ ਚੰਦ ਤੇ ਤਾਰੇ ਹਨ; ਕਲਜੁਗ ਕਿਸੇ ਦੇਸ, ਤੀਰਥ ਟਿਕਾਣੇ ਆਇਆ ਨਹੀਂ ਡਿੱਠਾ ਗਿਆ, ਕਿਤੇ ਕੋਠਾ ਪਾ ਕੇ ਨਹੀਂ ਬੈਠਾ ਹੋਇਆ I ਫਿਰ ਕਹਿਂਦੇ ਹਨ: ‘ਆਖ ਗੁਣਾਂ ਕਲਿ ਆਈਐ’ ਮਨੁੱਖਾਂ ਦੇ ਗੁਣਾਂ ਰੂਪੀ ਕਲਿਜੁਗ ਆਇਆ ਹੈ। ਲੋਕਾਂ ਦੇ ਅਚਾਰਨ ਬੁਰੇ ਹੋ ਗਏ ਹਨ, ਇਹ ਅਵਗੁਣ ਰੂਪ ਕਲਜੁਗ ਹੈ*, ਇਹ ਸ਼ੈਤਾਨ ਹੈ । ਐਸਾ ਕਰਨ ਵਿਚ ਓਹਨਾਂ ਨੇ ਫਿਲਾਸਫੀ ਦੇ ਉੱਚੇ ਤੋਂ ਉੱਚੇ ਆਦਰਸ਼ ਨੂੰ ਦਿਖਾਇਆ ਹੈ ਅਰ ਰੂਹਾਨੀ ਸਚਾਈ ਪ੍ਰਗਟਾਂਈ ਹੈ । ਇਕ ਫਰਜ਼ੀ ਸ਼ੈਤਾਨ ਭੈ ਤੇ ਖ਼ੁਦਾ ਦਾ ਸ਼ਰੀਕ ਅਰ ਸਾਡੇ ਲਈ ਉਜ਼ਰ ਦਾ ਟਿਕਾਣਾ ਕਿ ਪਾਪ ਆਪ ਕਰੀਏ ਤੇ ਜ਼ਿੰਮੇ ਉਸਦੇ ਮੜ੍ਹੀਏ, ਇਸ ਭੁੱਲ ਤੋਂ ਬਚਾਇਆ ਹੈ । ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਹੈ ਕਿ ਆਪਣੀ ਅੰਦਰਲੀ ਜਿੰਦ-ਕਣੀ ਇਕ ਰਸ ਬੇਅੰਤ ਵਾਹਿਗੁਰੂ ਨਾਲ ਲਗਾਉ ਵਿਚ ਰਹੇ, ਉਸ ਤੋਂ ਸਾਕਤ✝ ਕਦੀ ਨਾ ਹੋਵੇ, ਇਉਂ ਇਸ ਵਿਚ ਬਲ, ਪ੍ਰਾਕ੍ਰਮ ਅਨੰਦ ਰਸ, ਸੁਖ ਵਧਦੇ ਹਨ ਤੇ ਇਸ ਆਪਣੀ ਕਣੀ ਨੂੰ ਬਲਵਾਨ ਕਰਨ ਲਈ ਓਹਨਾਂ ਸਮਾਨਾਂ ਦੀ ਲੋੜ ਨਹੀਂ ਕਿ ਜੋ ਭੈ ਅਰ ਭਰਮ ਪੈਦਾ ਕਰਨ ਸਗੋਂ ਇਸ ਸੁਤੰਤ੍ਰਤਾ, ਸਫਲਤਾ ਤੇ ਤ੍ਰੱਕੀ ਕਰਨ, ਵਿਚ ਹਾਰਿਜ ਹੋਣ ।
ਇਸ ਖਿਆਲ ਵਿਚ ਤਾਂ ਜ਼ੋਰਾਸਟਰ ਮੁਸਲਮਾਨ ਇਸਾਈਆਂ ਨਾਲ ਮਿਲਦਾ ਹੈ, ਸਗੋ ਇਹ ਖਿਆਲ ਲਿਆ ਹੀ ਸਭ ਨੇ ਜ਼ੋਰਾਸਟਰ ਜੀ ਦੇ ਮਤ ਤੋਂ ਹੈ, ਪਰ ਅਗਨੀ ਪੂਜਾ ਵਿਚ ਇਹ ਮਤ ਵੇਦਕ ਮਤ ਦੇ ਅਗਨਿ ਹੋਤ੍ਰ ਨਾਲ ਮਿਲਦਾ ਹੈ । ਗੁਰ ਨਾਨਕ ਜੀ ਨੇ ਅੱਗ ਦੀ ਥਾਂ ਅੱਗ ਦੇ ਕਰਤਾ ਦੀ ਪੂਜਾ ਤੇ ਸ਼ੈਤਾਨ ਦੀ ਥਾਂ ਨਫਸ ਨੂੰ ਮਾਰਨ ਦੀ ਮੱਤ ਦਿੱਤੀ ਹੈ । ਬਾਕੀ ਇਖ਼ਲਾਕ ਤੇ ਪਰਮੇਸ਼ੁਰ ਆਰਾਧਨਾ ਵਿਚ ਗੁਰ ਨਾਨਕ ਜੀ ਦਾ ਕਮਾਲ ਦਰਸਾ ਹੀ ਆਏ ਹਾਂ ।