ਗਰਬ ਗੰਜਨੀ

ਗੁਰੂ ਨਾਨਕ ਦੇਵ ਜੀ,  ਗੌਰੰਗ ਰਾਮਾਨੁਜ ਵੱਲਭ ਆਦਿ 

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

੧. ਗੁਰ ਨਾਨਕ ਦੇਵ ਜੀ ਦਾ ਤੇ ਇਨ੍ਹਾਂ ਮਹਾਂ ਪੁਰਖਾਂ ਦਾ ਕੱਠਾ ਵੀਚਾਰ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਸੱਜਣ ਆਪ ਨੇ ਇਨ੍ਹਾਂ ਦੇ ਉਪਾਸਕ ਇਨ੍ਹਾਂ ਨੂੰ ਸ੍ਰੀ ਰਾਮ ਕ੍ਰਿਸ਼ਨ ਜੀ ਦੇ ਭਗਤ ਮੰਨਦੇ ਹਨ, ਪਰ ਅਵਤਾਰ ਨਹੀਂ ਮੰਨਦੇ l ਅਸੀਂ ਇਨ੍ਹਾਂ ਦਾ ਜ਼ਿਕਰ ਇਥੇ ਇਸ ਵਾਸਤੇ ਕਰਦੇ ਹਾਂ ਕਿ ਉਪਨਿਸ਼ਦਾ ਦੇ ਸਮੇਂ ਤੋਂ ਬਾਦ ਤੇ ਬੁਧ ਧਰਮ ਦੇ ਗਿਰਾਉ ਤੱਕ ਹਿੰਦ ਦਾ ਧਰਮ ਸੱਚ ਪੁੱਛੋ ਤਾਂ ਇਕ ਨਿਰਾ ਸਦਾਚਾਰੀ ਧਰਮ ਸੀ ਤੇ ਜਿਸ ਦਾ ਕਮਾਲ ਬੁਧ ਜੀ ਕਰ ਚੁਕੇ ਸੇ । ਮਗਰੋਂ ਹਿੰਦੂ ਧਰਮ ਵਿਸ਼ੇਸ਼ ਕਰਕੇ ਤਾਂਤ੍ਰਿਕ ਰੰਗਾਂ ਵਿਚ ਖੇਲਦਾ ਰਿਹਾ :- ਕਿਤੇ ਸ਼ਾਕਤਕ ਤੇ ਕਿਤੇ ਸ਼ੈਵੀ ਮਤ ਦੇ ਨਾਮ ਹੇਠ, ਕਿਤੇ  ਜੋਗੀਆਂ ਦੇ ਪ੍ਰਚਾਰ ਵਿਚ ਤੇ ਕਿਤੇ ਹੋਰਵੇਂ । ਮਗਰਾਂ ਫੇਰ ਭਗਤ ਆਏ । ਇਨ੍ਹਾਂ ਭਗਤ ਮਹਾਂ ਪੁਰਖਾਂ ਨੇ ਭਗਤੀ ਦੀ ਰੰਗਣ ਦੇਕੇ ਮੌਜੂਦਾ ਹਿੰਦੂ ਧਰਮ ਬਣਾਇਆ ਹੈ । ਇਨ੍ਹਾਂ ਭਗਤਾਂ ਨੇ  ਤਾਂਤ੍ਰਿਕ ਪਾਸਿਓਂ ਹੋੜਿਆ, ਹਠ ਜੋਗ ਵਲੋਂ ਬੀ ਰੁਖ਼ ਪਲਟਾਇਆ; ਨਿਰੀ ਬੁੱਧੀ ਦੇ ਆਧਾਰ ਤੇ ਟੁਰਨ ਵਾਲੇ ਇਕ ਪੱਖੀ ਫਿਲਸਫੇ ਦੇ ਰੁਖ਼ ਨੂੰ ਵਲਵਲੇ ਦੇ ਦੇਸ਼ ਵਲ ਝੁਕਾਇਆ, ਪ੍ਰੇਮ ਨੂੰ ਮੈਦਾਨ ਵਿਚ ਆਂਦਾ । ਪਰੰਤੂ ਇਨ੍ਹਾਂ ਦਾ (ਅਤੇ ਇਨ੍ਹਾਂ ਦੇ ਵਧੀਕ ਸੁਤੰਤ੍ਰਤਾ ਵਲ ਗਏ ਮਗਰੋਂ ਆਏ, ਕਬੀਰ, ਨਾਮਦੇਵ, ਰਵਿਦਾਸ, ਪੀਪਾ, ਸੈਣ ਸਧਨਾ, ਬੇਣੀ* ਆਦਿ ਭਗਤਾਂ ਦਾ ) ਕੰਮ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਗੁਰੂ ਨਾਨਕ ਆਗਮ ਲਈ ਰਸਤਾਂ ਤਿਆਰ ਕੀਤਾ ਹੈ✝ । ਊਚ ਨੀਚਤਾ ਦਾ ਖਿਆਲ ਇਨ੍ਹਾਂ ਭਗਤਾਂ ਨੇ ਘਟਾਇਆ, ਜੋ ਵਰਣਾਸ਼੍ਰਮ ਕਿ ਹਿੰਦੂ ਮਤ ਦੀ ਰੀੜ੍ਹ ਦੀ ਹੱਡੀ ਹੈ ਇਨ੍ਹਾਂ  ਨੇ ਕਮਜ਼ੋਰ ਕੀਤਾ, ਪਿਆਰ ਫੈਲਾਇਆ, ਭਗਤਾਂ ਨੇ ਹੀ ਦ੍ਵੈਤ ਅਤੇ ਫੇਰ ਦ੍ਵੈਤ ਅਦ੍ਵੈਤ ਦੀ ਫਿਲਾਸਫੀ ਟੋਰੀ l ਸੰਖੇਪ ਮਾਤ੍ਰ ਇਹ ਕਹਿ ਦੇਣਾ ਕਾਫੀ ਹੈ ਕਿ ਇਹਨਾਂ ਸਜਣਾਂ ਨੇ ਇਖ਼ਲਾਕੀ ਦੁਨੀਆਂ ਵਿਚ ਰੂਹਾਨੀਅਤ ਦਾ ਬੀਜ ਪਾਇਆ, ਅਰ ਬੁੱਧੀ ਨਾਲ ਵਲਵਲੇ ਨੂੰ ਰਲਾਕੇ ਉਚੇਰਾ ਰਾਹ ਖੋਹਲਿਆ ਪਰ ਕਮਾਲ ਆਕੇ ਗੁਰ ਜਯੋਤੀ ਨੇ ਗੁਰ ਨਾਨਕ ਰੂਪ ਵਿਚ ਕੀਤਾ, ਇਸ ਪਹਿਲੂ ਵਿਚ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਅਤ ਦਾ ਕਮਾਲ ਅਸੀਂ ਕੁਛ ਦੱਸ ਆਏ ਹਾਂ  ਅਰ ਕੁਛ ‘ਮੁਹੰਮਦ ਜੀ’ ਵਿਚ ਦਰਸਾਵਾਂਗੇ ।

੨. ਭਗਤਾਂ ਦੀ ਭਗਤੀ ਦੇ ਵਿਚ ਆਦਰਸ਼ ਸ੍ਰੀ ਕ੍ਰਿਸ਼ਨ ਜੀ, ਸ੍ਰੀ ਰਾਮ ਜੀ ਦੀ ਸਗੁਣ ਮੂਰਤੀ ਸੀ ਅਰ ਉਪਾਸਨਾ ਬੁਤਪ੍ਰਸਤੀ ਤੋਂ ਸ਼ੁਰੂ ਹੁੰਦੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁੱਢ ਤੋਂ ਹੀ ਇਕ ਅਕਾਲ ਪੁਰਖ ਦੀ ਉਪਾਸਨਾਂ ਦ੍ਰਿੜਾਈ ਅਰ ਮਹਾਂ ਪੁਰਖਾਂ ਦਾ ਦਰਜਾ ਵੱਖਰਾ ਦੱਸਿਆ ਜੋ ਵਾਹਿਗੁਰੂ ਨਾਲ ਰੌਲਾ ਪਾਉਣ ਵਾਲਾ ਨਾ ਹੋਵੇ । ਹਾਂ ਜੀ, ਗੁਰ ਨਾਨਕ ਨੇ ਸੁੱਚੀ ਤੇ ਉੱਚੀ ਵਾਹਦਾਨੀਅਤ ਦਾ ਝੰਡਾ ਖੜਾ ਕੀਤਾ । ਬੁਤਪ੍ਰਸਤੀ ਨੂੰ ਗਿਰਾਉਣ ਵਾਲੀ ਤੇ ਆਮ ਵਰਤੋਂ ਵਿਚ ਨੀਵਾਂ ਅਸਰ ਪੈਦਾ ਕਰਨਹਾਰੀ ਦੇਖਕੇ ਉਸ ਤੋਂ ਹੋੜ ਦਿੱਤਾ, ਉਸਦੀ ਜਗ੍ਹਾ ਸਤਿਸੰਗ ਜੀਉਂਦਾ ਜਾਗ਼ਦਾ, ਰੱਬੀ ਲਗਨ ਵਾਲਾ, ਕੀਰਤਨ ਦੇ ਹੁਲਾਰੇ ਵਾਲਾ, ਪ੍ਰੇਮ ਦੇ ਜੋਬਨਾਂ ਵਾਲਾ ਸਤਿਸੰਗ ਪੈਦਾ ਕਰ ਦਿੱਤਾ । ਕਰੜੇ ਤਪਾਂ ਤੇ ਤਮੋਗੁਣੀ ਹਠਾਂ ਦੀ ਥਾਂ ਵਾਹਿਗੁਰੂ ਦਾ ਕੀਰਤਨ ਬਖਸ਼ਿਆ । ਵਾਹਿਗੁਰੂ ਨਾਮ ਦੀ ਸਾਧਨਾ ਨਾਲ ਸਹਿਜ ਸਮਾਧਿ ਤੇ ਲਿਵ ਦਾ ਆਦਰਸ਼ ਕਾਇਮ ਕੀਤਾ ।

੩. ਭਗਤ ਕੀਰਤਨ ਕਰਦੇ ਸਨ, ਪਰ ਉਹਨਾਂ ਦਾ ਕੀਰਤਨ ਸਾਈਂ, ਅੱਗੇ ਨਾਚਾਂ ਸੰਯੁਕਤ ਸੀ, ਪਰ ਇਹ ‘ਨਾਚੇ ਸੰਕੀਰਤਨ’ ਲੋਕਾਂ ਨੂੰ ਸੰਸਾਰੀ ਨਾਚਾਂ ਵਿਚ ਲੈ ਗਿਆ । ਗੁਰ ਨਾਨਕ ਦੇਵ ਜੀ ਨੇ ਉਂਗਲ ਖੜੀ ਕਰਕੇ ਮਨੇ ਕਰ ਦਿੱਤਾ* I  ਉਹਨਾਂ ਨੇ ਸਰੀਰ ਦਾ ਨਾਚ ‘ਨਚਣੁ ਕੁਦਣੁ ਮਨ ਕਾ ਚਾਉ’ ਦੱਸ ਕੇ ਮਨ੍ਹੇ ਕੀਤਾ “ਵੇਖੈ ਲੋਕੁ ਹਸੈ ਘਰਿ ਜਾਏ ॥ ਰੋਟੀਆ ਕਾਰਣਿ ਪੂਰਹਿ ਤਾਲਿ ॥   ਆਪੁ ਪਛਾੜਹਿ ਧਰਤੀ ਨਾਲਿ ॥  ਗਾਵਨਿ ਗੋਪੀਆ ਗਾਵਨਿ ਕਾਨ ॥ ਗਾਵਨਿ ਸੀਤਾ ਰਾਜੇ ਰਾਮ ॥” ਵਾਲੇ  ਗਿਰਾਉ ਵਲ ਲੈ ਗਏ ਕੀਰਤਨ ਨੂੰ “ਉਡਿ ਉਡਿ ਰਾਵਾ ਝਾਟੈ ਪਾਇ” ਕਹਿਕੇ ਮਨ੍ਹੇ ਕਰਕੇ ਫਰਮਾਇਆ :-

“ਨਾਨਕ ਜਿਨ ਮਨ ਭਉ ਤਿਨ੍ਹਾ ਮਨਿ ਭਾਉ✝ ॥ 

[ ਆਸਾ ਦੀ ਵਾਰ ਮ: ੧ ]

੪. ਇਸੀ ਤਰ੍ਹਾਂ ਸਭ ਤੋਂ ਵੱਡੀ ਗੱਲ ਜੋ ਸ੍ਰੀ ਗੌਰੰਗ, ਵੱਲਭ, ਰਾਮਾਨੁਜ ਰਾਮਾਨੰਦ ਤੇ ਹੋਰ ਭਗਤਾਂ ਦੀ ਦੂਰ ਕੀਤੀ, ਸਰੀਰਕ ਸੰਨਯਾਸ ਦੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਿਹਸਤੀ ਰਹਿਣਾ, ਗ੍ਰਿਹਸਤ ਵਿਚ ਫਰਜ਼ ਅਦਾ ਕਰਨੇ, ਖੱਟਣਾ, ਘਾਲਣਾ, ਫੇਰ ਦੇਣਾ, ਦੇਕੇ ਭਲਾ ਮਨਾਉਣਾ  ਗ੍ਰਿਹਸਤ ਵਿਚ ਰਹਿਣਾ ਪਰ ਲੰਪਟ ਨਾ ਹੋਣਾ, ਮਨ ਦੀ ਲਗਨ ਹਰ ਘੜੀ ‘ਬੇਅੰਤ’ ਵਲ ਰੱਖਣੀ; ਇਹ ਮੱਤ ਦਿੱਤੀ । ਇਸੇ ਕਰਕੇ ਗੁਰ ਨਾਨਕ ਦੇਵ ਜੀ ਦੇ ਪੈਦਾ ਕੀਤੇ ਰੱਬੀ ਬੰਦਿਆਂ ਦੀ ਇਕ ਜੀਉਂਦੀ ਕੌਮ ਬਣ ਗਈ, ਜਿਨ੍ਹਾਂ ਦੇ ਗ੍ਰਿਹਸਤ ਇਖ਼ਲਾਕ, ਰੂਹਾਨੀਅਤ ਬੀਰਤਾ ਤੇ ਸਾਰੇ ਫਰਜ਼ਾਂ ਦੀ ਕੀਰਤੀ ਜਗਤ ਵਿਚ ਫੈਲ ਗਈ । ਗੁਰੂ ਨਾਨਕ ਨੇ ‘ਗ੍ਰਿਹਸਤ ਸੰਨਿਆਸ’ ਦਾ ਅਮਲੀ ਤ੍ਰੀਕਾ ਇਹ ਦੱਸਿਆ ਕਿ ਪਦਾਰਥ ਛੱਡਕੇ ਜੰਗਲ ਨਾ ਜਾਓ, ਵਿੱਚੇ ਰਹੋ, ਪਦਾਰਥਾਂ ਦੇ ਦਾਤੇ ਨਾਲ ਜੁੜੇ ਰਹੋ, ਤੇ ਉਸਦਾ ਸਦਾ ਸ਼ੁਕਰ ਕਰੋ । ਇਸ ਸ਼ੁਕਰ ਦੀ ਬਿਰਤੀ ਵਿਚ ਅਮਲੀ ਸੰਨਿਆਸ ਹੈ I ਤਯਾਗ ਸੁਰਤ ਦਾ ਹੋਵੇ., ਸੁਰਤ ਦੀਆਂ ਪਕੜਾਂ ਛੁਟ ਜਾਣ ਤਾਂ ਸੰਨਯਾਸ ਅੰਦਰ ਆ ਵਸਿਆ I ਜੇ ਸਰੀਰਕ ਤਯਾਗ ਕਰਨਾ ਚਾਹੋ ਤਾਂ ਸ਼ਰੀਰ ਦਾ ਤਯਾਗ ਦਾਨ ਵਿਚ ਸਮਝੋ I ਅਰਥਾਤ ਜੋ ਕੁਛ ਤੁਸੀਂ ਕਿਰਤ ਨਾਲ ਕਮਾਉਂਦੇ ਹੋ ਵੰਡ ਛਕੋ । ਧਨ ਛੱਡਣਾਂ ਚਾਹੋ ਤਾਂ ਛੱਡੋ, ਪਰ ਜਗਤ ਪੀੜਾ ਹਰਨ ਵਿਚ ਉਸ ਨੂੰ ਸਫਲਾ ਕਰੋ ।

 ਏਥੇ ਥੀ ਕਮਾਲ ਹੈ ਦਾਤਾ ਜੀ ਦਾ ! ਦਾਨ ਦੇਣਾ ਤਾਂ ਸਭ ਦੇ ‘ਸ਼ੁਭ ਕਰਮ’ ਦੱਸਿਆ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਕੇ ਕਮਾਉਣਾ ਤੇ ਫੇਰ ਦੇਣਾ ਇਸਨੂੰ ਸਾਈਂ ਪਛਾਣਨ ਦੇ ਸਾਧਨਾਂ ਵਿਚੋਂ ਇਕ ਸਾਧਨ ਦੱਸਿਆ ਹੈ:-

ਘਾਲਿ ਖਾਇ ਕਿਛੁ ਹਥਹੁ ਦੇਇ ॥

ਨਾਨਕ ਰਾਹੁ ਪਛਾਣਹਿ ਸੇਇ ॥

[ ਸਾਰ: ਵਾ:ਮ:੧ ]

ਗੁਰੂ ਨਾਨਕ ਨੇ ਗ੍ਰਿਹਸਤ ਵਿਚ ਰੂਹਾਨੀ ਕਮਾਲ ‘ਅੰਨਤ ਵਿਚ ਲਗਾਤਾਰ ਮਨ ਦੇ ਲਗਾਉ’ ਨੂੰ ਆਪ ਕਰਕੇ ਦਿਖਾਇਆ, ਸ੍ਰੀ ਪਾਵਨ ਲਹਿਣਾ ਜੀ ਵਿਚ ਪਾਕੇ ਉਹਨਾਂ ਵਿਚ ਕਮਾਲ ਕਰਕੇ ਦਿਖ਼ਾਇਆ, ਪਿਛੇ ਰਹੇ ਭਾਈ ਬੁੱਢਾ ਜੀ, ਭਾਈ ਲਾਲੋ ਜੀ ਆਦਿ ਸਿਖਾਂ ਵਿਚ  ਰੌ ਜਾਰੀ ਕਰਕੇ ਤੇ ਸਦੀਵੀ ਰੌ ਜਾਰੀ ਕਰਕੇ ਦਿਖਾ ਦਿੱਤੀ।

ਇਧਰ ਇਹ ਕਲਯਾਨ ਮਾਰਗ ਟੁਰਿਆ, ਉਧਰ ਇਨ੍ਹਾਂ ਹੀ ਬੰਦਿਆਂ ਦੀ ਇਕ ਜੀਉਂਦੀ ਜਾਗਦੀ ਸਬਲ ਕੌਮ ਬਣ ਗਈ । ਭਗਤਾਂ ਦੇ ਨਾਮ ਲੇਵਾ ਤੇ ਸੰਪਰਦਾਵਾਂ ਤਾਂ ਹਨ, ਪਰ ਉਹ ਕੌਮਾਂ ਨਹੀਂ ਬਣੀਆਂ, ਪਰ ਗੁਰੂ ਸਾਹਿਬ ਦੇ ਮੁਕੰਮਲ ਪ੍ਰਚਾਰ ਦਾ ਫਲ ਇਕ ਨਿਹਾਇਤ ਬਜ਼ੁਰਗ ਕੌਮ ਨੂੰ ਬਣਾ ਦੇਣ ਵਿਚ ਸਫਲ ਹੋਇਆ l ਇਹ ਗੱਲ ਪੱਛਮੀ ਲੇਖਕਾਂ ਬੀ ਮੰਨੀ ਹੈ ਤੇ ਦਰਸਾਈ ਹੈ । 

ਯਥਾ ਕਨਿੰਘਮ ਲਿਖਦਾ ਹੈ:-

“ਰਾਮਾਨੰਦ ਤੇ ਗੋਰਖ ਨੇ ਮਜ਼ਹਬਾਂ ਦੀ ਸਮਾਨਤਾ ਦਾ ਪ੍ਰਚਾਰ ਕੀਤਾ । ਚੈਤਨਯ ਨੇ ਇਹੋ ਜ਼ਾਤ ਪਾਤ ਦੇ ਮਿਟਾਉਣ ਵਾਲਾ ਨਿਸਚਾ ਦੁਹਰਾਇਆ I ਕਬੀਰ ਨੇ ਆਮ ਜਨਤਾ ਨੂੰ ਉਸ ਦੀ ਆਪਣੀ ਬੋਲੀ ਵਿਚ ਸਬੂਤ ਦੇ ਦੇਕੇ ਮੂਰਤੀ ਪੂਜਾ ਹਟਾਈ, ਵੱਲਭ ਜੀ ਨੇ ਸਿਖਾਯਾ ਕਿ ਸਾਧਾਰਣ ਸੰਸਾਰਕ ਡਿਊਟੀਆਂ ਦੇ ਨਾਲ ਹੀ ਸੰਪੂਰਣ ਭਗਤੀ ਪ੍ਰਾਪਤ ਹੋ ਸਕਦੀ ਹੈ । ਪਰ ਇਹ ਭਲੇ ਤੇ ਦਾਨੇ ਪੁਰਖ, ਪ੍ਰਤੀਤ ਦਿੰਦਾ ਹੈ ਕਿ ਜ਼ਿੰਦਗੀ ਦੀ ਅਸਾਰਤਾ ਤੇ ਇੰਨੇ ਮੁਤਾਸਰ ਹੋਏ ਹੋਏ ਸਨ ਕਿ  ਉਹਨਾਂ ਨੇ ਇਹ ਨਿਸ਼ਚੇ ਕਰ ਲਿਆ ਸੀ ਕਿ ਮਨੁੱਖ ਦੀ ਭਾਈਚਾਰਕ ਹਾਲਤ ਦਾ ਸੁਧਾਰ ਇਕ ਨੀਵਾਂ ਖਿਆਲ ਹੈ । ਇਨ੍ਹਾਂ ਦੀ ਵੱਡੀ ਸੇਧ ਪੁਜਾਰੀਆਂ ਤੋਂ ਯਾ ਬੁਤਪ੍ਰਸਤੀ ਦੀ ਸਥੂਲਤਾ ਤੇ ਸ਼ਿਰਕ ਕੋਲੋਂ ਛੁਟਕਾਰਾ ਦਿਵਾਉਣਾ ਸੀ । ਇਨ੍ਹਾਂ ਨੇ ਸੰਤੋਖੀ ਤੇ ਤਯਾਗੀਆਂ ਦੀਆਂ ਨੇਕ ਮੰਡਲੀਆਂ ਬਣਾਈਆਂ ਅਤੇ ਪ੍ਰਲੋਕ ਦੇ ਸੁਖਾਂ ਦੋ ਖਿਆਲਾਂ ਵਿਚ ਆਪਣਾ ਆਪ ਸਾਰਾ ਲਗਾ ਦਿੱਤਾ l ਪਰ ਏਹ ਐਉਂ ਨਹੀਂ ਕਰ ਸਕੇ ਕਿ ਆਪਣੇ ਮਗਰ ਲਗਣ ਵਾਲਿਆਂ ਨੂੰ ਭਾਈਚਾਰਕ ਤੇ ਮਜ਼ਹਬੀ ਗੱਲਾਂ ਤੋਂ, ਜੋ  ਗਿਰਾਵਟ ਵਾਲੀਆਂ ਸਨ, ਛੁਟਕਾਰਾ  ਦਿਵਾ ਦੇਣ, ਤਾਕਿ ਸਦੀਆਂ ਦੀ ਸੜਾਂਦ ਤੋਂ ਛੁਟਕਾਰਾ ਪਾਕੇ ਇਕ ਨਵੀਂ ਕੌਮ ਉਠ ਖੜੀ ਹੋਵੇ । ਸਗੋਂ ਉਨ੍ਹਾਂ ਨੇ ਫਿਰਕੇ-ਬੰਦਿਆਂ ਮੁਕੰਮਲ ਕੀਤੀਆਂ, ਬਜਾਏ ਇਸਦੇ ਕਿ ਕੌਮੀਅਤ ਦੇ ਉਹ ਬੀਜ ਬੀਜਦੇ, ਉਹਨਾਂ ਦੇ ਫਿਰਕੇ ਹੁਣ ਤਕ ਉਸੇ ਹਾਲਾਤ ਵਿਚ ਹਨ, ਜਿਵੇਂ ਕਿ ਉਹ ਛੋਡ ਗਏ ਸਨ, ਪਰ ਇਹ ਗਲ ਗੁਰੂ ਨਾਨਕ ਲਈ ਹੀ ਮਖਸੂਸ ਰੱਖੀ ਰਹੀ ਕਿ ਸੁਧਾਰ ਦੇ ਸੱਚੇ ਅਸੂਲਾਂ ਨੂੰ ਠੀਕ ਤਰ੍ਹਾਂ ਪਛਾਣਨ ਤੇ ਆਪ ਨੇ ਉਹ ਵਿਸ਼ਾਲ ਨੀਹਾਂ ਰੱਖੀਆਂ ਜਿਨ੍ਹਾਂ ਕਰਕੇ ਉਨ੍ਹਾਂ ਦੇ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਵਾਸੀਆਂ ਦੇ ਮਨ ਇਕ ‘ਨਵੀਨ ਕੌਮੀਅਤ’ ਨਾਲ ਪ੍ਰਜ੍ਵਲਤ ਕਰ ਦਿੱਤੇ ਅਤੇ ਇਸ ਮਸਲੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਕਿ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਦੇ ਬਰਾਬਰ ਹੈ, ਅਤੇ ਇਹ ਬਰੱਬਰੀ ਜਿਵੇਂ ਨਸਲ ਵਿਚ ਤਿਵੇਂ ਈਮਾਨ ਵਿਚ ਹੈ, ਜਿਵੇਂ ਮਜ਼ਹਬੀ ਉਮੈਦਾਂ ਵਿਚ ਤਿਵੇਂ ਰਾਜਨੈਤਕ ਹੱਕਾਂ ਵਿਚ ਇਕੋ ਜੇਹੀ ਹੈ” I ਭਾਵੇਹ ਕਿ ਇਕ ਜੀਉਂਦੀ ਜਾਗਦੀ ਸਬਲ ਕੌਮ ਬਣਾ ਦਿੱਤੀ I         [ ਪੰਨਾ ੪੦ ]