ਗਰਬ ਗੰਜਨੀ

ਗੀਤ

ਲੇਖਕ: ਭਾਈ ਸਾਹਿਬ ਭਾਈ ਵੀਰ ਸਿੰਘ ਜੀ

ਜਯ ਗੁਰ ਨਾਨਕ, ਜਯ ਗੁਰ ਨਾਨਕ ਜਯ

ਜਯ ਦੁਖ ਹਰਨੈਂ, ਜਯ ਸੁਖ ਕਰਨੈਂ 

ਬੰਧਨ ਹਰਨੈਂ, ਜਯ ਤੈਨੂੰ  ! 

ਹਰੇ   ਕਰੇਨੈਂ,   ਸੁੱਕੇ   ਕਾਠਾਂ,

 ਸਖਣੇ ਭਰਨੈਂ, ਜਯ ਤੈਨੂੰ  ! ਜਯ ਗੁਰ…. l

 ਜਗਤ ਜਲੰਦੇ ਨੂੰ ਤੂੰ ਰਖਿਆ,

 ਰੱਖੀ ਰੁੜਦੀ ਜਾਂਦੀ ਤੂੰ,

 ਘਰ ਘਰ ਦਰ ਦਰ ਫਿਰ ਫਿਰ ਰਖਿਆ,

 ਅਪਣੇ ਕੀਤੇ ਪਾਂਦੀ ਨੂੰ  । ਜਯ ਗੁਰ…. I

 ਦੁਸ਼ਟ ਉਬਾਰੇ, ਕੁਸ਼ਟੀ ਤਾਰੇ,

 ਰਾਖਸ਼ ਬੀ ਨਿਸਤਾਰੇ ਤੂੰ,

 ਗਰਤ ਘੋਰ ਅੰਧ ਤੋਂ ਕੱਢੇ

 ਪਾਪੀ ਭਾਰੇ ਭਾਰੇ ਤੂੰ ! ਜਯ ਗੁਰ…. I

 ਜਯਤਿ ਜਯਤਿ ਗੁਰ ਨਾਨਕ ਤੈਨੂੰ,

 ਸਤ ਫਕੀਰ ਉਧਾਰੇ ਤੂੰ,

ਤੈਨੂੰ  ! ਜਯ ਹੋ ਜਯ ਹੋ ਜਯ ਤੈਨੂੰ ! ਟੇਕ  I

ਅਟਕੇ ਖਲੇ ਰਸਤਿਆਂ ਉੱਤੇ,

 ਮਜ਼ਲ ਪੁਚਾਏ ਸਾਰੇ ਤੂੰ ! ਜਯ ਗੁਰ….. I

 ਨਦੀ ਚੜ੍ਹੀ ਚੜ੍ਹ ਤਾਰੂ ਹੋਈ,

 ਤੱਕਾਂ, ਕੂਕ ਪੁਕਾਰਾਂ – ‘ਤੂੰ’

 ਸ਼ੂਕੇ ਨਦੀ, ਕੂਕ ਨੂੰ ਡੋਬੇ,

 ਤਾਂ ਬੀ ਵਾਜਾਂ ਮਾਰਾਂ–‘ਤੂੰ’ ਜਯ ਗੁਰ…. I

 ਮੇਰੀ ਕੂਕ ਸੁਣੀਂ ਗੁਰ ਨਾਨਕ  !

ਸਹਸ ਸ਼੍ਰਵਣ ਦਾ ਧਾਰੀ ਤੂੰ,

 ‘ਨਾਥ ਅਨਾਥਾਂ ਬਾਣ ਧੁਰਾਂ ਦੀ’,

 ਇਹ ਅਨਾਥ ਬੀ ਤਾਰੀ ਤੂੰ ! ਜਯ ਗੁਰ….. I

 ਆਪੇ ਤ੍ਰਠਣ  ਵਾਲਿਆ ਸਾਂਈਆਂ ! 

ਆਕੇ    ਅੱਜ    ਅਚਾਨਕ    ਤੂੰ,

 ਚਰਨ   ਸ਼ਰਨ   ਵਿਚ   ਲੈ   ਲੈ   ਮੈਨੂੰ   

ਸ਼ਰਨ ਪਾਲ ਗੁਰ ਨਾਨਕ ਤੂੰ  !  ਜਯ ਗੁਰ…. I